ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ 3200 ਗੈਸ ਕੁਨੈਕਸ਼ਨ ਲੋੜਵੰਦ ਔਰਤਾਂ ਨੂੰ ਵੰਡੇ

04/23/2018 12:56:12 PM

ਚੀਮਾ ਮੰਡੀ (ਬੇਦੀ) — ਗਰਾਮ ਸਵਰਾਜ ਅਭਿਆਨ ਅਧੀਨ ਦੇਸ਼ 'ਚ ਮਨਾਏ ਗਏ ਉਜਵਲਾ ਦਿਵਸ ਦੌਰਾਨ ਸੰਗਰੂਰ ਜ਼ਿਲੇ ਦੇ 32 ਪਿੰਡਾਂ 'ਚ ਐੱਲ.ਪੀ.ਜੀ. ਪੰਚਾਇਤਾਂ ਦਾ ਪ੍ਰਬੰਧ ਕਰਕੇ ਜ਼ਿਲੇ ਭਰ 'ਚ ਅੱਜ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਅਧੀਨ 3200 ਗੈਸ ਕੁਨੈਕਸ਼ਨ ਲੋੜਵੰਦ ਔਰਤਾਂ ਨੂੰ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਜ਼ਿਲਾ ਨੋਡਲ ਅਫ਼ਸਰ ਗੌਰਵ ਸਚਦੇਵਾ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ 'ਚ ਐੱਲ. ਪੀ. ਜੀ. ਪੰਚਾਇਤਾਂ ਵੱਲੋਂ ਉਜਵਲਾ ਦਿਵਸ ਮਨਾਇਆ ਗਿਆ ਹੈ ਤੇ ਜਿਸ 'ਚ ਭਾਰੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਹੋਈਆਂ। ਇਸ ਸਮੇਂ ਔਰਤਾਂ ਨੂੰ ਗੈਸ ਵਰਤਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਐੱਲ. ਪੀ. ਜੀ. ਗੈਸ ਵਰਤਨ ਨਾਲ ਸਾਡੀ ਸਿਹਤ ਤੇ ਵਾਤਾਵਰਨ ਸਵੱਛ ਰਹਿੰਦਾ ਹੈ ਤੇ ਹੋਰ ਸਾਧਨਾਂ ਨਾਲੋਂ ਰਸੋਈ ਗੈਸ ਸਸਤੀ ਵੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਤਿੰਨ ਸਾਲਾਂ 'ਚ ਪੰਜ ਕਰੋੜ ਰਸੋਈ ਗੈਸ ਦੇ ਕੁਨੈਕਸ਼ਨ ਗ਼ਰੀਬ ਲੋਕਾਂ ਨੂੰ ਦੇਣ ਦੀ ਯੋਜਨਾ ਸੀ ਤੇ ਜਿਸ 'ਚ ਦੋ ਸਾਲਾ ਦੌਰਾਨ 3.6 ਕਰੋੜ ਕੁਨੈਕਸ਼ਨ ਗ਼ਰੀਬ ਲੋਕਾਂ ਨੂੰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਯੋਜਨਾ ਤਹਿਤ ਸਾਲ 2020 ਤੱਕ ਅੱਠ ਕਰੋੜ ਗੈਸ ਕੁਨੈਕਸ਼ਨ ਦਿੱਤੇ ਜਾਣਗੇ।


Related News