ਹਿੰਦੂ ਸਮਾਜ ਦੇ ਮੁੱਦਿਆਂ ''ਤੇ ਸ਼ਿਵ ਸੈਨਾ ਪ੍ਰਮੁੱਖ ਵੱਲੋਂ ਪਰਨੀਤ ਕੌਰ ਨਾਲ ਮੁਲਾਕਾਤ

01/15/2020 5:55:20 PM

ਪਟਿਆਲਾ (ਜੋਸਨ): ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਵੱਲੋਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਹਿੰਦੂ ਸਮਾਜ ਨਾਲ ਸਬੰਧਤ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ ਗਈ। ਪਵਨ ਗੁਪਤਾ ਵੱਲੋਂ ਪੰਜਾਬ ਦੇ ਅੱਤਵਾਦ ਪੀੜਤ ਹਿੰਦੂਆ ਨੂੰ ਮੁਆਵਜ਼ਾ ਦਿਵਾਉਣ ਲਈ ਪੈਰਵੀ ਕਰਨ ਲਈ ਯਾਦ-ਪੱਤਰ ਵੀ ਪਰਨੀਤ ਕੌਰ ਨੂੰ ਸੌਂਪਿਆ ਗਿਆ।

ਗੁਪਤਾ ਨੇ ਪਰਨੀਤ ਕੌਰ ਨੂੰ ਦੱਸਿਆ ਕਿ 2003 ਵਿਚ ਰਾਜ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਸ਼ਿਵ ਸੈਨਾ ਹਿੰਦੁਸਤਾਨ ਨੇ ਹਿੰਦੂ ਪੀੜਤਾਂ ਲਈ 781 ਕਰੋੜ ਰੁਪਏ ਮੁਆਵਜ਼ਾ ਹਾਸਲ ਕਰਨ ਲਈ ਕੀਤੇ ਸੰਘਰਸ਼ ਕਾਰਣ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਮੁਆਵਜ਼ਾ ਲੈਣ ਲਈ ਹਾਮੀ ਭਰੀ ਸੀ। ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਰਕਮ ਮੰਗੀ ਸੀ। ਇੰਨਾ ਲੰਮਾ ਸਮਾਂ ਬੀਤ ਜਾਣ 'ਤੇ ਵੀ ਪੰਜਾਬ ਦੇ ਅੱਤਵਾਦ ਪੀੜਤ ਹਿੰਦੂਆਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਦਾ ਕੰਮ ਅਧੂਰਾ ਹੈ। ਗੁਪਤਾ ਨੇ ਮੈਂਬਰ ਪਾਰਲੀਮੈਂਟ ਦੇ ਸਾਹਮਣੇ ਇਹ ਗੱਲ ਰੱਖੀ ਕਿ ਇਹ ਮੁਆਵਜ਼ੇ ਦੀ ਰਕਮ ਕਾਂਗਰਸ ਸਰਕਾਰ ਦੇ ਸਮੇਂ ਸਵੀਕਾਰ ਕੀਤੀ ਗਈ ਸੀ। ਹੁਣ ਫਿਰ ਪੰਜਾਬ ਵਿਚ ਕੈਪਟਨ ਅਮਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੈ। ਇਸ ਲਈ ਮੁਆਵਜ਼ਾ ਦਿਵਾਉਣ ਦਾ ਕੰਮ ਇਸ ਸਰਕਾਰ ਦੇ ਕਾਰਜ-ਕਾਲ ਦੌਰਾਨ ਹੀ ਪੂਰਾ ਹੋਣਾ ਚਾਹੀਦਾ ਹੈ।

ਗੁਪਤਾ ਨੇ ਜ਼ਿਲੇ ਦੇ ਪਿੰਡ ਘੜਾਮ ਸਥਿਤ ਮਾਤਾ ਕੌਸ਼ੱਲਿਆ ਜੀ ਦੇ ਜਨਮ ਸਥਾਨ ਬਾਰੇ ਵੀ ਚਰਚਾ ਕੀਤੀ ਅਤੇ ਮੰਗ ਕੀਤੀ ਕਿ ਇਥੇ ਮਾਤਾ ਕੌਸ਼ੱਲਿਆ, ਜੋ ਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮਾਤਾ ਜੀ ਦਾ ਜਨਮ ਸਥਾਨ ਹੈ, 'ਤੇ ਸੁੰਦਰ ਮੰਦਰ ਦਾ ਨਿਰਮਾਣ ਮਾਤਾ ਕੌਸ਼ੱਲਿਆ ਜੀ ਦੀ ਯਾਦ ਵਿਚ ਕਰਵਾਇਆ ਜਾਵੇ। ਇਸ ਨਾਲ ਪਟਿਆਲਾ ਜ਼ਿਲਾ ਵੀ ਵਿਸ਼ਵ ਦੇ ਨਕਸ਼ੇ 'ਤੇ ਅਹਿਮ ਸਥਾਨ ਪ੍ਰਾਪਤ ਕਰ ਸਕੇਗਾ। ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਨੇ ਸਿੱਖ ਸਮਾਜ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ ਹਨ, ਉਸੇ ਤਰ੍ਹਾਂ ਹਿੰਦੂ ਸਮਾਜ ਦੀਆ ਯਾਦਗਾਰਾਂ ਵੀ ਸਥਾਪਤ ਕੀਤੀਆਂ ਜਾਣ। ਪਰਨੀਤ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਉਠਾਈਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਜਲਦੀ ਹੀ ਫ਼ੈਸਲਾ ਲਏਗੀ। ਉਹ ਆਪਣੇ ਪੱਧਰ 'ਤੇ ਵੀ ਇਨ੍ਹਾਂ ਮਸਲਿਆਂ ਦੇ ਹੱਲ ਲਈ ਯਤਨ ਕਰੇਗੀ।


Shyna

Content Editor

Related News