ਪਬ-ਜੀ ਗੇਮ ਦਾ ਪੇਂਡੂ ਖੇਤਰ ਦੇ ਬੱਚਿਆਂ ''ਚ ਵਧਿਆ ਜਨੂੰਨ

01/11/2020 5:17:37 PM

ਮਾਛੀਵਾੜਾ ਸਾਹਿਬ (ਟੱਕਰ): ਸ਼ਹਿਰੀ ਨੌਜਵਾਨਾਂ ਤੇ ਬੱਚਿਆਂ ਤੋਂ ਬਾਅਦ ਹੁਣ ਪੇਂਡੂ ਖੇਤਰ ਵਿਚ ਪਬ-ਜੀ ਗੇਮ ਦਾ ਜਨੂੰਨ ਫੈਲਦਾ ਜਾ ਰਿਹਾ ਹੈ ਜਿਸ ਕਾਰਨ ਇਸ ਨੂੰ ਖੇਡਣ ਨਾਲ ਬੱਚੇ ਮਨੋਰੋਗੀ ਹੋ ਰਹੇ ਹਨ ਅਤੇ ਮਾਪੇ ਚਿੰਤਾ 'ਚ ਡੁੱਬੇ ਦਿਖਾਈ ਦੇ ਰਹੇ ਹਨ। ਪੰਜਾਬ ਦੇ ਪੇਂਡੂ ਖੇਤਰ 'ਚ ਪਹਿਲਾਂ ਬੱਚੇ ਤੇ ਨੌਜਵਾਨ ਪੁਰਾਤਨ ਵਿਰਾਸਤੀ ਖੇਡਾਂ ਗੁੱਲੀ ਡੰਡਾ, ਫੁੱਟਬਾਲ, ਹਾਕੀ, ਕਬੱਡੀ ਖੇਡਦੇ ਦਿਖਾਈ ਦਿੰਦੇ ਸਨ ਪਰ ਜਦੋਂ ਤੋਂ ਉਨ੍ਹਾਂ ਦੀ ਜ਼ਿੰਦਗੀ 'ਚ ਮੋਬਾਇਲ ਫੋਨ ਆਇਆ ਹੈ ਉਸ ਦਿਨ ਤੋਂ ਇਹ ਵਿਰਾਸਤੀ ਖੇਡਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਮੋਬਾਇਲ 'ਤੇ ਖੇਡੀਆਂ ਜਾਣ ਵਾਲੀਆਂ ਗੇਮਾਂ ਉਨ੍ਹਾਂ ਦੀ ਮਾਨਸਿਕਤਾ 'ਤੇ ਡੂੰਘਾ ਅਸਰ ਪਾ ਰਹੀਆਂ ਹਨ।

ਮਾਛੀਵਾੜਾ ਦੇ ਪੇਂਡੂ ਖੇਤਰ 'ਚ ਇੱਕ 20 ਸਾਲਾ ਨੌਜਵਾਨ 'ਤੇ ਪਬ-ਜੀ ਗੇਮ ਦਾ ਜਨੂੰਨ ਇਸ ਕਦਰ ਸਵਾਰ ਹੈ ਕਿ ਉਹ 24 'ਚੋਂ 16-18 ਘੰਟੇ ਇਹ ਗੇਮ ਖੇਡਦਾ ਦਿਖਾਈ ਦਿੰਦਾ ਹੈ ਅਤੇ ਜੇਕਰ ਉੁਸਨੂੰ ਮਾਪੇ ਰੋਕ ਕੇ ਮੋਬਾਇਲ ਫੜ੍ਹ ਲੈਂਦੇ ਤਾਂ ਉਹ ਗੁੱਸੇ 'ਚ ਆ ਕੇ ਆਪਣਾ ਫੋਨ ਕੰਧ 'ਚ ਮਾਰ ਭੰਨ ਦਿੰਦਾ ਹੈ। ਪਬ-ਜੀ ਗੇਮ ਖੇਡਣ ਤੋਂ ਰੋਕਣ ਕਾਰਨ ਹੁਣ ਤੱਕ ਇਹ ਪੇਂਡੂ ਨੌਜਵਾਨ 2 ਮੋਬਾਇਲ ਫੋਨ ਭੰਨ ਚੁੱਕਾ ਹੈ ਅਤੇ ਇਕ ਸਾਧਾਰਨ ਪਰਿਵਾਰ 'ਚੋਂ ਸਬੰਧ ਰੱਖਣ ਹੋਣ ਕਾਰਨ ਹਜ਼ਾਰਾਂ ਰੁਪਏ ਦੇ ਮੋਬਾਇਲ ਤੋੜਨ ਦੇ ਡਰ ਤੋਂ ਮਾਪਿਆਂ ਉਸ ਨੂੰ ਗੇਮ ਖੇਡਣ ਤੋਂ ਰੋਕਣਾ ਬੰਦ ਕਰ ਦਿੱਤਾ ਹੈ। ਲੜਕੇ ਦੇ ਪਿਤਾ ਜੋ ਕਿ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਹਨ ਉਨ੍ਹਾਂ ਨੇ ਦੱਸਿਆ ਕਿ ਉਸਦਾ ਮੁੰਡਾ ਹੀ ਨਹੀਂ ਬਲਕਿ ਪਿੰਡ ਦੇ ਹੋਰ ਨੌਜਵਾਨ ਵੀ ਇੱਕ-ਦੂਜੇ ਨਾਲ ਮੋਬਾਇਲ 'ਤੇ ਸੰਪਰਕ ਕਰ ਇਹ ਗੇਮ ਖੇਡਦੇ ਹਨ ਅਤੇ ਕੰਨਾਂ ਤੋਂ ਹੈਡਫੋਨ ਤੇ ਮੋਬਾਇਲ ਤੋਂ ਚਾਰਜਰ ਨਹੀਂ ਉਤਰਦਾ।

ਦੁੱਖੀ ਹੋਏ ਮਾਪਿਆਂ ਨੇ ਇੱਥੋਂ ਤੱਕ ਵੀ ਦੱਸਿਆ ਕਿ ਜਦੋਂ ਉਹ ਆਪਣੇ ਲੜਕੇ ਨੂੰ ਖਾਣ ਲਈ ਕੋਈ ਚਾਹ ਜਾਂ ਹੋਰ ਸਮਾਨ ਦਿੰਦੇ ਹਨ ਤਾਂ ਪਬ-ਜੀ ਦਾ ਜਨੂੰਨ ਇਸ ਕਦਰ ਉਸ ਉਪਰ ਭਾਰੂ ਹੈ ਕਿ ਖਾਣ ਦੀ ਬਜਾਏ ਸਾਰਾ ਸਮਾਨ ਪਿਆ ਠੰਡਾ ਹੋ ਜਾਂਦਾ ਹੈ। ਮਾਪਿਆਂ ਨੇ ਇਹ ਵੀ ਦੱਸਿਆ ਕਿ ਪਬ-ਜੀ ਗੇਮ 'ਚ ਰੁਝਾਨ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਲੜਕੇ ਦੀ ਸਿਹਤ ਵੀ ਦਿਨ-ਬ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਉਹ ਕਦੇ ਲੜਕੇ ਨੂੰ ਕੰਮ 'ਤੇ ਨਾਲ ਲੈ ਜਾਂਦੇ ਹਨ ਤਾਂ ਉਥੇ ਵੀ ਲੜਕੇ ਦਾ ਧਿਆਨ ਸਾਮਾਨ ਵੇਚਣ ਦੀ ਬਜਾਏ ਗੇਮ ਵੱਲ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਲੜਕੇ ਦੀ ਇਸ ਮੋਬਾਇਲ 'ਚ ਗੇਮ ਖੇਡਣ ਦੀ ਆਦਤ ਨੂੰ ਛੁਡਾਉਣ ਲਈ ਜਿੰਮ ਜਾਣ ਜਾਂ ਹੋਰ ਗਤੀਵਿਧੀਆਂ ਕਰਨ ਲਈ ਪ੍ਰੇਰਦੇ ਵੀ ਹਨ ਪਰ ਗੇਮ ਦਾ ਜਨੂੰਨ ਉਸ ਉਪਰ ਇੰਨਾ ਭਾਰੀ ਹੈ ਕਿ ਉਹ ਕਿਸੇ ਦੀ ਵੀ ਨਹੀਂ ਸੁਣਦਾ ਅਤੇ ਸਾਰਾ ਦਿਨ ਮੋਬਾਇਲ 'ਚ ਡੁੱਬਾ ਰਹਿੰਦਾ ਹੈ।

ਮਾਪਿਆਂ ਅਨੁਸਾਰ ਉਹ ਆਪਣੇ ਲੜਕੇ ਦੇ ਪਬ-ਜੀ ਗੇਮ ਦੇ ਜਨੂੰਨ ਤੋਂ ਇੰਨੇ ਦੁਖੀ ਹਨ ਕਿ ਉਨ੍ਹਾਂ ਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ ਕਿ ਉਹ ਆਪਣੇ ਲੜਕੇ ਤੋਂ ਇਸ ਮਾੜੀ ਆਦਤ ਤੋਂ ਛੁਟਕਾਰਾ ਕਿਵੇਂ ਦਿਵਾਉਣ। ਜਾਣਕਾਰੀ ਅਨੁਸਾਰ ਮਾਛੀਵਾੜਾ ਸ਼ਹਿਰ ਤੇ ਇਲਾਕੇ ਦੇ ਪਿੰਡਾਂ 'ਚ ਬੱਚਿਆਂ ਤੇ ਨੌਜਵਾਨਾਂ ਅੰਦਰ ਪਬ-ਜੀ ਗੇਮ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਅਤੇ ਜੇਕਰ ਇਸ ਗੇਮ ਨੂੰ ਨੱਥ ਨਾ ਪਾਈ ਗਈ ਤਾਂ ਆਉਣ ਵਾਲੀ ਪੀੜ੍ਹੀ ਤੇ ਜਵਾਨੀ ਨਸ਼ਿਆਂ ਵਾਂਗ ਕਿਤੇ ਇਸ ਗੇਮ ਵਿਚ ਹੀ ਗਰਕ ਨਾ ਹੋ ਜਾਵੇ।

ਸਰਕਾਰ ਗੇਮ 'ਤੇ ਪਾਬੰਦੀ ਲਗਾਵੇ ਅਤੇ ਮਾਪੇ ਵੀ ਬੱਚਿਆਂ ਨੂੰ ਮੋਬਾਇਲ ਦੀ ਵਰਤੋਂ ਜਿਆਦਾ ਨਾ ਕਰਨ ਦੇਣ: ਡਾ. ਮੂਨ
ਇਸ ਸਬੰਧੀ ਮਾਹਰ ਡਾ. ਸੁਸ਼ਮਿਤਾ ਮੂਨ ਨੇ ਦੱਸਿਆ ਕਿ ਸਰਕਾਰ ਨੂੰ ਪਹਿਲਾਂ ਤਾਂ ਇਸ ਗੇਮ ਤੇ ਮੁਕੰਮਲ ਤੌਰ 'ਤੇ ਪਾਬੰਦੀਲਗਾਉਣੀ ਚਾਹੀਦੀ ਹੈ ਅਤੇ ਦੂਸਰਾ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਕਿਧਰੇ ਉਨ੍ਹਾਂ ਦਾ ਬੱਚਾ ਮੋਬਾਇਲ ਦੀ ਵਰਤੋ ਕਰ ਇਸ ਗੇਮ ਦਾ ਆਦੀ ਤਾਂ ਨਹੀਂ ਹੋ ਰਿਹਾ। ਡਾਕਟਰ ਅਨੁਸਾਰ ਇਹ ਗੇਮ ਇੱਕ ਨਸ਼ੇ ਦੀ ਤਰ੍ਹਾਂ ਹੈ ਜੋ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰਹੀ ਹੈ ਅਤੇ ਜਦੋਂ ਗੇਮ ਖੇਡਣ ਵਾਲਾ ਇਸ ਦਾ ਪੂਰੀ ਤਰ੍ਹਾਂ ਆਦੀ ਹੋ ਜਾਂਦਾ ਹੈ ਤਾਂ ਬਹੁਤ ਮੁਸ਼ਕਿਲ ਨਾਲ ਛੁਟਕਾਰਾ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਗੇਮ ਨਾਲ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ ਜਿਸ ਲਈ ਮਾਪੇ ਆਪਣੇ ਬੱਚਿਆਂ ਦੇ ਮੋਬਾਇਲ ਫੋਨਾਂ 'ਚ ਇਹ ਗੇਮ ਅਪਲੋਡ ਨਾ ਹੋਣ ਦੇਣ ਅਤੇ ਜੇਕਰ ਫਿਰ ਵੀ ਇਸ ਦਾ ਆਦੀ ਬਣ ਗਿਆ ਹੈ ਤਾਂ ਉਸ ਦਾ ਮਨੋਰੋਗੀ ਡਾਕਟਰ ਨੂੰ ਮਿਲ ਕੇ ਇਲਾਜ ਕਰਵਾਉਣ।

Shyna

This news is Content Editor Shyna