ਹਜ਼ਾਰਾਂ ਬਿਜਲੀ ਕਾਮਿਆਂ ਘੇਰਿਆ ਪਾਵਰਕਾਮ ਦਾ ਮੁੱਖ ਦਫ਼ਤਰ

01/04/2020 12:59:50 PM

ਪਟਿਆਲਾ (ਜੋਸਨ): ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਨਾਲ ਜੁੜੇ ਪੰਜਾਬ ਭਰ ਤੋਂ ਹਜ਼ਾਰਾਂ ਬਿਜਲੀ ਕਾਮਿਆਂ ਨੇ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਵਿਸ਼ਾਲ ਧਰਨਾ ਦੇ ਕੇ ਮੁੱਖ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਜਿੱਥੇ ਧਰਨੇ ਕਾਰਣ ਆਵਾਜਾਈ ਵੀ ਪੂਰੀ ਤਰ੍ਹਾਂ ਪ੍ਰਭਾਵਤ ਹੋਈ, ਉਥੇ ਹੀ ਸਾਰਾ ਦਿਨ ਸਰਕਾਰ ਵਿਰੋਧੀ ਨਾਅਰੇ ਸ਼ਹਿਰ ਵਿਚ ਗੂੰਜਦੇ ਰਹੇ। ਇਸ ਮੌਕੇ ਆਗੂਆਂ ਫਰਵਰੀ ਦੇ ਦੂਜੇ ਹਫ਼ਤੇ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ।ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਨੇ ਦੱਸਿਆ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਨਾਲ ਮੀਟਿੰਗਾਂ ਵਿਚ ਕੀਤੇ ਸਮਝੌਤੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਮੁਨਕਰ ਹੋ ਰਹੀ ਹੈ। ਇਸ ਕਾਰਣ ਸਾਰੇ ਹੀ ਮਸਲੇ ਪੈਂਡਿੰਗ ਹਨ। ਮੁਲਾਜ਼ਮਾਂ ਵਿਚ ਰੋਸ ਵਧਦਾ ਜਾ ਰਿਹਾ ਹੈ।

PunjabKesari

ਇਹ ਹਨ ਮੰਗਾਂ
1. 12. 2011 ਤੋਂ ਪੇ-ਬੈਂਡ ਦੇਣਾ, 23 ਸਾਲ ਦੀ ਸੇਵਾ ਦਾ ਲਾਭ ਮੌਜੂਦਾ ਕਰਮਚਾਰੀਆਂ ਸਮੇਤ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਨੂੰ ਬਣਦੀ ਤਾਰੀਖ ਤੋਂ ਬਿਨਾਂ ਸ਼ਰਤ ਦੇਣਾ, ਕੰਟਰੈਕਟ 'ਤੇ ਕੰਮ ਕਰਦੇ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨਾ, ਬੰਦ ਕੀਤੇ ਥਰਮਲ ਪਲਾਂਟਾਂ ਦੀ ਥਾਂ ਰੋਪੜ ਵਿਖੇ ਪੜਾਅਵਾਰ ਸੁਪਰ-ਕ੍ਰਿਟੀਕਲ ਪਲਾਂਟ ਅਤੇ ਬਠਿੰਡਾ ਵਿਖੇ 60 ਮੈਗਾਵਾਟ ਦਾ ਪਰਾਲੀ ਨਾਲ ਚੱਲਣ ਵਾਲਾ ਪਲਾਂਟ ਲਵਾਉਣਾ, ਕੰਟਰੈਕਟ 'ਤੇ ਕੰਮ ਕਰਦੇ ਮੀਟਰ ਰੀਡਰ, ਬਿੱਲ ਵੰਡਕ, ਖਜ਼ਾਨਚੀਆਂ ਨੂੰ ਤਨਖਾਹ 8 ਘੰਟੇ ਦੇ ਹਿਸਾਬ ਨਾਲ ਡੀ. ਸੀ. ਦਰਾਂ 'ਤੇ ਦੇਣਾ, ਅਗੇਤ ਅਧਾਰ 'ਤੇ ਨੌਕਰੀ ਯੋਗਤਾ ਅਨੁਸਾਰ ਦੇਣਾ, ਜੂਨੀਅਰ ਮੀਟਰ ਰੀਡਰ ਅਤੇ ਹੇਠਲੀ ਸ਼੍ਰੇਣੀ ਕਲਰਕ ਤੋਂ ਕੰਪਿਊਟਰ ਯੋਗਤਾ ਸਰਟੀਫਿਕੇਟ ਸਬੰਧੀ ਰੋਕੀਆਂ ਸਾਲਾਨਾ ਤਰੱਕੀਆਂ ਚਾਲੂ ਕਰਨਾ ਅਤੇ ਸਾਰੇ ਵਰਗਾਂ ਦੀਆਂ ਬਣਦੀਆਂ ਤਰੱਕੀਆਂ ਕਰਨਾ ਆਦਿ ਮਸਲੇ ਜਿਉਂ ਦੇ ਤਿਉਂ ਹਨ। ਧਰਨੇ ਵਿਚ ਪੰਜਾਬ ਸਰਕਾਰ ਤੋਂ 1. 1. 2016 ਤੋਂ ਡਿਊ ਪੇ-ਰਿਵੀਜ਼ਨ ਤੁਰੰਤ ਕਰਨ, ਬਿਜਲੀ ਦੇ ਵਧਦੇ ਰੇਟਾਂ ਤੋਂ ਨਿਜਾਤ ਲਈ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਪਾਵਰ ਪ੍ਰਚੇਜ਼ ਸਮਝੌਤਿਆਂ ਦਾ ਰੀਵਿਊ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਬਕਾਇਆ ਰਕਮ ਜਾਰੀ ਕਰਨ ਅਤੇ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਪੇ-ਬੈਂਡ ਦੀ ਥਾਂ ਪੂਰਾ ਤਨਖਾਹ ਸਕੇਲ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਵਰ੍ਹਿਆਂਬੱਧੀ ਕੰਮ ਕਰਨ ਵਾਲੇ ਕੰਟਰੈਕਟ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਸ. ਲ. ਮ. ਨੂੰ ਸੈਮੀ-ਸਕਿੱਲਡ ਦੀ ਥਾਂ ਪੂਰਾ ਤਨਖਾਹ ਸਕੇਲ ਦੇਣ ਦੀ ਵੀ ਮੰਗ ਕੀਤੀ।

ਮਨਜ਼ੂਰ ਅਸਾਮੀਆਂ ਘਟਾ ਕੇ ਬੇਰੋਜ਼ਗਾਰੀ ਪੈਦਾ ਕਰਨ ਦੇ ਲਾਏ ਦੋਸ਼
ਆਗੂਆਂ ਨੇ ਹੋਰ ਦੋਸ਼ ਲਾਇਆ ਕਿ ਮੈਨੇਜਮੈਂਟ ਮਨਮਾਨੇ ਢੰਗ ਨਾਲ ਮਨਜ਼ੂਰ ਅਸਾਮੀਆਂ ਨੂੰ ਘਟਾ ਰਹੀ ਹੈ ਤਾਂ ਕਿ ਬਣਦੀ ਭਰਤੀ ਅਤੇ ਤਰੱਕੀਆਂ ਨਾ ਹੋ ਸਕਣ। ਘਟਾਈਆਂ ਅਸਾਮੀਆਂ ਅਨੁਸਾਰ ਵੀ ਹਜ਼ਾਰਾਂ ਖਾਲੀ ਅਸਾਮੀਆਂ ਨੂੰ ਭਰਨ ਦੀ ਥਾਂ ਰੈਗੂਲਰ ਕੰਮਾਂ ਨੂੰ ਪ੍ਰਾਈਵੇਟ ਕੰਪਨੀਆਂ ਅਤੇ ਬਾਹਰੀ ਸਰੋਤਾਂ ਤੋਂ ਘਟੀਆ ਮਿਆਰ ਰਾਹੀਂ ਵਾਧੂ ਖਰਚਾ ਕਰ ਕੇ ਕਰਵਾ ਰਹੀ ਹੈ, ਜਿਸ ਕਾਰਣ ਬਿਜਲੀ ਨਿਗਮ 'ਤੇ ਬੇਲੋੜਾ ਵਾਧੂ ਬੋਝ ਪੈ ਰਿਹਾ ਹੈ। ਆਗੂਆਂ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ 'ਤੇ ਦੋਸ਼ ਲਾਇਆ ਕਿ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਟਕਰਾਅ ਵਾਲੀ ਨੀਤੀ ਅਪਣਾ ਰਹੀ ਹੈ। ਬਿਨਾਂ ਕਿਸੇ ਸ਼ਿਕਾਇਤ ਦੇ ਟਰੇਡ ਯੂਨੀਅਨ ਆਗੂਆਂ ਅਤੇ ਵਰਕਰਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ।

ਡਾਇਰੈਕਟਰਾਂ ਦਾ ਹੋਵੇਗਾ ਕਾਲੇ ਝੰਡਿਆਂ ਨਾਲ ਘਿਰਾਓ
ਧਰਨੇ ਦੇ ਅੰਤ ਵਿਚ ਜੁਆਇੰਟ ਫੋਰਮ ਦੇ ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਐਲਾਨ ਕੀਤਾ ਕਿ ਜੇਕਰ ਮੰਨੀਆਂ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਸਮੇਤ ਦੋਵੇਂ ਬਿਜਲੀ ਨਿਗਮਾਂ ਦੇ ਚੇਅਰਮੈਨ ਅਤੇ ਡਾਇਰੈਕਟਰਾਂ ਦੇ ਸਰਕਾਰੀ ਦੌਰਿਆਂ ਸਮੇਂ ਫੀਲਡ ਵਿਚ ਉਨ੍ਹਾਂ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਜਾਰੀ ਰੱਖਣਗੇ। ਜੇਕਰ ਫਿਰ ਵੀ ਮੈਨੇਜਮੈਂਟ ਨੇ ਬਿਜਲੀ ਕਾਮਿਆਂ ਦੀਆਂ ਮੰਗਾਂ ਮੰਨਣ ਵੱਲ ਧਿਆਨ ਨਾ ਦਿੱਤਾ ਤਾਂ ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਵੱਲੋਂ ਫਰਵਰੀ ਦੇ ਦੂਜੇ ਹਫਤੇ ਸੂਬਾਈ ਪੱਧਰ 'ਤੇ ਹੜਤਾਲ ਕਰ ਕੇ ਸੰਘਰਸ਼ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕਰਨ ਦਾ ਐਲਾਨ ਕੀਤਾ ਗਿਆ।

ਇਨ੍ਹਾਂ ਆਗੂਆਂ ਨੇ ਕੀਤਾ ਧਰਨੇ ਨੂੰ ਸੰਬੋਧਨ
ਧਰਨੇ ਨੂੰ ਜੁਆਇੰਟ ਫੋਰਮ ਦੇ ਸੂਬਾਈ ਨੇਤਾ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰ, ਜਗਜੀਤ ਸਿੰਘ, ਹਰਪਾਲ ਸਿੰਘ, ਜ਼ੈਲ ਸਿੰਘ, ਫਲਜੀਤ ਸਿੰਘ, ਵਿਜੇ ਕੁਮਾਰ ਸ਼ਰਮਾ, ਬਲਵਿੰਦਰ ਸਿੰਘ ਸੰਧੂ, ਬ੍ਰਿਜ ਲਾਲ, ਰਣਬੀਰ ਸਿੰਘ ਪਾਤੜਾਂ, ਅਵਤਾਰ ਸਿੰਘ ਕੈਂਥ, ਸੁਰਿੰਦਰਪਾਲ ਸ਼ਰਮਾ, ਸਿਕੰਦਰ ਨਾਥ, ਰਵੇਲ ਸਿੰਘ ਸਹਾਏਪੁਰ, ਕੰਵਲਜੀਤ ਸਿੰਘ, ਹਰਜਿੰਦਰ ਸਿੰਘ ਦੁਧਾਲਾ, ਅਮਰੀਕ ਸਿੰਘ ਨੂਰਪੁਰ, ਮਹਿੰਦਰ ਨਾਥ, ਕਰਮ ਚੰਦ ਖੰਨਾ, ਸੁਖਮਿੰਦਰ ਸਿੰਘ ਅਤੇ ਕੁਲਜੀਤ ਸਿੰਘ ਰਟੌਲ ਨੇ ਸੰਬੋਧਨ ਕੀਤਾ।

ਇਹ ਜੱਥੇਬੰਦੀਆਂ ਸਨ ਧਰਨੇ 'ਚ ਸ਼ਾਮਲ
ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ, ਇੰਪਲਾਈਜ਼ ਫੈੱਡਰੇਸ਼ਨ ਪੀ. ਐੱਸ. ਈ. ਬੀ., ਪੀ. ਐੱਸ. ਈ. ਬੀ. ਕਰਮਚਾਰੀ ਦਲ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਵਰਕਰਜ਼ ਫੈੱਡਰੇਸ਼ਨ ਪੀ. ਐੱਸ. ਪੀ. ਸੀ. ਐੱਲ., ਪੀ. ਐੱਸ. ਟੀ. ਸੀ. ਐੱਲ., ਪੀ. ਐੱਸ. ਈ. ਬੀ. ਥਰਮਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਸੰਘ ਅਤੇ ਪੀ. ਐੱਸ. ਈ. ਬੀ. ਹੈੱਡ ਆਫਿਸ ਇੰਪਲਾਈਜ਼ ਫੈੱਡਰੇਸ਼ਨ।


Shyna

Content Editor

Related News