ਲੋਕਾਂ ਨੂੰ ਸੇਵਾ ਦੇਣ ਵਾਲੇ ਦਫਤਰ ਪਾਣੀ ’ਚ ਡੁੱਬੇ

07/22/2020 2:39:37 AM

ਮਲੋਟ,(ਜੁਨੇਜਾ, ਕਾਠਪਾਲ)- ਇਕ ਦਹਾਕਾ ਅਕਾਲੀ ਸਰਕਾਰ ਅਤੇ ਹੁਣ ਸਵਾ ਤਿੰਨ ਸਾਲ ਕਾਂਗਰਸ ਦੀ ਸਰਕਾਰ ਵਿਚ ਸ਼ਹਿਰ ਅੰਦਰ ਪਾਣੀ ਦੇ ਨਿਕਾਸ ਦਾ ਇੰਨਾਂ ਮਾਡ਼ਾ ਪ੍ਰਬੰਧ ਹੈ ਕਿ ਜਿਹਡ਼ੇ ਵਿਭਾਗਾਂ ਨੇ ਆਮ ਲੋਕਾਂ ਨੂੰ ਸੇਵਾਵਾਂ ਦੇਣੀਆਂ ਹਨ ਉਹ ਖੁਦ ਬਰਸਾਤ ਨਾਲ ਪਾਣੀ ਵਿਚ ਡੁੱਬ ਜਾਂਦਾ ਹੈ। ਬੀਤੀ ਸ਼ਾਮ ਹੋਈ ਤੇਜ਼ ਬਰਸਾਤ ਕਾਰਣ ਜਿੱਥੇ ਸ਼ਹਿਰ ਦੀਆਂ ਸਾਰੀਆਂ ਗਲੀਆਂ ਅਤੇ ਮੁੱਖ ਬਾਜ਼ਾਰ ਪਾਣੀ ਨਾਲ ਭਰ ਗਏ ਉੱਥੇ ਗਲੀਆਂ ਮੁਹੱਲਿਆਂ ਅਤੇ ਘੱਟ ਵਿਕਸਿਤ ਖੇਤਰਾਂ ਵਿਚ ਪਾਣੀ-ਪਾਣੀ ਹੋਇਆ ਪਿਆ ਹੈ। ਸਭ ਤੋਂ ਮਾਡ਼ੀ ਗੱਲ ਕਿ ਸ਼ਹਿਰ ਅੰਦਰ ਜਿਹਡ਼ੇ ਵਿਭਾਗਾਂ ਨੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਹੁੰਦੀਆਂ ਹਨ ਉਨ੍ਹਾਂ ਦਾ ਖੁਦ ਇੰਨਾ ਮਾਡ਼ਾ ਹੁੰਦਾ ਹੈ ਕਿ ਉਹ ਬੁਰੀ ਤਰ੍ਹਾਂ ਪਾਣੀ ਵਿਚ ਡੁੱਬ ਜਾਂਦੇ ਹਨ ਅਤੇ ਲੋਕਾਂ ਦਾ ਆਉÎਣਾ-ਜਾਣਾ ਮੁਸ਼ਕਲ ਹੋ ਜਾਂਦਾ ਹੈ। ਤਾਜਾ ਬਰਸਾਤ ਕਾਰਣ ਵੀ ਮਲੋਟ ਸ਼ਹਿਰ ਨੂੰ ਸਫਾਈ ਦੇਣ ਅਤੇ ਵਿਕਾਸ ਕਾਰਜ ਕਰਨ ਵਾਲਾ ਨਗਰਪਾਲਿਕਾ ਦਾ ਦਫਤਰ ਅੰਦਰ ਪਾਣੀ ਭਰ ਗਿਆ ਹੈ ਜਿਸ ਕਰ ਕੇ ਦਫਤਰ ਦੇ ਕਰਮਚਾਰੀ ਤਾਂ ਭਾਵੇਂ ਆਪਣੇ ਵਾਹਨਾਂ ’ਤੇ ਅੰਦਰ ਪੁੱਜ ਗਏ ਹੋਣ ਪਰ ਆਮ ਲੋਕਾਂ ਦਾ ਆਪਣੀ ਸਮੱਸਿਆ ਦੱਸਣ ਲਈ ਜਾਣਾ ਉੱਥੇ ਔਖਾ ਹੈ। ਇਸ ਦੇ ਨਾਲ ਹੀ ਕੋਰੋਨਾ ਦੀ ਮਹਾਮਾਰੀ ਦੌਰਾਨ ਹਰ ਬਰਸਾਤ ਵਾਂਗ ਮਲੋਟ ਦਾ ਸਰਕਾਰੀ ਹਸਪਤਾਲ ਵਿਚ ਇੰਨਾ ਪਾਣੀ ਖਡ਼ਾ ਹੈ ਕਿ ਮਰੀਜ਼ ਦਾ ਅੰਦਰੋਂ ਬਾਹਰ ਆਉਣਾ ਜਾਂ ਬਾਹਰੋਂ ਅੰਦਰ ਜਾਣਾ ਸੰਭਵ ਨਹੀਂ। ਮਲੋਟ ਸਿਟੀ ਥਾਣੇ ਦੇ ਦਰਵਾਜ਼ੇ ਵਿਚ ਵੀ ਪਾਣੀ ਭਰਿਆ ਹੋਇਆ ਹੈ। ਰੇਲਵੇਂ ਸੇਵਾ ਭਾਵੇ ਚੱਲ ਨਹੀਂ ਰਹੀ ਪਰ ਸਟੇਸ਼ਨ ਤੱਕ ਭਰਿਆ ਹੋਇਆ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਮੁਸੀਬਤ ਪਹਿਲੀ ਵਾਰ ਨਹੀਂ ਆਈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਬਰਸਾਤ ਤੋਂ ਪਹਿਲਾਂ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਤਾਂ ਜੋ ਬਰਸਾਤ ਵਿਚ ਲੋਕਾਂ ਨੂੰ ਮੁਸ਼ਕਿਲ ਨਾ ਆਵੇ। ਉਧਰ ਇਸ ਸਬੰਧੀ ਜਦੋਂ ਕਾਰਜਸਾਧਕ ਅਫਸਰ ਜਗਸੀਰ ਸਿੰਘ ਧਾਰੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਰਸਾਤ ਜ਼ਿਆਦਾ ਹੋ ਗਈ ਹੈ ਇਸ ਲਈ ਮੋਟਰਾਂ ਚਲਾਈਆਂ ਹਨ ਜੇਕਰ ਹੋਰ ਬਰਸਾਤ ਨਾ ਹੋਈ ਤਾਂ ਪਾਣੀ ਨੀਵੀਆਂ ਥਾਵਾਂ ਤੋਂ ਚੁੱਕ ਲਿਆ ਜਾਵੇਗਾ।


Bharat Thapa

Content Editor

Related News