ਬਿਜਲੀ ਚੋਰੀ ਰੋਕਣ ਲਈ ਪਾਵਰਕਾਮ ਵੱਲੋਂ ਛਾਪੇਮਾਰੀ

09/17/2019 8:05:24 PM

ਤਪਾ ਮੰਡੀ (ਸ਼ਾਮ, ਗਰਗ)-ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਨਿਰਦੇਸ਼ਾਂ ਹੇਠ ਐਕਸੀਅਨ ਪਵਨ ਗਰਗ ਦੀ ਅਗਵਾਈ ਹੇਠ ਐੱਸ. ਡੀ. ਓ. ਸ਼ਹਿਰੀ ਤਪਾ ਅਮਨਦੀਪ ਸਿੰਘ ਮਾਨ, ਐੱਸ. ਡੀ. ਓ. ਸ਼ਹਿਣਾ ਗਿਆਨ ਸਿੰਘ, ਐੱਸ. ਡੀ. ਓ. ਮਲਕੀਤ ਸਿੰਘ, ਐੱਸ. ਡੀ. ਓ. ਭਦੌੜ ਲਖਵੀਰ ਸਿੰਘ ਸਮੇਤ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਟੀਮਾਂ ਨੇ ਘਰਾਂ ਦੇ ਬਾਹਰ ਲੱਗੇ ਮੀਟਰਾਂ ਦੀ ਚੈਕਿੰਗ ਕਰ ਕੇ 3 ਕੇਸ ਬਿਜਲੀ ਚੋਰੀ ਦੇ ਫੜ ਕੇ ਉਨ੍ਹਾਂ ਖਪਤਕਾਰਾਂ ਨੂੰ 1 ਲੱਖ ਰੁਪਏ ਦੇ ਕਰੀਬ ਜੁਰਮਾਨਾ ਕੀਤਾ ਅਤੇ ਬਿਜਲੀ ਚੋਰੀ ਸਬੰਧੀ ਮੁਕੱਦਮਾ ਦਰਜ ਕਰਨ ਲਈ ਪਟਿਆਲਾ ਭੇਜ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਘਰਾਂ ਦੇ ਬਾਹਰ ਲੱਗੇ ਮੀਟਰਾਂ ਦੀ ਮਸ਼ੀਨ ਲਾ ਕੇ ਵੱਡੇ ਪੱਧਰ 'ਤੇ 3-4 ਘੰਟੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਕਸਰ ਹੀ ਲੋਕ ਬਿਜਲੀ ਚੋਰੀ ਕਰਨ ਲਈ ਨਵੀਆਂ ਤੋਂ ਨਵੀਆਂ ਤਕਨੀਕਾਂ ਕੱਢ ਕੇ ਬਿਜਲੀ ਚੋਰੀ ਕਰਦੇ ਹਨ, ਜਿਸ ਕਾਰਣ ਵਿਭਾਗ ਨੂੰ ਲੱਖਾਂ ਦਾ ਚੂਨਾ ਲੱਗ ਜਾਂਦਾ ਹੈ। ਉਨ੍ਹਾਂ ਸ਼ੱਕ ਦੇ ਆਧਾਰ 'ਤੇ ਅੱਧੀ ਦਰਜਨ ਮੀਟਰਾਂ ਨੂੰ ਸੀਲ ਕਰਕੇ ਲੈਬਾਰਟਰੀ ਚੈਕਿੰਗ ਲਈ ਵੀ ਭੇਜਿਆ ਗਿਆ ਹੈ। ਇਹ ਛਾਪੇਮਾਰੀ ਭਵਿੱਖ 'ਚ ਵੀ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਪਾਵਰਕਾਮ ਦੇ ਜੇ. ਈ. ਅਤੇ ਲਾਈਨਮੈਨ ਵੀ ਹਾਜ਼ਰ ਸਨ।

Karan Kumar

This news is Content Editor Karan Kumar