ਜ਼ਮੀਨ ਪ੍ਰਾਪਤੀ ਲਈ ਦਲਿਤਾਂ ਵਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ

06/25/2020 3:44:44 PM

ਭਵਾਨੀਗੜ੍ਹ (ਵਿਕਾਸ, ਸੰਜੀਵ): ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਘਰਾਚੋਂ ਦੇ ਦਲਿਤ ਭਾਈਚਾਰੇ ਵਲੋਂ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਤੋਂ ਪਿੰਡ ਤੱਕ ਕਾਲੀਆਂ ਪੱਟੀਆਂ ਬੰਨ੍ਹ ਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਡੰਮੀ ਬੋਲੀ ਰੱਦ ਕਰਨ ਦੀ ਮੰਗ ਕੀਤੀ।

ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਕਾਈ ਪ੍ਰਧਾਨ ਗੁਰਚਰਨ ਸਿੰਘ ਅਤੇ ਚਰਨਜੀਤ ਕੌਰ ਨੇ ਦੱਸਿਆ ਕਿ ਤਪਦੀ ਗਰਮੀ 'ਚ ਪਿਛਲੇ ਇੱਕ ਮਹੀਨੇ ਤੋਂ ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕ ਆਪਣੇ ਹਿੱਸੇ ਦੀ ਰਾਖਵੀਂ ਜ਼ਮੀਨ ਦੀ ਡੰਮੀ ਬੋਲੀ ਰੱਦ ਕਰਵਾ ਕੇ ਸਾਂਝੀ ਖੇਤੀ ਲਈ ਜ਼ਮੀਨ ਹਾਸਲ ਕਰਨ ਲਈ ਤੀਜੇ ਹਿੱਸੇ ਦੀ ਜ਼ਮੀਨ 'ਚ ਮੋਰਚਾ ਲਗਾ ਕੇ ਬੈਠੇ ਹਨ ਪਰ ਪ੍ਰਸ਼ਾਸਨ ਵੱਲੋਂ ਸਿਆਸੀ ਦਬਾਅ ਹੇਠ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਕਾਂਗਰਸੀ ਚੌਧਰੀਆਂ ਅਤੇ  ਪੰਚਾਇਤ ਮੈਂਬਰਾਂ ਵਲੋਂ ਪ੍ਰਸ਼ਾਸਨ ਨਾਲ ਮਿਲ ਕੇ ਡੰਮੀ ਬੋਲੀ ਕਰਵਾ ਕੇ ਪਿਛਲੇ ਪੰਜ ਸਾਲਾਂ ਤੋਂ ਸਾਂਝੀ ਖੇਤੀ ਕਰਦੇ ਆ ਰਹੇ 174 ਪਰਿਵਾਰਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਕਾਂਗਰਸੀ ਚੌਧਰੀਆਂ ਦੇ ਚਹੇਤਿਆਂ ਨੂੰ ਸਾਰੀ ਜ਼ਮੀਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਅੱਜ ਜ਼ਮੀਨ 'ਚ ਇਕੱਠੇ ਹੋਏ ਸੈਂਕੜੇ ਮਰਦ ਔਰਤਾਂ ਵਲੋਂ ਸਿਰ ਉੱਪਰ ਕਾਲੀਆਂ ਪੱਟੀਆਂ ਬੰਨ੍ਹ ਕੇ ਪਿੰਡ ਤੱਕ ਢਾਈ ਕਿਲੋਮੀਟਰ ਲੰਮਾ ਰੋਸ ਮਾਰਚ ਕੀਤਾ ਗਿਆ ਅਤੇ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਗਈ। ਸੰਘਰਸ਼ ਕਮੇਟੀ ਨੇ ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਜਲਦ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕੇਵਲ ਸਿੰਘ, ਰਾਮਾ ਸਿੰਘ, ਗਗਨਦੀਪ ਸਿੰਘ, ਮਿੱਠੂ ਸਿੰਘ, ਸੁਖਪਾਲ ਕੌਰ, ਮੱਘਰ ਸਿੰਘ ਵੀ ਹਾਜ਼ਰ ਸਨ।


Shyna

Content Editor

Related News