ਲਗਾਤਾਰ ਬਾਰਿਸ਼ ਨਾਲ ਪਾਵਰਕਾਮ ਲਡ਼ਖਡ਼ਾਇਆ, 70 ਫੀਡਰ ਬੰਦ

09/24/2018 6:25:27 AM

ਲੁਧਿਆਣਾ, (ਸਲੂਜਾ)- ਮਹਾਨਗਰ ਲੁਧਿਆਣਾ ’ਚ ਲਗਾਤਾਰ ਬਾਰਿਸ਼ ਹੋਣ ਨਾਲ ਪਾਵਰਕਾਮ ਦਾ ਸਮੁੱਚਾ ਸਿਸਟਮ ਲਡ਼ਖਡ਼ਾ ਕੇ ਰਹਿ ਗਿਆ।  ਜਾਣਕਾਰੀ ਮੁਤਾਬਕ ਬਿਜਲੀ ਵਿਭਾਗ ਦੇ 70 ਦੇ ਕਰੀਬ ਫੀਡਰ ਬਾਰਿਸ਼ ਪੈਂਦੇ ਹੀ ਬੰਦੇ ਹੋ ਗਏ, ਜਿਸ ਨਾਲ ਨਗਰ ਦੇ ਵੱਖ-ਵੱਖ ਹਿੱਸਿਅਾਂ ਵਿਚ ਬਲੈਕ ਆਊਟ ਹੋਣ ਕਾਰਨ ਲੋਕਾਂ ਨੂੰ ਸਾਰਾ ਦਿਨ ਅਤੇ ਸਾਰੀ ਰਾਤ ਬਿਨਾਂ ਬਿਜਲੀ ਅਤੇ ਪਾਣੀ ਦੇ ਗੁਜ਼ਾਰਨ ਨੂੰ ਮਜਬੂਰ ਹੋਣਾ ਪਿਆ। 
ਬਿਜਲੀ ਗੁੱਲ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਸ਼ਹਿਰ ਵਾਸੀਆਂ ਨੇ 1912 ਨੰਬਰ ਤੋਂ ਲੈ ਕੇ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ਤੱਕ ਫੋਨ ਕੀਤਾ ਅਤੇ ਇਥੇ ਸੁਣਵਾਈ ਨਾ ਹੋਈ ਤਾਂ ਫਿਰ ਚੀਫ ਇੰਜੀਨੀਅਰ ਤੋਂ ਲੈ ਕੇ ਪੰਜਾਬ ਦੇ ਸੀ. ਐੱਮ. ਦਫਤਰ ਤੱਕ ਪਹੁੰਚ ਕੀਤੀ। ਸ਼ਿਕਾਇਤਕਰਤਾਵਾਂ ਦਾ ਇਥੇ ਵੀ ਕਹਿਣਾ ਹੈ ਕਿ ਵਿਭਾਗ ਨੇ ਬਿਜਲੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਨੰਬਰ 1912 ਤਾਂ ਜ਼ਰੂਰ ਦਿੱਤਾ ਹੋਇਆ ਹੈ ਪਰ ਕਈ ਵਾਰ ਮਿਲਾਉਣ ਤੋਂ ਬਾਅਦ ਹੀ ਰਿਸਪਾਂਸ ਮਿਲਦਾ ਹੈ। ਕਈ ਵਾਰ ਤਾਂ ਵਿਭਾਗ ਵੱਲੋਂ ਇਹ ਸੁਨੇਹਾ ਭੇਜ ਦਿੱਤਾ  ਜਾਂਦਾ ਹੈ ਕਿ ਤੁਹਾਡੀ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜਦੋਂਕਿ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੋਇਆ ਹੁੰਦਾ। ਸ਼ਹਿਰ ਵਾਸੀਆਂ ਨੇ ਬਾਰਿਸ਼ ਅਤੇ ਹਨੇਰੀ ਦੇ ਸਮੇਂ ਬਿਜਲੀ ਗੁੱਲ ਹੋਣ ’ਤੇ ਸਵਾਲ ਕਰਦੇ ਹੋਏ ਕਿਹਾ ਕਿ ਜੋ ਪਾਵਰ ਸਪਲਾਈ ਸਿਸਟਮ ਨੂੰ ਅੱਪਗ੍ਰੇਡ ਕਰਨ ’ਤੇ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ, ਉਥੇ ਇਸ ਹਾਲਾਤ ਵਿਚ ਕਿੱਥੇ ਸਟੈਂਡ ਕਰਦੇ ਹਨ। ਪਾਵਰਕਾਮ ਤਾਂ ਇਹ ਕਹਿ ਕੇ ਆਪਣਾ ਪੱਲਾ ਝਾਡ਼ ਦਿੰਦਾ ਹੈ ਕਿ ਕੁਦਰਤੀ ਆਫਤ ਸਮੇਂ ਬਿਜਲੀ ਵਿਭਾਗ ਕੁਝ ਨਹੀਂ ਕਰ ਸਕਦਾ। 
ਅੱਜ ਦੇ ਇਸ ਯੁਗ ’ਚ ਜੇਕਰ ਤੁਹਾਨੂੰ ਕੁਆਲਿਟੀ ਭਰਪੂਰ ਰੈਗੂਲਰ ਸਪਲਾਈ ਨਹੀਂ ਮਿਲੇਗੀ ਤਾਂ ਦੇਸ਼ ਅਤੇ ਸਮਾਜ ਕਿਸ ਤਰ੍ਹਾਂ ਤਰੱਕੀ ਦੇ ਰਸਤੇ ’ਤੇ ਅੱਗੇ ਵਧਣ ਦੀ ਪਲਾਨਿੰਗ ’ਚ ਸਫਲ ਹੋ ਸਕੇਗਾ।
 ਇਕ ਖਪਤਕਾਰ ਅਰਵਿੰਦਰ ਸ਼ਰਮਾ ਨੇ ਕਿਹਾ ਕਿ ਇਕ-ਦੋ ਘਰਾਂ ਦੀ ਬਿਜਲੀ ਸਪਲਾਈ ਨੂੰ ਠੀਕ ਕਰਵਾਉਣ ਨੂੰ ਲੈ ਕੇ ਅੱਜ ਉਨ੍ਹਾਂ ਨੂੰ ਚੀਫ ਇੰਜੀਨੀਅਰ ਪਾਵਰਕਾਮ ਤੱਕ ਕਈ ਵਾਰ ਪਹੁੰਚ ਕਰਨੀ ਪਈ। ਐਡਵੋਕੇਟ ਅਮਨਦੀਪ ਸਿੰਘ ਮੱਕਡ਼ ਨੇ ਦੱਸਿਆ ਕਿ ਬਿਜਲੀ ਅਤੇ ਪਾਣੀ ਗੁੱਲ ਰਹਿਣ ਕਾਰਨ ਸਮੁੱਚੇ ਇਲਾਕਾ ਨਿਵਾਸੀ ਬੇਹੱਦ ਪ੍ਰੇਸ਼ਾਨ ਹਨ। ਆਮ ਖਪਤਕਾਰ ਕਿੱਥੋਂ ਤੱਕ ਪਹੁੰਚ ਕਰ ਸਕਦਾ ਹੈ।
 ਤਾਜਪੁਰ ਰੋਡ ਦੇ ਰਹਿਣ ਵਾਲੇ ਸਾਹਿਲ ਕੁਮਾਰ ਨੇ ਪਾਵਰਕਾਮ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਤਾਜਪੁਰ ਰੋਡ ’ਤੇ ਬਾਰਿਸ਼ ਤੋਂ ਬਾਅਦ ਬਿਜਲੀ ਗੁੱਲ ਹੋ ਗਈ। ਬਾਰਿਸ਼ ਹੋਣ ਕਾਰਨ ਉਨ੍ਹਾਂ ਨੇ ਕੰਪਲੇਂਟ ਤਾਂ ਲਿਖਵਾ ਦਿੱਤੀ। ਸਵੇਰ ਤੋਂ ਅੱਧੇ ਘੰਟੇ ’ਚ ਪਹੁੰਚ ਰਹੇ ਦਾ ਬਹਾਨਾ ਬਣਾ ਕੇ ਸ਼ਾਮ ਦੇ 5 ਵਜੇ ਤੱਕ ਕੋਈ ਵੀ ਬਿਜਲੀ ਠੀਕ ਕਰਨ ਨਹੀਂ ਪੁੱਜਾ। ਇਸ ਸਬੰਧੀ ਐਕਸੀਅਨ ਅਤੇ ਚੀਫ ਇੰਜੀਨੀਅਰ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਪਰ ਬਿਜਲੀ ਨਹੀਂ ਆਈ। ਐਕਸੀਅਨ ਫੋਕਲ ਪੁਆਇੰਟ ਨੇ ਦੱਸਿਆ ਕਿ ਬਾਰਿਸ਼ ਕਾਰਨ ਬਿਜਲੀ ਸਿਸਟਮ ਅਪਸੈੱਟ ਹੋ ਗਿਆ ਹੈ, ਜਿਸ ਨੂੰ ਸਮੇਂ  ਸਿਰ ਠੀਕ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।


Related News