ਕੈਦੀਆਂ ਦੀ ਦਿਹਾੜੀ ਹੁਣ ਸਿੱਧੀ ਬੈਂਕ ਖਾਤਿਆਂ ''ਚ ਹੋਵੇਗੀ ਜਮ੍ਹਾ

06/17/2019 2:05:05 AM

ਚੰਡੀਗੜ੍ਹ, (ਸੰਦੀਪ)— ਬੁੜੈਲ ਜੇਲ ਦੇ ਕੈਦੀਆਂ ਦੀ ਦਿਹਾੜੀ ਹੁਣ ਸਿੱਧੀ ਉਨ੍ਹਾਂ ਦੇ ਬੈਂਕ ਖਾਂਤੇ 'ਚ ਜਮ੍ਹਾ ਹੋਵੇਗੀ। ਜੇਲ ਪ੍ਰਸ਼ਾਸਨ ਛੇਤੀ ਹੀ ਕੈਦੀਆਂ ਦੇ ਬੈਂਕ ਖਾਤੇ ਖੁਲ੍ਹਵਾਏਗਾ। ਅਜੇ ਤੱਕ ਉਨ੍ਹਾਂ ਨੂੰ ਚੈੱਕ ਰਾਹੀਂ ਭੁਗਤਾਨ ਕੀਤਾ ਜਾਂਦਾ ਸੀ। ਜੇਲ 'ਚ 450 ਅਜਿਹੇ ਸਜ਼ਾਯਾਫ਼ਤਾ ਕੈਦੀ ਹਨ, ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਹੈ ਅਤੇ ਉਸ ਦੇ ਬਦਲੇ 'ਚ ਉਨ੍ਹਾਂ ਨੂੰ ਦਿਹਾੜੀ ਦਿੱਤੀ ਜਾਂਦੀ ਹੈ। ਜੇਲ ਪ੍ਰਸ਼ਾਸਨ ਕੈਦੀਆਂ ਦੇ ਪੱਕੇ ਪਤੇ ਦੇ ਦਸਤਾਵੇਜ਼ਾਂ 'ਤੇ ਹੀ ਉਨ੍ਹਾਂ ਦੇ ਬੈਂਕ ਖਾਤੇ ਖੁਲ੍ਹਵਾਏਗਾ। ਕੈਦੀ ਰਿਹਾਅ ਹੋਣ ਤੋਂ ਬਾਅਦ ਵੀ ਆਪਣੇ ਖਾਤੇ ਨੂੰ ਮੇਨਟੇਨ ਕਰ ਸਕਣਗੇ।

3 ਹਿੱਸਿਆਂ 'ਚ ਵੰਡੀ ਗਈ ਹੈ ਕੈਦੀਆਂ ਦੀ ਦਿਹਾੜੀ
ਜੇਲ ਮੈਨੇਜਮੈਂਟ ਵਲੋਂ ਜੇਲ ਮੈਨੂਅਲ ਦੇ ਹਿਸਾਬ ਨਾਲ ਇਥੇ ਸਜ਼ਾ ਕੱਟ ਰਹੇ ਕੈਦੀਆਂ ਦੀ ਦਿਹਾੜੀ ਨੂੰ 3 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਪਹਿਲੀ ਸ਼੍ਰੇਣੀ 'ਚ ਉਹ ਕੈਦੀ ਆਉਂਦੇ ਹਨ, ਜਿਨ੍ਹਾਂ ਨੇ ਹਾਲ ਹੀ 'ਚ ਕੰਮ ਕਰਨਾ ਸ਼ੁਰੂ ਕੀਤਾ ਹੁੰਦਾ ਹੈ ਅਤੇ ਉਹ ਕੰਮ ਕਰਨ ਦੇ ਨਾਲ-ਨਾਲ ਉਸ ਕੰਮ ਨੂੰ ਸਿੱਖ ਵੀ ਰਹੇ ਹੁੰਦੇ ਹਨ, ਅਜਿਹੇ ਕੈਦੀਆਂ ਨੂੰ ਦਿਹਾੜੀ ਵਜੋਂ 60 ਰੁਪਏ ਰੋਜ਼ਾਨਾ ਦਿੱਤੇ ਜਾਂਦੇ ਹਨ। ਦੂਜੀ ਸ਼੍ਰੇਣੀ 'ਚ ਉਹ ਕੈਦੀ ਆਉਂਦੇ ਹਨ ਜੋ ਕੰਮ ਸਿੱਖ ਚੁੱਕੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਦਿੱਤਾ ਗਿਆ ਕੰਮ ਬਿਨਾਂ ਸਿਖਾਏ ਆਪਣੇ ਆਪ ਕਰ ਲੈਂਦੇ ਹਨ, ਅਜਿਹੇ ਕੈਦੀਆਂ ਨੂੰ 70 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਦਿਹਾੜੀ ਦਿੱਤੀ ਜਾਂਦੀ ਹੈ।
ਤੀਜੀ ਸ਼੍ਰੇਣੀ ਉਨ੍ਹਾਂ ਕੈਦੀਆਂ ਦੀ ਹੈ ਜੋ ਆਪਣੇ ਕੰਮ 'ਚ ਪੂਰੀ ਤਰ੍ਹਾਂ ਨਿਪੁੰਨ ਹੁੰਦੇ ਹਨ ਅਤੇ ਆਪਣਾ ਕੰਮ ਬਾਖੂਬੀ ਕਰਨ ਦੇ ਨਾਲ ਹੀ ਨਵੇਂ ਕੈਦੀਆਂ ਨੂੰ ਕੰਮ ਸਿਖਾਉਣ ਦਾ ਕੰਮ ਵੀ ਕਰਦੇ ਹਨ, ਅਜਿਹੇ ਕੈਦੀਆਂ ਨੂੰ 80 ਰੁਪਏ ਨਿੱਤ ਦੇ ਹਿਸਾਬ ਨਾਲ ਦਿਹਾੜੀ ਦਿੱਤੀ ਜਾਂਦੀ ਹੈ। ਇਹ ਦਿਹਾੜੀ ਕੈਦੀ ਨੂੰ ਉਸ ਦੀ ਜ਼ਰੂਰਤ ਦੇ ਸਮੇਂ ਚੈੱਕ ਰਾਹੀਂ ਦਿੱਤੀ ਜਾਂਦੀ ਹੈ, ਜੋ ਹੁਣ ਸਿੱਧੇ ਉਸ ਦੇ ਬੈਂਕ ਖਾਤੇ 'ਚ ਪਾਏ ਜਾਣ ਦੀ ਯੋਜਨਾ ਹੈ। ਜਾਣਕਾਰੀ ਅਨੁਸਾਰ ਮੌਜੂਦਾ ਸਮੇਂ 'ਚ ਜੇਲ 'ਚ 450 ਅਜਿਹੇ ਕੈਦੀ ਹਨ, ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਹੈ ਅਤੇ ਉਸ ਦੇ ਬਦਲੇ ਉਨ੍ਹਾਂ ਨੂੰ ਦਿਹਾੜੀ ਦਿੱਤੀ ਜਾਂਦੀ ਹੈ।

ਕੈਦੀ ਲਗਾ ਚੁੱਕਾ ਹੈ ਜੇਲ ਮੈਨੇਜਮੈਂਟ ਦੇ ਖਾਤੇ 'ਚ ਸੰਨ੍ਹ
ਜੇਲ ਮੈਨੇਜਮੈਂਟ ਵਲੋਂ ਕੈਦੀਆਂ ਦੀ ਦਿਹਾੜੀ ਚੈੱਕ ਰਾਹੀਂ ਹੀ ਦਿੱਤੀ ਜਾਂਦੀ ਹੈ, ਜਿਸ ਦੇ ਨਾਲ ਜੇਲ ਦਾ ਜ਼ਿਆਦਾਤਰ ਕੰਮ ਚੈੱਕ 'ਤੇ ਹੀ ਨਿਰਭਰ ਹੈ, ਇਸ ਗੱਲ ਦਾ ਫਾਇਦਾ ਚੁੱਕਦਿਆਂ ਹਾਲ ਹੀ 'ਚ ਜੇਲ 'ਚ ਬੰਦ ਇਕ ਕੈਦੀ ਨੇ ਜੇਲ ਮੈਨੇਜਮੈਂਟ ਦੇ ਖਾਤੇ ਦਾ ਚੈੱਕ ਚੋਰੀ ਕਰ ਕੇ ਉਸ 'ਤੇ ਅਧਿਕਾਰੀ ਦੇ ਫਰਜ਼ੀ ਦਸਤਖਤ ਕਰ ਕੇ ਖਾਤੇ 'ਚੋਂ ਲੱਖਾਂ ਰੁਪਏ ਕਢਵਾ ਲਏ ਸਨ। ਹਾਲਾਂਕਿ ਮਾਮਲਾ ਸਾਹਮਣੇ ਆਉਣ 'ਤੇ ਜੇਲ ਮੈਨੇਜਮੈਂਟ ਵਲੋਂ ਉਸ ਕੈਦੀ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਅਤੇ ਕੇਸ ਦੀ ਵਿਭਾਗੀ ਜਾਂਚ ਅਜੇ ਤੱਕ ਚੱਲ ਰਹੀ ਹੈ ਕਿਉਂਕਿ ਜੇਲ ਮੈਨੇਜਮੈਂਟ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਧਾਂਦਲੀ ਇਕ ਕੈਦੀ ਇਕੱਲਾ ਨਹੀਂ ਕਰ ਸਕਦਾ, ਉਸ ਨੇ ਇਸ ਵਾਰਦਾਤ ਨੂੰ ਜੇਲ ਕਰਮਚਾਰੀਆਂ ਦੀ ਮਿਲੀਭੁਗਤ ਜਾਂ ਲਾਪ੍ਰਵਾਹੀ ਤਹਿਤ ਹੀ ਅੰਜਾਮ ਦਿੱਤਾ ਹੈ, ਜਿਸ ਲਈ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਕੈਦੀਆਂ ਦੇ ਆਪਣੇ ਬੈਂਕ ਖਾਤੇ ਖੋਲ੍ਹੇ ਜਾਣ 'ਤੇ ਜੇਲ ਮੈਨੇਜਮੈਂਟ ਦੇ ਕੰਮ 'ਚ ਚੈੱਕ 'ਤੇ ਨਿਰਭਰਤਾ 'ਚ ਕਮੀ ਆਵੇਗੀ ਅਤੇ ਇਸ ਤਰ੍ਹਾਂ ਦੀ ਧੋਖਾਦੇਹੀ ਦੀ ਸੰਭਾਵਨਾ ਵੀ ਨਹੀਂ ਰਹੇਗੀ।
ਜੇਲ 'ਚ ਕੰਮ ਕਰਨ ਵਾਲੇ ਕੈਦੀਆਂ ਨੂੰ ਦਿਹਾੜੀ ਦੇਣ ਦੇ ਸਿਸਟਮ ਨੂੰ ਆਧੁਨਿਕ ਕਰਦਿਆਂ ਹੀ ਉਨ੍ਹਾਂ ਦੇ ਬੈਂਕ ਖਾਤੇ ਖੋਲ੍ਹੇ ਜਾਣ ਦੀ ਯੋਜਨਾ ਹੈ। ਉਨ੍ਹਾਂ ਦੀ ਦਿਹਾੜੀ ਉਨ੍ਹਾਂ ਨੂੰ ਚੈੱਕ ਰਾਹੀਂ ਨਾ ਦਿੰਦਿਆਂ ਹੁਣ ਸਿੱਧੇ ਤੌਰ 'ਤੇ ਉਨ੍ਹਾਂ ਦੇ ਖਾਤਿਆਂ 'ਚ ਪਾਈ ਜਾਵੇਗੀ। ਇਸ ਯੋਜਨਾ ਨਾਲ ਜਿਥੇ ਜੇਲ ਦੇ ਹਿਸਾਬ-ਕਿਤਾਬ 'ਚ ਪਾਰਦਰਸ਼ਿਤਾ ਆਵੇਗੀ, ਉਥੇ ਹੀ ਦੂਜੇ ਪਾਸੇ ਕਿਸੇ ਤਰ੍ਹਾਂ ਦੀ ਗੜਬੜੀ ਦਾ ਵੀ ਸ਼ੱਕ ਨਹੀਂ ਰਹੇਗਾ।   -ਵਿਰਾਟ, ਏ. ਆਈ. ਜੀ., ਬੁੜੈਲ ਮਾਡਲ ਜੇਲ।

KamalJeet Singh

This news is Content Editor KamalJeet Singh