ਸੇਵਾਮੁਕਤ ਚੌਕੀਦਾਰਾਂ ਨੇ ਆਪਣੇ ਖੂਨ ਨਾਲ ਭਰੇ ਪਿਆਲੇ ਅਧਿਕਾਰੀਆਂ ਨੂੰ ਸੌਂਪੇ

02/12/2019 1:10:39 AM

ਚੰਡੀਗਡ਼੍ਹ, (ਭੁੱਲਰ)- ਅੱਜ ਇਥੇ ਖੁਰਾਕ ਸਪਲਾਈ ਵਿਭਾਗ ਦੇ ਮੁੱਖ ਦਫ਼ਤਰ ਅਨਾਜ ਭਵਨ ਅੱਗੇ ਸੇਵਾਮੁਕਤ ਚੌਕੀਦਾਰਾਂ ਦੀ ਪੈਨਸ਼ਨ ਬੰਦ ਕੀਤੇ ਜਾਣ ਦੇ ਵਿਰੋਧ ’ਚ ਮੁਲਾਜ਼ਮ ਜਥੇਬੰਦੀਆਂ ਵਲੋਂ ਮਿਲ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੇਵਾਮੁਕਤ ਚੌਕੀਦਾਰ ਸਰਕਾਰ ਦੇ ਅਧਿਕਾਰੀਆਂ ਨੂੰ ਪੇਸ਼ ਕਰਨ ਲਈ ਆਪਣੇ ਖੂਨ ਦੇ ਪਿਆਲੇ ਭਰ ਕੇ ਨਾਲ ਲਿਆਏ ਸਨ। ਕਈ ਬਿਰਧ ਚੌਕੀਦਾਰਾਂ ਨੇ ਵਿੱਤ ਵਿਭਾਗ ਦੇ ਫੈਸਲੇ ਖਿਲਾਫ਼ ਰੋਸ ਜਤਾਉਂਦਿਆਂ ਕਿਹਾ ਕਿ ਸਾਡੀ ਪੈਨਸ਼ਨ ਤਾਂ ਬੰਦ ਕਰ ਦਿੱਤੀ ਹੈ ਤੇ ਹੁਣ ਸਾਡਾ ਖੂਨ ਵੀ ਪੀ ਲਓ। ਇਸ ਪ੍ਰਦਰਸ਼ਨ ’ਚ ਵਿਭਾਗ ਦੇ ਦਰਜਾ ਚਾਰ ਕਾਮੇ ਅਤੇ ਕਾਂਟ੍ਰੈਕਟ ਮੁਲਾਜ਼ਮ ਵੀ ਵੱਡੀ ਗਿਣਤੀ ’ਚ ਸ਼ਾਮਲ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ। ਰੋਸ ਪ੍ਰਦਰਸ਼ਨ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੂੰ ਖੂਨ ਦੇ ਭਰੇ ਪਿਆਲੇ ਰੋਸ ਵਜੋਂ ਸੌਂਪੇ ਗਏ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ। 
ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੈਨਸ਼ਨ ਬੰਦ ਕਰਨ ਦੇ ਫੈਸਲੇ ਤੋਂ ਪਹਿਲਾਂ ਹਾਈਕੋਰਟ ਦੇ ਨਿਰਦੇਸ਼ਾਂ ਨੂੰ ਵੀ ਧਿਆਨ ਵਿਚ ਨਹੀਂ ਰੱਖਿਆ ਗਿਆ। ਰੋਸ  ਪ੍ਰਦਰਸ਼ਨ  ਦੀ ਅਗਵਾਈ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰ ਸੱਜਣ ਸਿੰਘ, ਸਕੱਤਰ ਜਨਰਲ ਅਤੇ (ਸਟੇਟ ਸਬ ਕਮੇਟੀ ਖੁਰਾਕ ਤੇ ਸਪਲਾਈ ਵਿਭਾਗ) ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ। ਰਣਜੀਤ ਸਿੰਘ ਰਾਣਵਾਂ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਕੀਤੀ। ਮੁਲਾਜ਼ਮਾਂ ਦੇ ਰੋਸ ਨੂੰ ਦੇਖਦੇ ਹੋਏ ਗੁਰਪ੍ਰੀਤ ਸਿੰਘ ਢੇਸੀ ਓ.ਐੱਸ.ਡੀ. ਮੁੱਖ ਮੰਤਰੀ ਵੱਲੋਂ ਮੌਕੇ ’ਤੇ ਆ ਕੇ ਮੁਲਾਜ਼ਮਾਂ ਕੋਲੋਂ ਮੰਗ ਪੱਤਰ ਲਿਆ ਗਿਆ ਤੇ ਉਨ੍ਹਾਂ ਨੂੰ ਜਲਦੀ ਹੀ ਖਜ਼ਾਨਾ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। 

KamalJeet Singh

This news is Content Editor KamalJeet Singh