ਪਾਵਰਕਾਮ ਦੀਆਂ ਅਣਗਹਿਲੀਆਂ ਨੇ ਖਿਸਕਾਈ ਖਪਤਕਾਰਾਂ ਦੇ ਪੈਰਾਂ ਹੇਠੋਂ ਜ਼ਮੀਨ

10/18/2018 6:12:08 AM

ਮਲੋਟ, (ਜੁਨੇਜਾ)- ਪਾਵਰਕਾਮ ਵੱਲੋਂ ਕਥਿਤ ਤੌਰ ’ਤੇ ਵਰਤੀਆਂ ਜਾ ਰਹੀਅਾਂ ਅਣਗਹਿਲੀਆਂ ਕਾਰਨ ਖਪਤਕਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਮਲੋਟ ਨੇਡ਼ੇ ਪਿੰਡ ਬੁਰਜ ਸਿੱਧਵਾਂ ਵਿਖੇ ਇਕ ਦਲਿਤ ਵਿਅਕਤੀ ਬਲਜਿੰਦਰ ਸਿੰਘ ਪੁੱਤਰ ਮੋਹਨ ਸਿੰਘ ਦੇ ਉਸ ਵੇਲੇ ਹੋਸ਼ ਉੱਡ ਗਏ, ਜਦੋਂ ਉਸ ਦੇ ਮੀਟਰ ਨੰਬਰ ਵਾਈ 34 ਬੀ ਆਰ 391070  ਦੇ ਖਾਤਾ ਨੰਬਰ 3000376361  ’ਤੇ 87,206 ਰੁਪਏ ਦਾ ਬਿੱਲ ਆਇਆ ਦੇਖਿਆ। ਇਸ ਮਾਮਲੇ ਦੀ ਪਡ਼ਤਾਲ ਤੋਂ ਪਤਾ ਲੱਗਾ ਕਿ ਇਹ ਬਿੱਲ ਉਸ ਨੂੰ ਗੁਆਂਢੀ ਜਰਨੈਲ ਰਾਮ ਪੁੱਤਰ ਦੇਸ ਰਾਜ ਵੱਲੋਂ ਵਰਤੀ ਗਈ ਬਿਜਲੀ ਦਾ ਹੈ। 
ਇੱਥੇ ਹੀ ਬੱਸ ਨਹੀਂ, ਦਰਜੀ ਦਾ ਕੰਮ ਕਰਦੇ ਦਲਿਤ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਸਵਾ ਲੱਖ ਰੁਪਏ ਦਾ ਬਿੱਲ ਭੇਜ ਕੇ ਮਹਿਕਮੇ ਨੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਇਸ ਪਰਿਵਾਰ ਦੇ ਵਿਹਡ਼ੇ ਵਿਚ ਬੱਲਬ ਵੀ ਗੁਆਢੀਆਂ ਘਰੋਂ ਖਿਚੀ ਗਈ ਤਾਰ ਕਰ ਕੇ ਜਗਦਾ ਹੈ।  ਜਾਣਕਾਰਾਂ ਨੇ ਦੱਸਿਆ ਕਿ ਇਹ ਸਭ ਕੁਝ ਮਹਿਕਮੇ ਵੱਲੋਂ ਠੇਕੇ ’ਤੇ ਦਿੱਤੇ ਕਾਰਜ ਕਰ ਕੇ ਹੋ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦਾ ਝਟਕੇ ’ਤੇ ਝਟਕਾ ਲੱਗ ਰਿਹਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਮਹਿਕਮੇ ਵੱਲੋਂ ਬਿਨਾਂ ਸਹੂਲਤਾਂ ਤੋਂ ਖਪਤਕਾਰਾਂ ’ਤੇ ਵਸੂਲੀ ਦਾ ਭਾਰ ਪਾਇਆ ਜਾ ਰਿਹਾ ਹੈ, ਜਿਸ ਕਰ ਕੇ ਆਮ ਖਪਤਕਾਰਾਂ ਨੂੰ ਸਬੰਧਤ ਦਫ਼ਤਰ ’ਚ ਗੇਡ਼ੇ ਮਾਰਨੇ ਪੈਂਦੇ ਹਨ ਅਤੇ ਅੰਤ ਉੱਥੇ ਫਿਰਦੇ ਮਹਿਕਮੇ ਦੇ ਦਲਾਲਾਂ ਸਹਾਰੇ ਬਿੱਲ ਠੀਕ ਕਰਵਾਉਣਾ ਪੈਂਦਾ ਹੈ।  ਇਸ ਸਬੰਧੀ ਕਾਰਜਕਾਰੀ ਇੰਜੀਨੀਅਰ ਸੁਦਰਸ਼ਨ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਤਕਨੀਕੀ ਗਲਤੀ ਕਾਰਨ ਬਿੱਲ ਗਲਤ ਆਇਆ ਹੈ ਤਾਂ ਦਰੁਸਤ ਕਰਵਾਇਆ ਜਾ ਸਕਦਾ ਹੈ।