ਪੀ.ਐੱਸ.ਯੂ. ਵਲੋਂ ਜੇ.ਐਨ.ਯੂ ''ਤੇ ਹਮਲੇ ਖਿਲਾਫ ਵਰਦੇ ਮੀਂਹ ''ਚ ਰੋਸ ਪ੍ਰਦਰਸ਼ਨ

01/07/2020 3:49:08 PM

ਮੋਗਾ (ਗੋਪੀ ਰਾਊਕੇ): ਅੱਜ ਪੰਜਾਬ ਸਟੂਡੈਂਟ ਯੂਨੀਅਨ ਵਲੋਂ ਸਰਕਾਰੀ ਆਈਟੀਆਈ ਲੜਕੀਆਂ, ਸਰਕਾਰੀ ਆਈਟੀਆਈ (ਲੜਕੇ) ਮੋਗਾ ਵਿਖੇ ਜੇਐਨਯੂ ਦੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ 'ਤੇ ਕੀਤੇ ਬੀਜੇਪੀ ਦੇ ਗੁੰਡਿਆਂ ਵਲੋਂ ਹਮਲੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੋਦੀ-ਸ਼ਾਹ ਜੁੰਡਲੀ ਆਪਣੇ ਫਾਸੀਵਾਦੀ ਮਨਸੂਬਿਆਂ ਨੂੰ ਦੇਸ਼ 'ਤੇ ਥੋਪਣਾ ਚਾਹੁੰਦੀ ਹੈ ਅਤੇ ਇਹ ਸਾਰਾ ਕੁਝ ਉਹ ਹਿੰਦੂ, ਹਿੰਦੀ ਤੇ ਹਿੰਦੁਸਤਾਨ ਦੇ ਨਾਂ ਤੇ ਕਰ ਰਹੀ ਹੈ, ਜਦੋਂ ਕਿ ਉਨ੍ਹਾਂ ਦੇ ਫਾਸ਼ੀਵਾਦ ਦਾ ਦੇਸ਼ ਦੇ ਕਿਰਤੀ ਹਿੰਦੂਆਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਮੋਦੀ-ਸ਼ਾਹ ਦਾ ਅਸਲ ਏਜੰਡਾ ਦੇਸ਼ੀ ਵਿਦੇਸ਼ੀ ਕਾਰਪੋਰੇਟ ਦੀ ਸੇਵਾ ਅਤੇ ਮੁਲਕ ਦੇ ਕਿਰਤੀ ਲੋਕਾਂ ਵਿਚ ਵੰਡੀਆਂ ਪਾਉਣਾ ਹੈ ਅਤੇ ਸਾਨੂੰ ਹਿੰਦੂ ਵਰਗ ਵਿਚੋਂ ਮੋਦੀ-ਸ਼ਾਹ ਦੀ ਅਸਲ ਖਸਲਤ ਬੇਪਰਦ ਕਰਨੀ ਪਵੇਗੀ।

ਬੁਲਾਰਿਆਂ ਨੇ ਕਿਹਾ ਕਿ ਅੱਜ ਦੇਸ਼ ਦੀਆਂ ਯੂਨੀਵਰਸਿਟੀਆਂ ਦਾ ਵਿਦਿਆਰਥੀ ਮੋਦੀ-ਸ਼ਾਹ ਦੇ ਏਜੰਡੇ ਦੀ ਅਸਲੀਅਤ ਨੂੰ ਸਮਝ ਹੀ ਨਹੀਂ ਚੁੱਕਾ ਬਲਕਿ ਸੰਘਰਸ਼ ਦੀ ਮੋਹਰਲੀ ਕਤਾਰ ਵਿਚ ਹੈ, ਇਸੇ ਕਰਕੇ ਪਹਿਲਾਂ ਜਾਮੀਆ ਮਿਲੀਆ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਨਿਸ਼ਾਨਾ ਬਣਾਏ ਗਏ ਅਤੇ ਹੁਣ ਜੇ.ਐੱਨ.ਯੂ 'ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਇਸ ਹਮਲੇ ਦੀ ਸਿਆਸੀ ਕੀਮਤ ਚੁਕਾਉਣੀ ਪਵੇਗੀ।ਇਸ ਮੌਕੇ ਆਈਟੀਆਈ ਐਂਪਲਾਈਜ਼ ਯੂਨੀਅਨ ਦੇ ਆਗੂ ਨਿਰਮਲ ਸਿੰਘ, ਜਗਤਾਰ ਸਿੰਘ ਦੌਧਰ, ਅਤੇ ਨਵ ਗਿੱਲ ਡਾਲਾ, ਖੁਸ਼ਦੀਪ ਸਿੰਘ,ਨਵਜੀਤ ਸਿੰਘ, ਬੇਅੰਤ ਕੌਰ,ਪਰਮਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।


Shyna

Content Editor

Related News