ਪ੍ਰਾਈਵੇਟ ਸਕੂਲਾਂ ਖਿਲਾਫ ਪੇਰੈਂਟਸ ਗਰੁੱਪ ਪਟਿਆਲਾ ਨੇ ਕੀਤਾ ਪ੍ਰਦਰਸ਼ਨ

06/10/2020 1:38:37 AM

ਪਟਿਆਲਾ,(ਰਾਜੇਸ਼, ਜੋਸਨ)-ਸਕੂਲ ਫੀਸਾਂ ਦੇ ਮੁੱਦੇ 'ਤੇ ਪੇਰੈਂਟਸ ਗਰੁੱਪ ਪਟਿਆਲਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਧਾਨ ਜਗਤਾਰ ਸਿੰਘ ਜੱਗੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਮਾਪੇ ਮੰਗ ਕਰ ਰਹੇ ਹਨ ਕਿ ਸਲਾਨਾ ਸਕੂਲ ਫੀਸ ਨਾ ਲਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਟਿਊਸ਼ਨ ਫੀਸ ਵੀ ਰੈਗੂਲਰ ਸਕੂਲ ਲੱਗਣ ਵਾਲੇ ਮਹੀਨੇ ਦੀ ਹੀ ਲਈ ਜਾਵੇ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ 12 ਜੂਨ ਨੂੰ ਹੈ। ਮਾਪਿਆਂ ਨੂੰ ਉਮੀਦ ਹੈ ਕਿ ਹਾਈ ਕੋਰਟ ਤੋਂ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਖਿਲਾਫ ਜੋ ਅਪੀਲ ਕੀਤੀ ਹੈ, ਉਸ ਦਾ ਮਾਪੇ ਸਵਾਗਤ ਕਰਦੇ ਹਨ।
ਸੰਸਥਾ ਦੇ ਜਨਰਲ ਸਕੱਤਰ ਅਖਤਰ ਅਲੀ ਨੇ ਕਿਹਾ ਕਿ ਸੰਸਥਾ ਫੀਸਾਂ ਦੇ ਮੁੱਦੇ 'ਤੇ ਆਪਣਾ ਹੱਕ ਮੰਗਦੀ ਰਹੇਗੀ। ਸੰਸਥਾ ਦੇ ਖਜ਼ਾਨਚੀ ਰਾਜਿੰਦਰ ਮੋਹਨ ਅਤੇ ਆਗੂ ਪ੍ਰਵੀਨ ਨੇ ਕਿਹਾ ਕਿ ਇੰਨੀ ਗਰਮੀ ਵਿਚ ਵੀ ਮਾਪਿਆਂ ਦੇ ਹੌਸਲੇ ਬੁਲੰਦ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਕਜ ਮਹਿੰਦਰੂ ਵੀ ਇਸ ਧਰਨੇ ਵਿਚ ਪਹੁੰਚੇ। ਰਾਜਿੰਦਰ ਮੋਹਨ ਨੇ ਕਿਹਾ ਕਿ ਸਕੂਲ ਪੰਜਾਬ ਸਰਕਾਰ ਦੇ ਫੈਸਲੇ ਖਿਲਾਫ ਲਗਾਤਾਰ ਫੀਸ ਮੰਗ ਰਹੇ ਹਨ, ਜੋ ਕਿ ਬਹੁਤ ਮੰਦਭਾਗਾ ਹੈ। ਸੰਸਥਾ ਨੇ ਕਿਹਾ ਕਿ 12 ਜੂਨ ਦੇ ਫੈਸਲੇ ਤੋਂ ਬਾਅਦ ਅਗਲੇ ਕਦਮਾਂ ਦਾ ਐਲਾਨ ਕੀਤਾ ਜਾਏਗਾ।
 


Deepak Kumar

Content Editor

Related News