ਅਕਾਲੀ ਕੌਂਸਲਰਾਂ ਦਾ ਵਿਕਾਸ ਕੰਮਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ 7ਵੇਂ ਦਿਨ ਵੀ ਜਾਰੀ

10/16/2019 2:02:18 PM

ਫਤਿਹਗੜ੍ਹ ਸਾਹਿਬ (ਜੱਜੀ)—ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਸਰਹਿੰਦ ਸ਼ਹਿਰ ਵਿਖੇ ਸਦਨਾ ਭਗਤ ਦੀ ਮਸੀਤ ਤੋਂ ਲੈ ਕੇ ਖ਼ਾਨਪੁਰ ਚੁੰਗੀ ਸਰਹਿੰਦ ਤੱਕ ਸੜਕ ਦੀ ਖਸਤਾ ਹਾਲਤ ਅਤੇ ਸਰਹਿੰਦ ਸ਼ਹਿਰ ਵਿਚ ਵਿਕਾਸ ਕੰਮ ਨਾ ਹੋਣ ਨੂੰ ਲੈ ਕੇ ਅਕਾਲੀ ਕੌਂਸਲਰਾਂ ਨਗਰ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਰਾਜਵਿੰਦਰ ਕੌਰ ਸੋਹੀ, ਕੌਂਸਲਰ ਸਰਬਜੀਤ ਕੌਰ ਅਤੇ ਕੌਂਸਲਰ ਅਜੈਬ ਸਿੰਘ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ 7ਵੇਂ ਦਿਨ ਵੀ ਜਾਰੀ ਰਿਹਾ। ਅੱਜ ਇਸ ਧਰਨੇ ਵਿਚ ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਸ਼ੇਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ।

ਸ਼ੇਰ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਜੋ ਵੀ ਵਿਕਾਸ ਕੰਮ ਚੱਲ ਰਹੇ ਹਨ ਉਹ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਸ਼ੁਰੂ ਹੋਏ ਸਨ। ਸ਼ਹਿਰ ਵਿਚ ਸੀਵਰੇਜ ਪਾਉਣ ਦਾ ਕੰਮ ਅਕਾਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ । ਜਦੋਂ ਦੀ ਕਾਂਗਰਸ ਸਰਕਾਰ ਪੰਜਾਬ ਵਿਚ ਬਣੀ ਹੋਈ ਹੈ ਉਦੋਂ ਤੋਂ ਹੀ ਸੀਵਰੇਜ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ। ਇਹ ਸੀਵਰੇਜ ਪਾਉਣ ਦਾ ਕੰਮ 18 ਮਹੀਨਿਆਂ ਵਿਚ ਪੂਰਾ ਹੋਣਾ ਸੀ ਅਤੇ ਇਸ ਕੰਮ ਨੂੰ ਚੱਲਦਿਆਂ ਲਗਭਗ 3 ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਹਿੰਦ ਸ਼ਹਿਰ ਦੇ ਆਲੇ-ਦੁਆਲੇ ਲੰਘਣ ਵਾਲੀ ਸੜਕ ਦੀ ਖਸਤਾ ਹਾਲਤ ਕਾਰਣ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ 7 ਨਵੰਬਰ ਨੂੰ ਦਸ਼ਨਾਮੀ ਅਖਾੜਾ ਵਿਚ ਸਾਲਾਨਾ ਸਮਾਗਮ ਹੋਣਾ ਹੈ ਜਿਸਦਾ ਨਗਰ ਕੀਰਤਨ ਸਰਹਿੰਦ ਸ਼ਹਿਰ ਵਿਚੋਂ ਹੀ ਲੰਘਣਾ ਹੈ ਅਤੇ ਪੂਰੇ ਦੇਸ਼ ਵਿਚੋਂ ਪਹੁੰਚਣ ਵਾਲੇ ਸੰਤ ਇਹ ਵਿਕਾਸ ਦੇਖਣਗੇ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵੀ ਅਗਲੇ ਮਹੀਨੇ ਗੁਰ. ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਨਗਰ ਕੀਰਤਨ ਸਜਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਲੱਗੇ ਕੂੜੇ ਦੇ ਢੇਰ ਸਫਾਈ ਵਿਵਸਥਾ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਸਟਰੀਟ ਲਾਈਟਾਂ ਵੀ ਸ਼ਹਿਰ ਦੀਆਂ ਖਰਾਬ ਹੀ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਕੰਮਾਂ ਅਤੇ ਹੋਰ ਕੰਮਾਂ ਵਿਚ ਆਈ ਖੜੋਤ ਕਾਂਗਰਸ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਕਾਰਣ ਹੈ।

ਰੋਸ ਧਰਨਾ ਦੇ ਰਹੇ ਕੌਂਸਲਰ ਅਜੈਬ ਸਿੰਘ, ਕੌਂਸਲਰ ਰਾਜਵਿੰਦਰ ਕੌਰ ਸੋਹੀ ਅਤੇ ਕੌਂਸਲਰ ਸਰਬਜੀਤ ਕੌਰ ਨੇ ਦੱਸਿਆ ਕਿ ਸਰਹਿੰਦ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਸੀਵਰੇਜ ਦਾ ਕੰਮ ਬਹੁਤ ਹੌਲੀ ਰਫਤਾਰ ਨਾਲ ਚੱਲ ਿਰਹਾ ਹੈ। ਨਗਰ ਕੌਂਸਲ ਵੱਲੋਂ ਸਰਹਿੰਦ ਸ਼ਹਿਰ ਵਿਖੇ ਪਾਣੀ ਵਾਲੀ ਟੈਂਕੀ ਪਾਸ ਹੋਈ ਸੀ। ਉਸਦਾ 70 ਲੱਖ ਰੁਪਏ ਦਾ ਚੈੱਕ ਕੱਟਣ ਤੋਂ ਬਾਅਦ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਉਹ ਚੈੱਕ ਕੱਟਿਆ ਜਾਵੇ, ਨਗਰ ਕੌਂਸਲ ਵੱਲੋਂ ਸਰਹਿੰਦ ਸ਼ਹਿਰ ਲਈ ਇਕ ਲਾਇਬ੍ਰੇਰੀ ਪਾਸ ਕੀਤੀ ਗਈ ਸੀ, ਜਿਸਦਾ ਟੈਂਡਰ ਲਗਾਇਆ ਜਾਵੇ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਮ ਪਬਲਿਕ ਦੇ ਖਾਤਿਆਂ ਵਿਚ ਪਾਏ ਜਾਣ, ਸਰਹਿੰਦ ਸ਼ਹਿਰ ਦੇ ਬਾਜ਼ਾਰ ਵਾਲੀ ਸੜਕ ਤੰਗ ਹੈ, ਇਸ ਲਈ ਬਾਜ਼ਾਰ ਵਿਚ ਵੱਡੀਆਂ ਗੱਡੀਆਂ ਨਹੀਂ ਜਾ ਸਕਦੀਆਂ, ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਵਾਸਤੇ ਫਾਇਰ ਪੁਆਇੰਟ (ਹਾਈਡੈਂਟ) ਲਗਾਏ ਜਾਣ ਦਾ ਮਤਾ ਨਗਰ ਕੌਂਸਲ ਵਿਚ ਪਾਸ ਕੀਤਾ ਜਾਵੇ, ਨਗਰ ਕੌਂਸਲ ਵੱਲੋਂ ਸਰਕਾਰੀ ਜਗ੍ਹਾ ਵਿਚ ਸਰਹਿੰਦ ਸ਼ਹਿਰ ਵਿਖੇ ਪਾਰਕਿੰਗ ਬਣਾਈ ਜਾਵੇ ਜਿਸ ਨਾਲ ਨਗਰ ਕੌਂਸਲ ਨੂੰ ਆਮਦਨ ਵੀ ਹੋਵੇਗੀ, ਗਊਸ਼ਾਲਾ ਵੀ ਬਣਾਈ ਜਾਵੇ, ਸਰਹਿੰਦ ਸ਼ਹਿਰ ਅਤੇ ਨਗਰ ਕੌਂਸਲ ਅਧੀਨ ਪੈਂਦੀਆਂ ਕਈ ਥਾਵਾਂ ਦੀ ਜਾਇਦਾਦ ਲਾਲ ਲਕੀਰ ਵਿਚ ਆਉਂਦੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਜਗ੍ਹਾ ਨੂੰ ਰਜਿਸਟਰਡ ਕੀਤਾ , ਕੂੜੇ ਦਾ ਡੰਪ ਇਥੋਂ ਤਬਦੀਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਪਰੋਕਤ ਮੰਗਾਂ ਬਾਰੇ ਪਹਿਲਾਂ ਵੀ ਕਈ ਵਾਰ ਮੰਗ-ਪੱਤਰ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਲਿਖਤੀ ਰੂਪ ਵਿਚ ਦੇ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਧਰਨਾ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਅਣਮਿਥੇ ਸਮੇਂ ਲਈ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਕੀਤਾ ਜਾਂਦਾ।ਇਸ ਮੌਕੇ ਰੁਬਿੰਦਰ ਸਿੰਘ ਰੂਬੀ, ਸਾਬਕਾ ਕੌਂਸਲਰ ਕੁਲਵੰਤ ਸਿੰਘ ਪੋਹਲੀ, ਸਾਬਕਾ ਕੌਂਸਲਰ ਬਲਵੀਰ ਸਿੰਘ ਬੈਲੀ, ਸੁਰੇਸ਼ ਸ਼ਰਮਾ, ਜਸਪਾਲ ਸਿੰਘ, ਜਾਗੋ ਐੱਨ. ਜੀ. ਓ. ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਹੀ, ਰਜਿੰਦਰ ਧੀਮਾਨ, ਅਮਰੀਕ ਸਿੰਘ ਬਾਸੀ, ਪਰਮਜੀਤ ਸਿੰਘ, ਗੁਰਦੀਪ ਸਿੰਘ, ਨਿਰਮਲ ਦਾਸ ਅਤੇ ਹੋਰ ਹਾਜ਼ਰ ਸਨ।


Shyna

Content Editor

Related News