ਸ਼ਿਕਾਰ ਪਾਬੰਦੀਸ਼ੁਦਾ ਨੀਲ ਗਾਂ ਦੀ ਗੋਲੀ ਮਾਰ ਕੇ ਹੱਤਿਆ, ਮਾਮਲਾ ਦਰਜ

04/28/2020 6:51:22 PM

ਕੋਟਕਪੂਰਾ: ਕੋਟਕਪੂਰਾ ਦੇ ਪਿੰਡ ਭੈਰੋ ਭੱਟੀ ਦੇ ਖੇਤਾਂ 'ਚ ਟਹਿਲ ਰਹੀ ਨੀਲ ਗਾਂ ਦਾ ਸ਼ਿਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਥਾਣਾ ਸਦਰ ਕੋਟਕਪੂਰਾ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਸ਼ਿਕਾਰ ਕਰਨ ਵਾਲੇ ਪਿੰਡ 'ਚ ਸਬੰਧਿਤ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਗਾਂ ਨੂੰ ਪੋਸਟਮਾਰਟਮ ਲਈ ਪਸ਼ੂ ਹਸਪਤਾਲ ਭੇਜਿਆ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਭੈਰੋ ਭੱਟੀ ਦੇ ਸਾਬਕਾ ਸਰਪੰਚ ਸੁਖਮੇਲ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ 'ਚ ਸੋਮਵਾਰ ਰਾਤ ਇਕ ਨੀਲ ਗਾਂ ਮਰੀ ਹੋਈ ਮਿਲੀ, ਜਿਸ ਦੀ ਗਰਦਨ 'ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ, ਜਿਸ ਤੋਂ ਬਾਅਦ ਪੁਲਸ ਤੇ ਵਨ ਵਿਭਾਗ ਨੂੰ ਸੂਚਿਤ ਕੀਤਾ ਗਿਆ। ਸੁਖਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਲੋਕਾਂ ਨੇ ਸ਼ਿਕਾਰ ਕਰਨ ਵਾਲੇ ਦੋਸ਼ੀਆਂ ਨੂੰ ਦੇਖਿਆ ਹੈ, ਜਿਸ ਬਾਰੇ ਪੁਲਸ ਨੂੰ ਬਿਆਨ ਦਰਜ ਕਰਵਾ ਦਿੱਤਾ ਗਿਆ ਹੈ। ਉਥੇ ਹੀ ਵਨ ਅਫਸਰ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਨੀਲ ਗਾਂ ਜੰਗਲੀ ਜਾਨਵਰ ਹੈ ਅਤੇ ਇਸ ਦੇ ਸ਼ਿਕਾਰ 'ਤੇ ਪਾਬੰਦੀ ਲੱਗੀ ਹੋਈ ਹੈ ਅਤੇ ਸੂਚਨਾ ਮਿਲਦੇ ਹੀ ਸਾਡੇ ਅਧਿਕਾਰੀ ਮੌਕੇ 'ਤੇ ਪਹੁੰਚ ਗਏੇ ਸਨ ਅਤੇ ਉਨ੍ਹਾਂ ਵਲੋਂ ਗਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਲਈ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਥਾਣਾ ਸਦਰ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਵਨ ਜੀਵ ਐਕਟ ਤਹਿਤ ਨੀਲ ਗਾਂ ਦਾ ਸ਼ਿਕਾਰ ਕਰਨਾ ਕਾਨੂੰਨੀ
ਅਪਰਾਧ ਹੈ ਅਤੇ ਭੈਰੋ ਭੱਟੀ 'ਚ ਨੀਲ ਗਾਂ ਦਾ ਸ਼ਿਕਾਰ ਕਰਨ ਦੀ ਘਟਨਾ ਦੇ ਬਾਰੇ 'ਚ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Deepak Kumar

Content Editor

Related News