ਪੰਜਾਬ ’ਚ ਚਿੱਟੇ ਨੇ ਕਈ ਘਰਾਂ ਦੇ ਬੁਝਾਏ ਚਿਰਾਗ

12/10/2018 2:31:39 AM

ਜਲਾਲਾਬਾਦ, (ਨਿਖੰਜ)- ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਹੁਣ ਪੰਜਾਬ ’ਚ  ਛੇਵਾਂ ਦਰਿਆ ਨਸ਼ਿਆਂ ਦੇ ਵਗਣ ਨਾਲ ਨੌਜਵਾਨ ਪੀਡ਼੍ਹੀ Îਇਸ ਦੀ ਦਲ-ਦਲ ’ਚ ਧੱਸਦੀ ਜਾ ਰਹੀ ਹੈ। ਦੱਸਣਯੋਗ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਪੰਜਾਬ ਦੇ ਪੇਂਡੂ ਖੇਤਰਾਂ ’ਚ ਕੱਚੀ ਸ਼ਰਾਬ ਤਿਆਰ ਕੀਤੀ ਜਾਂਦੀ ਸੀ ਅਤੇ ਲੋਕ ਇਸ ਦਾ ਇਸਤੇਮਾਲ ਸ਼ੌਕ ਦੇ ਤੌਰ ’ਤੇ ਕਰਦੇ ਸਨ ਅਤੇ ਸ਼ਰਾਬ ਦੇ ਨਾਲ ਕਈ ਲੋਡ਼ਵੰਦ ਪਰਿਵਾਰ  ਆਪਣੀ ਰੋਜ਼ੀ-ਰੋਟੀ ਵੀ ਕਮਾ ਕੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਸਨ ਪਰ ਪਿਛਲੇ 10 ਸਾਲਾਂ ਤੋਂ ਪੰਜਾਬ ’ਚ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਹੀ ਚਿੱਟੇ ਨਾਂ ਦੇ ਨਸ਼ੇ ਨੇ ਜਨਮ ਲਿਆ ਅਤੇ ਉਸ  ਨਸ਼ੇ ਨੇ ਪੰਜਾਬ ਦੇ ਅਨੇਕਾਂ ਨੌਜਵਾਨਾਂ ਨੂੰ ਆਪਣੀ ਲਪੇਟ ’ਚ ਲੈ ਕੇ ਕਈ ਘਰਾਂ ਦੇ ਚਿਰਾਗ ਬੁੱਝਾ  ਕੇ  ਰੱਖ ਦਿੱਤੇ ਹਨ। 
ਘਰਾਂ ’ਚ ਹੁੰਦੀ ਹੈ ਨਸ਼ੇ ਦੀ ਸਪਲਾਈ
ਪੰਜਾਬ ਦੇ ਮਾਝਾ, ਮਾਲਵਾ ਅਤੇ ਦੋਆਬਾ ’ਚ ਸਿੰਥੈਟਿਕ ਨਸ਼ੇ ਦੀ ਸਮੱਗਲਿੰਗ ਦਾ ਧੰਦਾ ਜ਼ੋਰਾਂ ’ਤੇ ਹੋਣ ਕਾਰਨ ਚਿੱਟੇ ਨਾਮਕ ਨਸ਼ੇ ਦੀ ਦਲ-ਦਲ ਵਿਚ ਨੌਜਵਾਨ ਆਪਣੇ ਭਵਿੱਖ ਦੇ ਦੀਵੇ ਦੀ ਲੋਅ ਨੂੰ ਬੁੱਝਾ ਚੁੱਕੇ ਹਨ। ਪੰਜਾਬ ਦੇ ਲੋਕਾਂ ਨੂੰ   ਦੁੱਧ-ਦਹੀਂ ਲੈਣ ਲਈ ਦੁਕਾਨਾਂ ’ਤੇ ਜਾਣਾ ਪੈਂਦਾ ਹੈ, ਜਦਕਿ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਲੋਕ ਆਪਣੇ ਨਿੱਜੀ ਮੁਨਾਫੇ ਲਈ ਇਸ ਦੀ ਸਪਲਾਈ ਪੁਲਸ ਦੇ ਡਰ ਤੋਂ ਬਿਨਾਂ ਹੀ ਘਰਾਂ ’ਚ ਕਰ ਜਾਂਦੇ ਹਨ।  
 ਨਸ਼ਿਆਂ ’ਚ ਬਦਨਾਮ ਹੈ ਪਿੰਡ ਚੱਕ ਬਲੋਚਾ ਮਹਾਲਮ 
 ਪੰਜਾਬ ’ਚ ਦਿਨੋ-ਦਿਨ ਹੋ ਰਹੀਆਂ ਮੌਤਾਂ ਕਾਰਨ ਕਈ ਭੈਣਾਂ ਦੇ ਵੀਰ, ਮਾਵਾਂ ਦੇ ਪੁੱਤਰ ਅਤੇ ਕਈ ਸੁਗਹਾਣ ਅੌਰਤਾਂ ਦੇ ਪਤੀ ਨਸ਼ੇ ਦੀ ਭੇਟ ਚਡ਼੍ਹ ਰਹੇ ਹਨ। ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਪਿੰਡ ਮਹਾਲਮ ’ਚ ਵੱਡੇ ਪੱਧਰ ’ਤੇ ਹੋਰ ਰਹੀ ਸਿੰਥੈਟਿਕ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਸਿਰਫ ਥੋਡ਼੍ਹੀ ਦੂਰੀ ’ਤੇ ਪਿੰਡ ਚੱਕ ਵੈਰੋ ਕਾ ਵਿਖੇ ਥਾਣਾ ਸਥਾਪਤ ਕੀਤਾ ਗਿਆ ਸੀ ਤਾਂ ਕਿ ਪਿੰਡ ਮਹਾਲਮ ’ਚ ਨਸ਼ੇ ਦੀ ਸਮੱਗਲਿੰਗ ਰੁਕ ਸਕੇ ਪਰ ਇਕ ਵਾਰ ਫਿਰ 2 ਦਸੰਬਰ ਨੂੰ ਪਿੰਡ ਚੱਕ ਜਾਨੀਸਰ ਦੇ ਨੌਜਵਾਨ ਬੇਅੰਤ ਸਿੰਘ ਦੀ ਚਿੱਟੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ ਪੰਜਾਬ ਸਰਕਾਰ ਅਤੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ’ਤੇ ਕਈ ਤਰ੍ਹਾਂ ਦੇ ਸਵਾਲ ਖਡ਼੍ਹੀ ਕਰ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਥਾਣਾ ਵੈਰੋ ਕਾ ਵਿਖੇ ਜ਼ਿਆਦਾਤਾਰ ਮਾਮਲੇ ਨਾਜਾਇਜ਼ ਸ਼ਰਾਬ ਦੇ  ਹੀ ਦਰਜ ਕੀਤੇ ਜਾਂਦੇ ਹਨ ਤੇ ਜ਼ਿਲਾ ਪੁਲਸ ਵਿਭਾਗ ਵੱਲੋਂ ਚੱਕ ਬਲੋਚਾ ਮਹਾਲਮ ਵਿਖੇ ਅਨੇਕਾਂ ਵਾਰ ਕੀਤੀ ਗਈ ਛਾਪੇਮਾਰੀ ਦੌਰਾਨ ਹਜ਼ਾਰਾਂ ਲਿਟਰ ਲਾਹਣ ਹੀ ਬਰਾਮਦ ਕੀਤੀ ਗਈ ਪਰ ਸੋਚਣ ਵਾਲੀ ਗੱਲ ਹੈ ਕਿ ਅਨੇਕਾਂ ਵਾਰ ਕੀਤੀ ਗਈ ਛਾਪੇਮਾਰੀ ਦੇ ਬਾਵਜੂਦ  ਪਿੰਡ ਮਹਾਲਮ ’ਚ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਵਿਭਾਗ ਪਿੰਡ ’ਚ ਨਸ਼ਾ ਸਮੱਗਲਿੰਗ ਨੂੰ ਰੋਕਣ ਲਈ ਕਾਮਯਾਬ ਹੁੰਦੀ ਹੈ ਜਾਂ ਇਕ-ਇਕ ਕਰ ਕੇ ਨੌਜਵਾਨ ਚਿੱਟੇ ਦੀ ਬਲੀ ਚਡ਼੍ਹਦੇ ਰਹਿਣਗੇ। 
ਇਲਾਕੇ ’ਚ ਕਿਸੇ ਵੀ ਨਸ਼ਾ ਸਮੱਗਲਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ : ਅੰਗਰੇਜ਼ ਸਿੰਘ 
 ਥਾਣਾ ਚੱਕ ਵੈਰੋ ਕਾ ਦੇ ਨਵ-ਨਿਯੁਕਤ ਐੱਸ. ਐੱਚ. ਓ. ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ  ਮੈਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਜੋ ਵੀ ਨਸ਼ੇ ਦੇ ਸਮੱਗਲਰ ਹਨ, ਉਨ੍ਹਾਂ ਨੂੰ ਪੂਰੀ ਠੱਲ੍ਹ ਪਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ’ਚ ਜਾ ਕੇ ਨਸ਼ੇ ਪ੍ਰਤੀ ਹੋ ਰਹੀਆਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਹੱਲ ਕਰਾਂਗੇ ਅਤੇ ਇਲਾਕੇ ’ਚ ਕਿਸੇ ਵੀ ਨਸ਼ਾ ਸਮੱਗਲਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ।  
ਪੁਲਸ ਕਪਤਾਨ ਵੱਲੋਂ ਐੱਸ. ਐੱਚ. ਓ. ਨੂੰ ਸਸਪੈਂਡ ਕਰਨ ਨਾਲ ਰੁਕ ਸਕਦੀ ਹੈ ਮਹਾਲਮ ’ਚ ਨਸ਼ਾ ਸਮੱਗਲਿੰਗ
 ਇਲਾਕੇ ਦੇ ਪਿੰਡ ਚੱਕ ਜਾਨੀਸਰ ਦੇ ਬੇਅੰਤ ਸਿੰਘ ਦੀ ਮੌਤ ਨੂੰ ਲੈ ਕੇ ਥਾਣਾ ਚੱਕ ਵੈਰੋ ਕਾ ਵਿਖੇ ਅੌਰਤ ਖਿਲਾਫ ਧਾਰਾ 304 ਆਈ ਪੀ. ਸੀ. ਦਾ ਮਾਮਲਾ ਦਰਜ ਕਰ ਕੇ  ਸ਼ੀਲੋ ਬਾਈ ਪਤਨੀ ਵਿਧਵਾ ਮਲਕੀਤ ਸਿੰਘ ਵਾਸੀ ਚੱਕ ਬਲੋਚਾ ਮਹਾਲਮ ਨੂੰ ਗ੍ਰਿਫਤਾਰ ਕਰਨ ’ਚ ਕੀਤੀ ਗਈ ਢਿੱਲ ਤੋਂ ਬਾਅਦ ਅੌਰਤ ਦੀ ਗ੍ਰਿਫਤਾਰੀ ਦੀ ਮੰਗ ਸਬੰਧੀ ਪੁਲਸ ਵਿਭਾਗ  ਖਿਲਾਫ ਮ੍ਰਿਤਕ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜ਼ਿਲਾ ਪੁਲਸ ਕਪਤਾਨ ਡਾ. ਕੇਤਨ ਬਲੀ ਰਾਮ ਪਾਟਿਲ  ਵਲੋਂ ਥਾਣਾ ਚੱਕ ਵੈਰੋ ਕਾ ਦੇ ਐੱਸ. ਐੱਚ. ਓ. ਲੇਖ ਰਾਜ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਹੁਣ ਪਿੰਡ ਮਹਾਲਮ ’ਚ ਨਸ਼ਾ ਸਮੱਗਲਿੰਗ ਰੁਕ ਸਕਦੀ ਹੈ। ਵਰਣਨਯੋਗ ਗੱਲ ਇਹ ਹੈ ਕਿ ਪੁਲਸ ਕਪਤਾਨ ਵੱਲੋਂ ਐੱਸ. ਐੱਚ. ਓ. ਨੂੰ ਸਸਪੈਂਡ ਕੀਤਾ ਗਿਆ ਅਤੇ ਅੌਰਤ ਨੂੰ ਗ੍ਰਿਫਤਾਰ ਕਰਨ ਕਰ ਕੇ ਮ੍ਰਿਤਕ ਬੇਅੰਤ ਸਿੰਘ ਦੇ ਪਰਿਵਾਰਾਂ ਦੇ ਜ਼ਖਮਾਂ ’ਤੇ ਮਲਮ ਤਾਂ ਪੁਲਸ ਵੱਲੋਂ ਲਾਈ ਗਈ ਹੈ ਪਰ ਉਸ ਦੀ ਵਿਆਹੁਤਾ ਪਤਨੀ ਦੇ ਸਿਰ ਤੋਂ ਪਤੀ ਦਾ ਸਾਇਆ ਅਤੇ ਮਾਸੂਮ ਬੱਚੇ ਦੇ ਸਿਰ ਤੋਂ ਪਿਤਾ ਹੱਥ ਹਮੇਸ਼ਾ ਲਈ ਉੱਠ ਜਾਣਾ ਦੋਵਾਂ ਮਾਂ-ਪੁੱਤਰਾਂ ਦੀ ਘਾਟ ਨੂੰ ਕੌਣ ਪੂਰਾ ਕਰ ਸਕਦਾ ਹੈ। ਜ਼ਿਲਾ ਪੁਲਸ ਵਿਭਾਗ ਵੱਲੋਂ ਮਹਾਲਮ ’ਚੋਂ ਨਸ਼ਾ ਖਤਮ ਕਰਨ ਲਈ ਕੋਈ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਾਵਾਂ ਦੇ ਪੁੱਤਰ, ਭੈਣਾਂ ਦੇ ਵੀਰ ਚਿੱਟੇ ਦੀ ਬਲੀ ਚਡ਼੍ਹਦੇ ਰਹਿਣਗੇ। 
 

KamalJeet Singh

This news is Content Editor KamalJeet Singh