ਹਾਥਰਸ ਅਤੇ ਬਲਮਗੜ੍ਹ ਦੀਆਂ ਘਟਨਾਵਾਂ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ

10/02/2020 3:00:40 PM

ਭਵਾਨੀਗੜ(ਕਾਂਸਲ)-ਯੂ.ਪੀ. ਦੇ ਹਾਥਰਸ ਅਤੇ ਬਲਮਗੜ੍ਹ ਦੀਆਂ ਦਲਿਤ ਵਰਗ ਨਾਲ ਸਬੰਧਤ ਲੜਕੀਆਂ ਨਾਲ ਜਬਰ ਜ਼ਿਨਾਹ ਕਰਕੇ ਉਨ੍ਹਾਂ ਨੂੰ ਬੇਰਹਿਮੀ ਨਾਲ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਨ ਦੇ ਖਿਲਾਫ ਭਵਾਨੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਆਗੂ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਆਗੂਆਂ ਅਤੇ ਵਰਕਰਾਂ ਨੇ ਮੁੱਖ ਸੜਕ 'ਤੇ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਯੂ.ਪੀ. ਸਰਕਾਰ ਅਤੇ ਪੁਲਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮੌਤ ਦੀ ਸਜ੍ਹਾਂ ਦੇਣ ਦੀ ਮੰਗ ਕੀਤੀ।
ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਯੂ. ਪੀ. ਦੀ ਯੋਗੀ ਸਰਕਾਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਬਿਲਕੁਲ ਫੇਲ ਸਾਬਿਤ ਹੋਈ ਹੈ। ਪੂਰੇ ਦੇਸ਼ 'ਚ ਜੰਗਲ ਦਾ ਰਾਜ ਹੈ ਅਤੇ ਕਾਨੂੰਨ ਦੀ ਸਥਿਤੀ ਸਰਕਾਰ ਦੇ ਕੰਟਰੋਲ ਤੋਂ ਪੂਰੀ ਤਰ੍ਹਾਂ ਬਾਹਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਧੀਆਂ ਬਿਲਕੁਲ ਸੁਰੱਖਿਅਤ ਨਹੀਂ ਹਨ, ਭਾਜਪਾ ਸਰਕਾਰਾਂ ਦੇ ਸਮੇਂ 'ਚ ਜਬਰ ਜ਼ਿਨਾਹ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪੀੜ੍ਹਤ ਪਰਿਵਾਰਾਂ ਨੂੰ ਨਾ ਤਾਂ ਸਹੀ ਇਨਸਾਫ ਮਿਲ ਰਿਹਾ ਹੈ ਨਾ ਹੀ ਮੌਕੇ ਤੇ ਇਲਾਜ। ਬੇਰਹਿਮ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੱਚੀਆਂ ਦੀਆਂ ਲਾਸ਼ਾਂ ਵੀ ਪਰਿਵਾਰਾਂ ਨੂੰ ਨਾ ਦੇਣੀਆਂ ਅਤੇ ਅੱਧੀ ਰਾਤ ਨੂੰ ਬਿਨ੍ਹਾਂ ਪਰਿਵਾਰਿਕ ਮੈਂਬਰਾਂ ਤੋਂ ਉਨ੍ਹਾਂ ਦਾ ਸੰਸਕਾਰ ਕਰਨ ਦੀ ਜਿੰਨੀ ਨਿਖ਼ੇਧੀ ਕੀਤੀ ਜਾਵੇ ਉਨੀ ਹੀ ਘੱਟ ਹੈ। ਉਨ੍ਹਾਂ ਯੂ.ਪੀ. ਸਰਕਾਰ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਜਬਰ ਜ਼ਿਨਾਹ ਦੇ ਦੋਸ਼ੀਆਂ ਨੂੰ ਤੁਰੰਤ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਤਾਂ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ 'ਤੇ ਸਰਬਜੀਤ ਕੌਰ, ਸਿੰਦਰਪਾਲ ਕੌਰ, ਜਗਸੀਰ ਸਿੰਘ, ਹਰਦੀਪ ਸਿੰਘ ਤੂਰ, ਅਵਤਾਰ ਸਿੰਘ ਤਾਰੀ, ਗੁਰਮੀਤ ਸਿੰਘ ਚੱਕੀ ਵਾਲੇ, ਬਲਵੀਰ ਸਿੰਘ, ਅਮਰੀਕ ਸਿੰਘ, ਹਰਗਮਦੂਰ ਸਿੰਘ ਲੱਕੀ, ਯਾਦਵਿੰਦਰ ਸਿੰਘ, ਨਿਰਭੈ ਸਿੰਘ, ਜਗਤਾਰ ਸਿੰਘ ਬਲਿਆਲ, ਅਵਤਾਰ ਸਿੰਘ, ਧਰਮਪਾਲ ਸਿੰਘ ਆਦਿ ਹਾਜ਼ਰ ਸਨ। 
ਇਸੇ ਤਰ੍ਹਾਂ ਸਥਾਨਕ ਅਨਾਜ਼ ਮੰਡੀ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋਏ ਨੌਜਵਾਨਾਂ ਵੱਲੋਂ ਇਨ੍ਹਾਂ ਘਟਨਾਵਾਂ ਦੇ ਰੋਸ ਵੱਜੋਂ ਕੈਂਡਲ ਮਾਰਚ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਫਾਂਸੀ ਦੀ ਸਜ੍ਹਾਂ ਦੇਣ ਦੀ ਮੰਗ ਕੀਤੀ।
ਇਸੇ ਤਰ੍ਹਾਂ ਨੇੜਲੇ ਪਿੰਡ ਕਾਲਾਝਾੜ ਵਿਖੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਵੱਲੋਂ ਇਨ੍ਹਾਂ ਘਟਨਾਵਾਂ ਦੇ ਰੋਸ ਵੱਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦੇ ਪੁੱਤਲੇ ਸਾੜ ਕੇ ਕੇਂਦਰ ਅਤੇ ਯੂ.ਪੀ. ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ 'ਚ ਜਥੇਬੰਦੀ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਇਨ੍ਹਾਂ ਘਟਨਾਵਾਂ ਦੀ ਸਖ਼ਤ ਸਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਯੂ.ਪੀ 'ਚੋਂ ਗੁੰਡਾਰਾਜ ਦਾ ਖਾਤਮਾ ਕਰਨ ਦਾ ਵਾਅਦਾ ਅਤੇ ਦਾਅਵਾ ਕਰਨ ਵਾਲੀ ਯੂ.ਪੀ. ਸਰਕਾਰ ਅਤੇ 
ਪੁਲਸ ਅੱਜ ਗੁੰਡਿਆਂ ਨਾਲ ਹੀ ਖੜ੍ਹੀ ਹੈ ਅਤੇ ਸਰਕਾਰ ਅਤੇ ਪੁਲਸ ਵੱਲੋਂ ਦਲਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਥਾਂ ਦੋਸ਼ੀਆਂ ਨੂੰ ਬਚਾਉਣ 'ਚ ਮਹੱਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ। ਜੋ ਕਿ ਗੁੰਡਾ ਅਨਸਰਾਂ ਨੂੰ ਸ਼ਹਿ ਦੇਣ ਵਾਲੀ ਕਾਰਵਾਈ ਹੈ। ਜਿਸ ਕਾਰਨ ਹੀ ਹਾਥਰਸ ਤੋਂ ਬਾਅਦ ਗੁੰਡਾ ਅਨਸਰਾਂ ਨੇ ਬਲਮਗੜ੍ਹ 'ਚ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜ਼ਾਮ ਦੇ ਕੇ ਯੂ.ਪੀ. 'ਚ ਭਾਜਪਾ ਦੀ ਛੱਤਰ ਛਾਇਆ ਹੇਠ ਗੁੰਡਾਰਾਜ ਕਾਇਮ ਹੋਣ ਦਾ ਸਬੂਤ ਦਿੱਤਾ। ਇਸ ਮੌਕੇ ਵੱਡੀ ਗਿਣਤੀ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।


Aarti dhillon

Content Editor

Related News