ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਧਰਮਸੋਤ ਨੂੰ ਕਲੀਨ ਚਿੱਟ ਦੇਣਾ ਕਾਂਗਰਸ ਦਾ ਦੂਜਾ ਘਪਲਾ: ਗੜ੍ਹੀ

10/03/2020 5:10:44 PM

ਸੰਗਰੂਰ (ਦਲਜੀਤ ਸਿੰਘ ਬੇਦੀ): ਬਹੁਜਨ ਸਮਾਜ ਪਾਰਟੀ ਨੇ ਅੱਜ ਸੰਗਰੂਰ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰੇ ਦੇ ਇਕੱਠ ਦਾ ਰਿਕਾਰਡ ਤੋੜਦੇ ਹੋਏ ਅੱਜ ਸੰਗਰੂਰ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਪ੍ਰੋਗਰਾਮ 'ਚ ਮੁੱਖ ਮਹਿਮਾਨ ਸੂਬਾ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਪਾਲ ਤੇ ਸ੍ਰੀ ਵਿਪਲ ਕੁਮਾਰ ਸ਼ਾਮਲ ਹੋਏ। ਬੈਨੀਪਾਲ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਉਪਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਜੋਕਿ ਗਲਤ ਹੈ, ਇਸ ਘਪਲੇ ਦੀ ਸੀ.ਬੀ. ਆਈ. ਤੋਂ ਜਾਂਚ ਹੋਵੇ ਕਿਉਂਕਿ ਦੋਵਾਂ ਰਿਪੋਰਟਾਂ 'ਚ ਵੱਖ-ਵੱਖ ਤੱਥ ਹਨ।ਵਿਪਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਪਿਛੜੇ ਵਰਗਾਂ ਓ.ਬੀ.ਸੀ. ਨੂੰ ਬਣਦਾ ਮੰਡਲ ਕਮਿਸ਼ਨ ਦਾ ਹੱਕ ਦੇਣ ਵਿਚ ਪਿਛਲੇ 73 ਸਾਲਾਂ ਤੋਂ ਅਸਫਲ ਸਿੱਧ ਹੋਈ ਹੈ।

ਗੜ੍ਹੀ ਨੇ ਕਿਹਾ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣਾ ਪੋਸਟ ਮੈਟ੍ਰਿਕ ਸਕਲਸ਼ਿਪ ਸਕੀਮ ਵਿੱਚ ਦੂਜਾ ਘਪਲਾ ਹੈ। ਬਸਪਾ ਪੋਸਟ ਮੈਟ੍ਰਿਕ ਵਜੀਫ਼ਾ ਸਕੀਮ ਲਾਗੂ ਕਰਵਾਉਣ ਹਿਤ ਲਗਾਤਾਰ ਸੜਕ ਤੇ ਸੰਘਰਸ਼ ਕਰਦੀ ਰਹੇਗੀ। ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਗੜ੍ਹੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਬਸਪਾ ਨਹੀਂ ਕਰਨ ਦੇਵੇਗੀ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਹਿਤ ਤੇ ਧਰਮਸੋਤ ਦੀ ਬਰਖਾਸਤੀ ਹਿਤ 5 ਅਕਤੂਬਰ ਨੂੰ ਬਸਪਾ ਪੰਜਾਬ ਕਾਂਗਰਸ ਦੇ ਰਾਹੁਲ ਗਾਂਧੀ ਨੂੰ ਸੰਗਰੂਰ ਵਿਖੇ ਘੇਰਨ ਦਾ ਕੰਮ ਕਰੇਗੀ। ਉਹਨਾਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ।ਉਨ੍ਹਾਂ ਨੇ ਕਾਂਗਰਸ ਭਾਜਪਾ ਨੂੰ ਦਲਿਤ ਪਿਛੜਾ ਵਿਰੋਧੀ ਗਰਦਾਨਿਆ ਜਿਸਨੇ 10.10.2014 ਦਾ ਜਾਤੀਵਾਦੀ ਨੋਟੀਫਿਕੇਸ਼ਨ ਕਰਕੇ ਦਲਿਤ ਮੁਲਾਜਮਾਂ ਨੂੰ ਤਰੱਕੀਆਂ ਦੇ ਹੱਕਾਂ ਤੋਂ ਵਾਂਝੇ ਕੀਤਾ ਹੈ। ਅੱਜ ਸੰਗਰੂਰ ਦੀ ਧਰਤੀ ਦੇ ਬਸਪਾ ਦੇ ਨੀਲੇ ਝੰਡੇ ਲੱਗੇ ਮੋਟਰ ਸਾਈਕਲਾਂ ਦਾ ਵਿਸ਼ਾਲ ਇਕੱਠ ਉਮੜਿਆ, ਜੋਕਿ ਬਸਪਾ ਦੇ ਮਜਬੂਤ ਉਭਾਰ ਦੀ ਨਿਸ਼ਾਨੀ ਹੈ। ਇਸ ਮੌਕੇ ਸੂਬਾ ਜਨਰਲ਼ ਸਕੱਤਰ ਚਮਕੌਰ ਸਿੰਘ ਵੀਰ, ਭਗਵਾਨ ਸਿੰਘ ਚੌਹਾਨ, ਡਾ ਨਛੱਤਰ ਪਾਲ, ਰਾਜਿੰਦਰ ਰੀਹਲ, ਕੁਲਦੀਪ ਸਿੰਘ ਸਰਦੂਲਗੜ੍ਹ , ਦਰਸ਼ਨ ਸਿੰਘ ਝਲੂਰ, ਰਾਣੀ ਕੌਰ ਫਰਵਾਹੀ, ਅਮਰੀਕ ਸਿੰਘ ਕੈਥ ਜਿਲ੍ਹਾ ਪ੍ਰਧਾਨ ਸੰਗਰੂਰ, ਜਸਵੀਰ ਸਿੰਘ ਬਰਨਾਲਾ ਆਦਿ ਹਾਜ਼ਰ ਸਨ।


Shyna

Content Editor

Related News