ਅਧਿਆਪਕਾਂ ਦੀ ਪਿੱਠ ’ਤੇ ਆ ਖੜ੍ਹੀਆਂ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ

11/28/2018 4:16:50 AM

ਪਟਿਆਲਾ, (ਜੋਸਨ, ਬਲਜਿੰਦਰ)- ਸਿੱਖਿਆ ਸਕੱਤਰ ਵੱਲੋਂ ਆਪਸ਼ਨ ਕਲਿੱਕ ਨਾ ਕਰਨ ਵਾਲੇ ਅਧਿਆਪਕਾਂ ਨੂੰ ਦੂਰ-ਦੁਰਾਡੇ ਦੇ ਸਕੂਲਾਂ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਦੇ ਬਦਲੇ ਕਲਿੱਕ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।  ਮਿਡਲ ਸਕੂਲ ਕਸਿਆਣਾ ਦੀਅਾਂ 4 ਮਹਿਲਾ ਅਧਿਆਪਕਾਂ ਨੂੰ ਆਪਸ਼ਨ ਕਲਿੱਕ ਨਾ ਕਰਨ ’ਤੇ ਦੂਰ ਦੇ ਸਕੂਲਾਂ ਵਿਚ ਭੇਜ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿਚ ਸਥਾਨਕ ਖੰਡਾ ਚੌਕ ਤੱਕ ਮਾਰਚ ਕਰਦੇ ਹੋਏ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ।
  ਤਾਨਾਸ਼ਾਹ ਸਿੱਖਿਆ ਸਕੱਤਰ ਦੀਆਂ ਉਂਗਲਾਂ ’ਤੇ ਨੱਚ ਰਹੀ ਪੰਜਾਬ ਸਰਕਾਰ ਵੱਲੋਂ ਅੱਖਾਂ ਬੰਦ  ਕਰ ਕੇ ਸਰਕਾਰੀ ਸਿੱਖਿਆ ਦੇ ਕੀਤੇ ਜਾ ਰਹੇ ਉਜਾਡ਼ੇ ਦੇ ਵਿਰੋਧ ਵਿਚ ਖਡ਼੍ਹੇ ਹੋਏ ਸਾਂਝੇ ਅਧਿਆਪਕ ਮੋਰਚੇ ਦਾ ‘ਪੱਕਾ ਮੋਰਚਾ’  ਸਰਕਾਰ ਦੇ ਸਭ ਤਰ੍ਹਾਂ ਦੇ ਤਸ਼ੱਦਦ ਸਹਿੰਦਾ 52ਵੇਂ ਦਿਨ ਵਿਚ ਪਹੁੰਚ ਗਿਆ ਹੈ। ਸਰਕਾਰ ਸਿੱਖਿਆ ਸਕੱਤਰ ਜ਼ਰੀਏ ਅਧਿਆਪਕ ਮੋਰਚੇ ਨੂੰ ਢਾਅ ਲਾਉਣ ਲਈ ਹਰ ਹੀਲਾ ਵਰਤ ਰਹੀ ਹੈ। ਪੰਜਾਬ ਦੀਆਂ ਸਮੂਹ ਫਿਕਰਮੰਦ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਅਧਿਆਪਕਾਂ ਦੀ ਪਿੱਠ ’ਤੇ ਆ ਖੜ੍ਹੀਆਂ ਹਨ।
  ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦਿਅਾਂ ਆਗੂਆਂ ਰਾਜਵਿੰਦਰ ਮੀਰ, ਕਰਨੈਲ ਫਿਲੌਰ, ਸੁਰਿੰਦਰ ਪੁਆਰੀ, ਸੁਰਿੰਦਰ ਫਾਜ਼ਿਲਕਾ, ਤਿਲਕ ਰਾਜ, ਸੁਰਿੰਦਰ ਸ਼ਾਹਕੋਟ, ਲਵਤਾਰ ਸਿੰਘ, ਗੁਰਪ੍ਰੀਤ ਪਰਮਾਰ, ਜੈ ਪ੍ਰਕਾਸ਼, ਵੀਰ ਕੁਮਾਰ, ਹਰਜੀਤ ਸਿੰਘ  ਅਤੇ ਕਪਿਲੇਸ਼ ਨੇ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਜਿਸ ਤਰ੍ਹਾਂ ਨਿੱਤ ਦਿਨ ਨੀਵੇਂ ਤੋਂ ਨੀਵੇਂ ਪੱਧਰ ’ਤੇ ਡਿੱਗ ਕੇ ਜ਼ਿਲਿਅਾਂ ਦੇ ਸਿੱਖਿਆ ਅਧਿਕਾਰੀਆਂ ਦਾ ਮੋਢਾ ਵਰਤਦੇ ਹੋਏ ਅਧਿਆਪਕਾਂ ਨੂੰ ਕਲਿੱਕ ਕਰਨ ਲਈ ਡਰਾਇਆ-ਧਮਕਾਇਆ ਜਾ ਰਿਹਾ ਹੈ, ਉਹ ਪੰਜਾਬ ਅੰਦਰ ਲੱਗ ਚੁੱਕੀ ਸਿੱਖਿਆ ਐਮਰਜੈਂਸੀ ਦਾ ਸਪੱਸ਼ਟ ਨਮੂਨਾ ਹੈ। ਇਕ ਪਾਸੇ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਕਿ ਅਸੀਂ ਅਧਿਆਪਕਾਂ ਨੂੰ ਆਪਸ਼ਨ ਦੇ ਰਹੇ ਹਾਂ। 
ਜਿਸ ਨੂੰ ਆਪਸ਼ਨ ਮਨਜ਼ੂਰ ਨਹੀਂ, ਉਹ ਸੋਸਾਇਟੀ ਵਿਚ ਹੀ ਰਹਿ ਸਕਦਾ ਹੈ। ਦੂਜੇ ਪਾਸੇ ਪੰਜਾਬ ਦੇ ਸਕੂਲਾਂ ਅੰਦਰ  ਦਹਿਸ਼ਤਗਰਦੀ ਫੈਲਾਈ ਜਾ ਰਹੀ ਹੈ।  ਆਪਸ਼ਨ ਕਲਿੱਕ ਕਰਨ ਲਈ ਅਧਿਆਪਕਾਂ ਦੀ ਬਾਂਹ-ਮਰੋਡ਼ੀ ਜਾ ਰਹੀ ਹੈ। ਇਹ ਆਪਸ਼ਨ ਨਾ ਹੋ ਕੇ ਸਿੱਧੀ ਤਾਨਾਸ਼ਾਹੀ ਹੈ। 
ਇਸ ਨੂੰ ਪੰਜਾਬ ਦਾ ਅਧਿਆਪਕ ਵਰਗ ਕਦੇ ਮਨਜ਼ੂਰ ਨਹੀਂ ਕਰੇਗਾ। ਪੰਜਾਬ ਦੀ ਸੰਘਰਸ਼ਸ਼ੀਲ ਜਨਤਾ ਵੱਲੋਂ ਇਸ ਦਾ ਜਵਾਬ 2 ਦਸੰਬਰ ਨੂੰ ਪਟਿਆਲਾ ਸ਼ਹਿਰ ਨੂੰ ਪੂਰੀ ਤਰ੍ਹਾਂ ਜਾਮ ਕਰ ਕੇ ਦਿੱਤਾ ਜਾਵੇਗਾ। ਸੱਤਾ ਦੇ ਨਸ਼ੇ ਵਿਚ ਸੁੱਤੀ ਪਈ ਪੰਜਾਬ ਸਰਕਾਰ ਨੂੰ ਹਲੂਣਾ ਦਿੰਦੇ ਹੋਏ ਜਗਾ ਕੇ ਮੀਟਿੰਗ ਟੇਬਲ ’ਤੇ ਆਉਣ ਲਈ ਮਜਬੂਰ ਕੀਤਾ ਜਾਵੇਗਾ। ਇਸ ਲਈ ਪਿੰਡ ਪੱਧਰ ਅਤੇ ਗਲੀਆਂ-ਮੁਹੱਲਿਆਂ ਵਿਚ ਮੀਟਿੰਗਾਂ ਕਰ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।