ਜਬਰ ਵਿਰੋਧੀ ਮੁਹਿੰਮ ਕਮੇਟੀ ਨੇ ਪਿੰਡਾਂ ''ਚ ਕੱਢਿਆ ਰੋਸ ਮਾਰਚ

08/09/2018 5:43:43 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ / ਪਵਨ ਤਨੇਜਾ) - ਦਲਿਤਾ ਤੇ ਜਬਰ ਵਿਰੋਧੀ ਮੁਹਿੰਮ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਪਿੰਡ ਖੁੰਡੇ ਹਲਾਲ ਤੋਂ ਇਕ ਮਾਰਚ ਸ਼ੁਰੂ ਕੀਤਾ ਗਿਆ। ਇਹ ਮਾਰਚ ਖੁੰਡੇ ਹਲਾਲ ਤੋਂ ਚਿੱਬੜਾਂਵਾਲੀ, ਗੰਧੜ, ਲੱਖੇਵਾਲੀ ਮੰਡੀ, ਪਿੰਡ ਲੱਖੇਵਾਲੀ, ਭਾਗਸਰ, ਮਹਾਂਬੱਧਰ ਅਤੇ ਰਹੂੜਿਆਂਵਾਲੀ ਆਦਿ ਪਿੰਡਾਂ 'ਚ ਗਿਆ। ਇਸ ਮੌਕੇ ਬੋਲਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਤਰਸੇਮ ਸਿੰਘ ਅਤੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਇਹ ਮਾਰਚ ਦਲਿਤਾ ਖਿਲਾਫ਼ ਭਾਜਪਾ ਤੇ ਸੰਘ ਲਾਣੇ ਵੱਲੋਂ ਤੇਜ਼ ਕੀਤੇ ਸਮਾਜਿਕ ਜਬਰ ਦੇ ਹੱਲੇ ਵਿਰੁੱਧ ਇਕ ਵਿਸ਼ਾਲ ਲੋਕ ਲਹਿਰ ਉਸਾਰਨ ਤੇ ਹੋਕਾ ਦੇਣ ਲਈ ਕੱਢਿਆ ਗਿਆ ਹੈ। 
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਰਤੀ ਲੋਕ ਖੁਦਕੁਸ਼ੀਆ ਤੇ ਨਸ਼ਿਆਂ ਰਾਹ ਅਪਣਾ ਕੇ ਮੌਤ ਦੇ ਮੂੰਹ ਜਾ ਰਹੇ ਹਨ। ਕਰਜ਼ੇ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਉਨ੍ਹਾਂ ਦੇ ਹੱਥੋਂ ਖਿਸਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਤੋਂ ਪਹਿਲਾਂ ਕੇਂਦਰ 'ਚ ਰਾਜ ਕਰਦੀਆਂ ਰਹੀਆਂ ਸਾਰੀਆਂ ਪਾਰਟੀਆਂ ਨੇ ਦਲਿਤਾ ਤੇ ਗਰੀਬ ਲੋਕਾਂ ਲਈ ਕੁਝ ਨਹੀਂ ਕੀਤਾ। ਸਰਕਾਰ ਐੱਸ. ਸੀ/ਐੱਸ. ਟੀ. ਐਕਟ ਨੂੰ ਖਤਮ ਕਰਨ ਦੀਆਂ ਚਾਲਾਂ ਚੱਲ ਰਹੀ ਹੈ, ਜੋ ਕਦੇ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਜ਼ਮੀਨਾਂ ਦੀ ਮੁੜ ਵੰਡ ਕਰਕੇ ਦਲਿਤਾ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ, ਸਭਨਾ ਲਈ ਸਿੱਖਿਆ ਅਤੇ ਰੁਜ਼ਗਾਰ ਦੇਣ ਦੀ ਗਰੰਟੀ ਦੇਣ। ਇਸ ਮਾਰਚ ਦੌਰਾਨ ਸਾਰੇ ਪਿੰਡਾਂ 'ਚ ਦਲਿਤਾ 'ਤੇ ਹੋਰ ਰਹੇ ਅੱਤਿਆਚਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਦੇ ਜ਼ਿਲਾ ਆਗੂ ਜਲੰਧਰ ਸਿੰਘ, ਰਾਜਾ ਸਿੰਘ ਮਹਾਂਬੱਧਰ, ਹਰਵਿੰਦਰ ਸਿੰਘ ਮਹਾਂਬੱਧਰ ਆਦਿ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਜਾਗਰੂਕ ਲੋਕ ਮੌਜੂਦ ਸਨ।