ਭਾਕਿਯੂ (ਡਕੌਂਦਾ) ਨੇ ਟਰੰਪ-ਮੋਦੀ ਸਮਝੌਤੇ ਖਿਲਾਫ ਰੋਸ ਪ੍ਰਦਰਸ਼ਨ ਕਰ ਫੂਕਿਆ ਪੁਤਲਾ

02/25/2020 4:11:16 PM

ਭਵਾਨੀਗੜ੍ਹ  (ਅੱਤਰੀ): ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ)  ਨੇ ਅੱਜ ਮੋਦੀ-ਟਰੰਪ ਮਿਲਣੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਦਾ ਪੁਤਲਾ ਫੂਕਿਆ।ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਭਾਰਤ ਫੇਰੀ ਦੌਰਾਨ ਜੋ ਸਮਝੌਤੇ ਕਰ ਰਹੇ ਹਨ ,ਉਹ ਸਮੁੱਚੀ ਕਿਸਾਨੀ ਲਈ ਅਤੇ ਦੇਸ਼ ਦੇ ਆਮ ਲੋਕਾਂ ਲਈ ਬਹੁਤ ਨੁਕਸਾਨਦੇਹ ਸਾਬਤ ਹੋਣਗੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਝੌਤਿਆਂ ਤਹਿਤ ਅਮਰੀਕਾ ਭਾਰਤ ਨੂੰ 2200 ਕਰੋੜ ਰੁਪਏ ਦਾ ਜੰਗੀ ਸਾਮਾਨ ਵੇਚੇਗਾ ਅਤੇ ਅਮਰੀਕਾ ਤੋਂ ਖੇਤੀ ਉਤਪਾਦ ਨਾ-ਮਾਤਰ ਟੈਕਸ ਰਾਹੀਂ ਭਾਰਤ 'ਚ ਆਉਣਗੇ, ਜਿਸ ਨਾਲ ਦੇਸ਼ ਦੀ ਕਿਸਾਨੀ ਅਤੇ ਘਰੇਲੂ ਕਾਰੋਬਾਰ ਉੱਤੇ ਬਹੁਤ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਆਪਣੇ ਕਿਸਾਨਾਂ ਨੂੰ 90 ਫੀਸਦੀ ਸਬਸਿਡੀ ਦਿੰਦੀ ਹੈ ,ਜਦੋਂ ਕਿ ਭਾਰਤ ਸਰਕਾਰ ਆਪਣੇ ਕਿਸਾਨਾਂ ਨੂੰ ਸਿਰਫ 10 ਫੀਸਦੀ ਸਬਸਿਡੀ ਹੀ ਦਿੰਦੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਨੂੰ ਵਧਾਉਣ ਲਈ ਫਸਲਾਂ ਦੀ ਸਰਕਾਰੀ ਖਰੀਦ ਤੋਂ ਵੀ ਭੱਜ ਰਹੀ ਹੈ ,ਜਿਸ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਤੇ ਵੀ ਕਾਰਪੋਰੇਟ ਘਰਾਣੇ ਦਾ ਕਬਜਾ ਹੋ ਜਾਵੇਗਾ। ਇਸ ਮੌਕੇ ਕਿਸਾਨਾਂ ਨੇ ਮੋਦੀ-ਟਰੰਪ ਸਮਝੌਤੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਖਦੇਵ ਸਿੰਘ ਘਰਾਚੋਂ, ਮਾ ਜਰਨੈਲ ਸਿੰਘ ਭਵਾਨੀਗੜ੍ਹ, ਰਣਧੀਰ ਸਿੰਘ ਭੱਟੀਵਾਲ, ਗੁਰਜੀਤ ਸਿੰਘ ਨਦਾਮਪੁਰ, ਬੁੱਧ ਸਿੰਘ ਬਾਲਦ, ਕੇਵਲ ਸਿੰਘ ਮਾਝੀ, ਚਮਕੌਰ ਸਿੰਘ ਭੱਟੀਵਾਲ ਅਤੇ ਜੰਗ ਸਿੰਘ ਬਲਿਆਲ ਸਮੇਤ ਕਿਸਾਨ ਹਾਜ਼ਰ ਸਨ।


Shyna

Content Editor

Related News