ਪੰਜਾਬ ਦੀਆਂ 5 ਸੀਟਾਂ 'ਤੇ ਹੋਈ ਕਾਂਗਰਸ ਦੀ ਹਾਰ, ਮੰਤਰੀਆਂ ਦੀ ਕੁਰਸੀ 'ਤੇ ਲਟਕੀ ਤਲਵਾਰ

05/24/2019 1:47:49 AM

ਲੁਧਿਆਣਾ/ਚੰਡੀਗੜ੍ਹ,(ਹਿਤੇਸ਼, ਭੁੱਲਰ) : ਲੋਕ ਸਭਾ ਚੋਣਾਂ ਦੌਰਾਨ ਚਾਹੇ ਕਾਂਗਰਸ ਨੂੰ ਦੇਸ਼ ਭਰ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਉੱਤਰ ਭਾਰਤ 'ਚ ਸਿਰਫ ਪੰਜਾਬ ਦੀਆਂ 8 ਸੀਟਾਂ 'ਤੇ ਕਾਂਗਰਸ ਨੂੰ ਜਿੱਤ ਹਾਸਲ ਹੋਈ ਹੈ।
ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਵਲੋਂ ਪੰਜਾਬ 'ਚ 5 ਸੀਟਾਂ 'ਤੇ ਹੋਈ ਕਾਂਗਰਸ ਦੀ ਹਾਰ ਨੂੰ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਜਿੱਤ ਦਰਜ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ, ਜੋ ਪੂਰਾ ਨਾ ਹੋਣ ਨੂੰ ਲੈ ਕੇ ਸੁਖਬੀਰ ਬਾਦਲ ਵਲੋਂ ਚੀਫ ਮਨਿਸਟਰ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ। ਇਸ ਵਿਵਾਦ ਨੂੰ ਇਹ ਕਹਿ ਕੇ ਸ਼ਾਂਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕੈਪਟਨ ਵਲੋਂ ਪੰਜਾਬ 'ਚ ਕਾਂਗਰਸ ਦਾ ਸਫਾਇਆ ਹੋਣ ਦੀ ਸੂਰਤ 'ਚ ਅਸਤੀਫਾ ਦੇਣ ਦੀ ਗੱਲ ਕਹੀ ਗਈ ਸੀ।

ਉਧਰ, 5 ਸੀਟਾਂ 'ਤੇ ਹੋਈ ਕਾਂਗਰਸ ਦੀ ਹਾਰ ਤੋਂ ਬਾਅਦ ਉਨ੍ਹਾਂ ਜ਼ਿਲਿਆਂ ਨਾਲ ਸਬੰਧਤ ਮੰਤਰੀਆਂ ਦੀ ਕੁਰਸੀ 'ਤੇ ਤਲਵਾਰ ਲਟਕ ਗਈ ਹੈ ਕਿਉਂਕਿ ਕੈਪਟਨ ਨੇ ਮੰਤਰੀਆਂ ਨੂੰ ਰਾਹੁਲ ਗਾਂਧੀ ਦੇ ਹਵਾਲੇ ਨਾਲ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੇ ਜ਼ਿਲੇ 'ਚ ਕਾਂਗਰਸ ਉਮੀਦਵਾਰ ਦੀ ਹਾਰ ਹੋਣ ਦੀ ਸੂਰਤ 'ਚ ਕੁਰਸੀ ਤੋਂ ਹੱਥ ਧੋਣਾ ਪੈ ਸਕਦਾ ਹੈ। ਹੁਣ ਜਿਨ੍ਹਾਂ ਜ਼ਿਲਿਆਂ 'ਚ ਕਾਂਗਰਸ ਦੀ ਹਾਰ ਹੋਈ ਹੈ, ਉਥੋਂ ਦੇ ਮੰਤਰੀਆਂ ਦੇ ਵਿਰੋਧੀਆਂ ਤੇ ਮੰਤਰੀ ਅਹੁਦੇ ਹਾਸਲ ਕਰਨ ਦੀ ਉਡੀਕ ਵਿਚ ਬੈਠੇ ਵਿਧਾਇਕਾਂ ਨੇ ਅਸਤੀਫਾ ਦੇਣ ਲਈ ਦਬਾਅ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਸ ਸਬੰਧੀ ਹਾਈਕਮਾਨ ਵਲੋਂ ਕੀ ਫੈਸਲਾ ਲਿਆ ਜਾਂਦਾ ਹੈ, ਇਸ ਦੀ ਤਸਵੀਰ ਆਉਣ ਵਾਲੇ ਦਿਨਾਂ 'ਚ ਸਾਫ ਹੋ ਸਕੇਗੀ।

ਇਨ੍ਹਾਂ ਮੰਤਰੀਆਂ ਦੇ ਜ਼ਿਲਿਆਂ 'ਚ ਹੋਈ ਹੈ ਕਾਂਗਰਸੀ ਉਮੀਦਵਾਰਾਂ ਦੀ ਹਾਰ
ਮਨਪ੍ਰੀਤ ਬਾਦਲ, ਬਠਿੰਡਾ
ਤ੍ਰਿਪਤ ਰਜਿੰਦਰ ਬਾਜਵਾ, ਗੁਰਦਾਸਪੁਰ
ਰਾਣਾ ਗੁਰਮੀਤ ਸੋਢੀ, ਫਿਰੋਜ਼ਪੁਰ
ਅਰੁਣਾ ਚੌਧਰੀ, ਗੁਰਦਾਸਪੁਰ
ਰਜ਼ੀਆ ਸੁਲਤਾਨਾ, ਸੰਗਰੂਰ
ਸੁਖਜਿੰਦਰ ਰੰਧਾਵਾ, ਗੁਰਦਾਸਪੁਰ
ਵਿਜੇ ਇੰਦਰ ਸਿੰਗਲਾ, ਸੰਗਰੂਰ
ਸੁੰਦਰ ਸ਼ਾਮ ਅਰੋੜਾ, ਹੁਸ਼ਿਆਰਪੁਰ

ਸਿੱਧੂ ਤੋਂ ਇਲਾਵਾ ਬਾਜਵਾ ਤੇ ਦੂਲੋ ਵੀ ਹਨ ਹਾਈਕਮਾਨ ਦੇ ਰਾਡਾਰ 'ਤੇ
ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਿਆਨਬਾਜ਼ੀ ਕਰਨ ਨੂੰ ਲੈ ਕੇ ਕਈ ਮੰਤਰੀਆਂ ਵਲੋਂ ਨਵਜੋਤ ਸਿੱਧੂ ਖਿਲਾਫ ਮੋਰਚਾ ਖੋਲ੍ਹਿਆ ਗਿਆ ਹੈ। ਜੋ ਸਿੱਧੂ ਤੋਂ ਅਸਤੀਫਾ ਦੇਣ ਸਮੇਤ ਹਾਈਕਮਾਨ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਰਾਜ ਸਭਾ ਦੇ ਦੋ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸ ਹਾਈਕਮਾਨ ਦੇ ਰਾਡਾਰ 'ਤੇ ਹਨ, ਜਿਨ੍ਹਾਂ 'ਤੇ ਕਾਂਗਰਸੀ ਉਮੀਦਵਾਰਾਂ ਸੁਨੀਲ ਜਾਖੜ ਤੇ ਡਾ. ਅਮਰ ਸਿੰਘ ਦੀ ਮਦਦ ਕਰਨ ਦੀ ਜਗ੍ਹਾ ਵਿਰੋਧ ਕਰਨ ਦਾ ਦੋਸ਼ ਹੈ। ਇਥੋਂ ਤਕ ਕਿ ਦੂਲੋ ਦੀ ਪਤਨੀ ਤੇ ਬੇਟਾ ਤਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਫਤਿਹਗੜ੍ਹ ਸਾਹਿਬ ਸੀਟ ਤੋਂ ਟਿਕਟ ਵੀ ਲੈ ਚੁੱਕੇ ਹਨ।