ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਟੈਂਡਰ ਹਾਸਲ ਕਰਨ ਵਾਲੀ ਕੰਪਨੀ ਦੀ ਖੁੱਲ੍ਹੀ ਪੋਲ

06/02/2023 1:10:17 PM

ਲੁਧਿਆਣਾ (ਹਿਤੇਸ਼) : ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਦਾ ਟੈਂਡਰ ਹਾਸਲ ਕਰਨ ਵਾਲੀ ਕੰਪਨੀ ਵਲੋਂ ਡੈੱਡਲਾਈਨ ਖ਼ਤਮ ਹੋਣ ਦੇ 5 ਮਹੀਨੇ ਬਾਅਦ ਵੀ ਪ੍ਰਾਜੈਕਟ ਪੂਰਾ ਨਹੀਂ ਕੀਤਾ ਹੈ। ਇਹ ਖ਼ੁਲਾਸਾ ਐੱਮ. ਪੀ. ਰਵਨੀਤ ਬਿੱਟੂ ਵਲੋਂ ਬੁਲਾਈ ਗਈ ਰਿਵਿਊ ਮੀਟਿੰਗ ’ਚ ਹੋਇਆ, ਜਿੱਥੇ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ, ਗੁਰਪ੍ਰੀਤ ਗੋਗੀ, ਡੀ. ਸੀ. ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਤੋਂ ਇਲਾਵਾ ਪੀ. ਪੀ. ਸੀ. ਬੀ. ਅਤੇ ਹੋਰ ਸਬੰਧਤ ਵਿਭਾਗਾਂ ਦੇ ਅਫ਼ਸਰ ਮੌਜੂਦ ਸਨ। ਇਸ ਦੌਰਾਨ ਸੀਵਰੇਜ ਬੋਰਡ ਵਲੋਂ ਪੇਸ਼ ਕੀਤੀ ਗਈ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਕਿ 2020 ਵਿਚ ਸ਼ੁਰੂ ਹੋਏ ਪ੍ਰਾਜੈਕਟ ਨੂੰ ਪੂਰਾ ਕਰਨ ਲਈ 2 ਸਾਲ ਦੀ ਡੈੱਡਲਾਈਨ ਫਿਕਸ ਕੀਤੀ ਗਈ ਸੀ ਪਰ ਹੁਣ ਸਿਰਫ਼ ਜਮਾਲਪੁਰ ਯੂਨਿਟ ਦਾ ਨਿਰਮਾਣ ਹੀ ਪੂਰਾ ਹੋਇਆ ਹੈ, ਜਦਕਿ ਬਲੌਕੇ ਅਤੇ ਭੱਟੀਆ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਅੱਪਗ੍ਰੇਡੇਸ਼ਨ ਦਾ ਕੰਮ ਅੱਧ-ਵਿਚਾਲੇ ਲਟਕਿਆ ਹੋਇਆ ਹੈ, ਜਿਸ ਦੇ ਅਗਸਤ ਤੱਕ ਪੂਰਾ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ- ਮੋਗਾ ਦੇ ਬੱਸ ਸਟੈਂਡ ਅੰਦਰ ਲਿਖੇ ਮਿਲੇ ਖ਼ਾਲਿਸਤਾਨ ਪੱਖੀ ਨਾਅਰੇ, CCTV 'ਚ ਕੈਦ ਹੋਏ 2 ਸ਼ੱਕੀ

ਇਸ ਤਰ੍ਹਾਂ ਬੁੱਢੇ ਨਾਲੇ ਦੇ ਕਿਨਾਰੇ ਲਾਈਨ ਵਿਛਾਉਣ ਤੋਂ ਬਾਅਦ ਰੋਡ ਅਤੇ ਸੁੰਦਰ ਨਗਰ ਨੂੰ ਛੱਡ ਕੁੰਦਨਪੁਰੀ, ਉਪਕਾਰ ਨਗਰ ਅਤੇ ਹੈਬੋਵਾਲ ’ਚ ਪੰਪਿੰਗ ਸਟੇਸ਼ਨ ਦਾ ਨਿਰਮਾਣ ਸਿਵਲ ਵਰਕ ਤੋਂ ਅੱਗੇ ਨਹੀਂ ਵਧ ਸਕਿਆ, ਜਿਸ ਦੇਰੀ ਲਈ ਕਮੇਟੀ ਵਲੋਂ ਸੀਵਰੇਜ ਬੋਰਡ ਨੂੰ ਕੰਪਨੀ ’ਤੇ ਜ਼ੁਰਮਾਨਾ ਲਗਾਉਣ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਪ੍ਰਾਜੈਕਟ ਪੂਰਾ ਨਾ ਹੋਣ ਦੀ ਵਜ੍ਹਾ ਨਾਲ ਬੁੱਢੇ ਨਾਲੇ ’ਚ ਸੀਵਰੇਜ ਦਾ ਪਾਣੀ ਪੂਰੀ ਤਰ੍ਹਾਂ ਨਾਲ ਸਾਫ ਕੀਤੇ ਬਿਨਾਂ ਡਿੱਗਣ ਦੀ ਸਮੱਸਿਆ ਆ ਰਹੀ ਹੈ।

ਇਹ ਵੀ ਪੜ੍ਹੋ- ਕੈਨੇਡਾ ਦਾ ਵੀਜ਼ਾ ਲੱਗਣ ਦੇ ਚਾਅ 'ਚ ਦਿੱਤੇ 27 ਲੱਖ, ਸੱਚ ਸਾਹਮਣੇ ਆਉਣ 'ਤੇ ਹੱਕਾ-ਬੱਕਾ ਰਹਿ ਗਿਆ ਨੌਜਵਾਨ

ਵਿਧਾਇਕ ਬੱਗਾ ਨੇ ਅਪਗ੍ਰੇਡੇਸ਼ਨ ਐਂਡ ਮੇਨਟੀਨੈਂਸ ਲਈ ਕਰੋੜਾਂ ਦੇਣ ’ਤੇ ਚੁੱਕੇ ਸਵਾਲ

ਨਿਗਮ ਵਲੋਂ ਸੀਵਰੇਜ ਟ੍ਰੀਟਮੈਂਟ ਪਲਾਟਾਂ ਦੀ ਅਪਗ੍ਰੇਡੇਸ਼ਨ ਤੋਂ ਬਾਅਦ 10 ਸਾਲ ਤੱਕ ਅਪਗ੍ਰੇਡੇਸ਼ਨ ਐਂਡ ਮੇਨਟੀਨੈਂਸ ਦੀ ਜ਼ਿੰਮੇਵਾਰੀ ਵੀ ਕੰਪਨੀ ਨੂੰ ਦਿੱਤੀ ਗਈ ਹੈ, ਜਿਸਦੇ ਲਈ 300 ਕਰੋੜ ਤੋਂ ਜ਼ਿਆਦਾ ਦੇਣ ਦਾ ਜ਼ਿਕਰ ਰਿਪੋਰਟ ’ਚ ਕੀਤਾ ਗਿਆ ਹੈ, ਜਿਸ ’ਤੇ ਵਿਧਾਇਕ ਮਦਨ ਲਾਲ ਬੱਗਾ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦ ਪ੍ਰਾਜੈਕਟ ਨੂੰ ਪੂਰਾ ਕਰਨ ਦੇ 21 ਮਹੀਨਿਆਂ ’ਚ ਐੱਸ. ਟੀ. ਪੀ. ਚੱਲ ਹੀ ਨਹੀਂ ਰਹੇ ਅਤੇ ਉਨ੍ਹਾਂ ਦੀ ਅਪਗ੍ਰੇਡੇਸ਼ਨ ਦਾ ਕੰਮ ਹੁਣ ਤੱਕ ਪੂਰਾ ਨਹੀਂ ਹੋਇਆ ਤਾਂ ਕੰਪਨੀ ਨੂੰ ਕਿਸ ਆਧਾਰ ’ਤੇ ਓ. ਐਂਡ ਐੱਮ. ਲਈ ਫੰਡ ਰਿਲੀਜ਼ ਕੀਤਾ ਗਿਆ।

PPCB ਨੂੰ ਦਿੱਤੇ ਸੀਵਰੇਜ ’ਚ ਕੈਮੀਕਲ ਭਰਪੂਰ ਪਾਣੀ ਛੱਡਣ ਵਾਲੀਆਂ ਡਾਇੰਗਾਂ ਖ਼ਿਲਾਫ ਸਖ਼ਤ ਕਾਰਵਾਈ ਦੇ ਨਿਰਦੇਸ਼

ਡਾਇੰਗ ਯੂਨਿਟਾਂ ਵਲੋਂ ਸੀਵਰੇਜ ’ਚ ਕੈਮੀਕਲ ਭਰਪੂਰ ਛੱਡਣ ਦੇ ਮੁੱਦੇ ’ਤੇ ਮੀਟਿੰਗ ’ਚ ਜੰਮ ਕੇ ਹੰਗਾਮਾ ਹੋਇਆ, ਜਿਸ ਨੂੰ ਲੈ ਕੇ ਕਮੇਟੀ ਵਲੋਂ ਪੀ. ਪੀ. ਸੀ. ਬੀ. ਨੂੰ ਡਾਇੰਗਾਂ ਦੀ ਚੈਕਿੰਗ ਕਰ ਕੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਕਿਉਂਕਿ ਸੀਵਰੇਜ ਜ਼ਰੀਏ ਕੈਮੀਕਲ ਭਰਪੂਰ ਪਾਣੀ ਪੁੱਜਣ ਦੀ ਵਜ੍ਹਾ ਨਾਲ ਐੱਸ. ਟੀ. ਪੀ. ਦੀ ਵਰਕਿੰਗ ’ਤੇ ਅਸਰ ਪੈ ਰਿਹਾ ਹੈ ਅਤੇ ਕਈ ਸੌ ਕਰੋੜ ਖ਼ਰਚ ਕਰਨ ਦੇ ਬਾਵਜੂਦ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਟਾਰਗੈੱਟ ਪੂਰਾ ਨਹੀਂ ਹੋਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto