ਪਾਵਰਕਾਮ ਦਾ ਕਮਾਲ! ਖਪਤਕਾਰਾਂ ਦੇ ਲੋਡ ਵਧਾਉਣ ਲਈ ਘਟਾਏ ਰੇਟ, ਖੁਦ ਦੇ ਗਰਿੱਡ ਹੋਏ ਓਵਰਲੋਡ

08/31/2019 9:53:19 AM

ਪਟਿਆਲਾ/ਬਾਰਨ (ਇੰਦਰ)—ਗਰਮੀ ਕਾਰਣ ਬਿਜਲੀ ਦੀ ਖਪਤ ਲਗਾਤਾਰ ਵਧਦੀ ਜਾ ਰਹੀ ਹੈ। ਪਾਵਰਕਾਮ ਖਪਤਕਾਰਾਂ ਦੇ ਬਿਜਲੀ ਲੋਡ ਵਧਾਉਣ ਲਈ ਘੱਟ ਰੇਟ ’ਤੇ ਕਈ ਸਕੀਮਾਂ ਦੇ ਰਹੀ ਹੈ। ਪਾਵਰਕਾਮ ਦੇ ਗਰਿੱਡ ਓਵਰਲੋਡ ਹੋ ਰਹੇ ਹਨ। ਹੁੰਮਸ ਭਰੀ ਗਰਮੀ ਵਿਚ ਲੱਗ ਰਹੇ ਕੱਟਾਂ ਨੇ ਲੋਕਾਂ ਦਾ ਪਸੀਨਾ ਕੱਢ ਦਿੱਤਾ ਹੈ। ਪੁਰਾਣੇ ਲੱਗੇ ਗਰਿੱਡਾਂ ਵਿਚ ਮਸ਼ੀਨਰੀ ਪੁਰਾਣੀ ਹੋ ਚੁੱਕੀ ਹੈ, ਜਿਸ ਕਾਰਣ ਉਹ ਓਵਰਲੋਡ ਹੋ ਰਹੇ ਹਨ ਅਤੇ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ। ਸ਼ਹਿਰ ਦੇ ਨੇਡ਼ਲੇ ਪਿੰਡਾਂ ਵਿਚ ਲਗਾਤਾਰ ਕੱਟ ਲੱਗ ਰਹੇ ਹਨ, ਜਿਸ ਕਾਰਣ ਦਰਜਨਾਂ ਪਿੰਡਾਂ ਵਿਚ ਮਾਡ਼ੀ ਬਿਜਲੀ ਸਪਲਾਈ ਕਾਰਣ ਲੋਕਾਂ ਵਿਚ ਵਿਭਾਗ ਖਿਲਾਫ਼ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ।

ਬਿਜਲੀ ਓਵਰਲੋਡਿੰਗ ਦੀ ਸਮੱਸਿਆ ਨਾਲ ਸਬ-ਡਵੀਜ਼ਨ ਰੀਠਖੇਡ਼ੀ ਅਧੀਨ ਪੈਂਦੇ ਦਰਜਨਾਂ ਪਿੰਡਾਂ ਫਤਿਹਗਡ਼੍ਹ ਸਾਹਿਬ, ਪਟਿਆਲਾ ਅਤੇ ਸਕੂਲ, ਕਾਲਜ ਤੇ ਆਂਗਣਵਾਡ਼ੀ ਸੈਂਟਰ ਜੂਝ ਰਹੇ ਹਨ। ਸਬ-ਡਵੀਜ਼ਨ ਰੀਠਖੇਡ਼ੀ ਨੂੰ ਬਿਜਲੀ ਸਪਲਾਈ ਬਾਰਨ ਗਰਿੱਡ ਤੋਂ ਜਾਂਦੀ ਹੈ, ਜਿਸ ਦੀ ਅੰਪੇਅਰ ਕਪੈਸਿਟੀ 200 ਦੀ ਹੈ ਪਰ ਲੋਡ ਮੁਤਾਬਕ 400 ਦੀ ਹੋਣੀ ਚਾਹੀਦੀ ਹੈ। ਗਰਿੱਡ ਵਿਚ 1995 ਮਾਡਲ ਸਰਕਟ ਬ੍ਰੇਕਰ ਲੱਗੇ ਹੋਏ ਹਨ ਜੋ ਬਹੁਤ ਹੀ ਪੁਰਾਣੇ ਹਨ। ਬਿਜਲੀ ਲੋਡ ਵਧਣ ਕਾਰਨ ਕੱਟ ਹੋ ਜਾਂਦੇ ਹਨ, ਜਿਸ ਕਾਰਣ ਦਰਜਨਾਂ ਪਿੰਡਾਂ, ਕਾਲੋਨੀਆਂ, ਸਕੂਲਾਂ ਅਤੇ ਕਾਲਜਾਂ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਵੱਡੀ ਪ੍ਰੇਸ਼ਾਨੀ ਹੁੰਦੀ ਹੈ। ਵਾਰ-ਵਾਰ ਕੱਟ ਲੱਗਣ ਕਾਰਣ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਖਪਤਕਾਰਾਂ ਦੇ ਰੋਸ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਿੱਡਾਂ ਦੇ ਓਵਰਲੋਡ ਹੋਣ ਦੀ ਸਮੱਸਿਆ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਪਾਵਰਕਾਮ ਆਪਣੇ ਗਰਿੱਡਾਂ ਦਾ ਲੋਡ ਵਧਾਵੇ। ਫਿਰ ਖਪਤਕਾਰਾਂ ਨੂੰ ਲੋਡ ਵਧਾਉਣ ਦੀ ਨਸੀਹਤ ਦੇਵੇ। ਦਿਨ ਸਮੇਂ ਲੱਗ ਰਹੇ ਬਿਜਲੀ ਕੱਟਾਂ ਕਾਰਣ ਸਕੂਲਾਂ ਵਿਚ ਪਡ਼੍ਹਦੇ ਬੱਚਿਆਂ ਨੂੰ ਕਈ-ਕਈ ਘੰਟੇ ਗਰਮੀ ਵਿਚ ਬੈਠਣਾ ਪੈਂਦਾ ਹੈ।

ਲੋਡ ਘਟਾਉਣ ਲਈ ਪੰਚਾਇਤ ਵੱਲੋਂ ਦਿੱਤੀ ਜ਼ਮੀਨ, ਨਹੀਂ ਬਣ ਸਕਿਆ ਗਰਿੱਡ

ਸਬ-ਡਵੀਜ਼ਨ ਰੀਠਖੇਡ਼ੀ ਅਧੀਨ ਪੈਂਦੇ ਪਿੰਡਾਂ ਵਿਚ ਬਿਜਲੀ ਓਵਰਲੋਡ ਦੀ ਸਮੱਸਿਆ ਨੂੰ ਦੂਰ ਕਰਨ ਲਈ ਫੱਗਣਮਾਜਰਾ ਦੀ ਗ੍ਰਾਮ ਪੰਚਾਇਤ ਨੇ ਢਾਈ ਏਕਡ਼ ਜ਼ਮੀਨ 2012 ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮਤਾ ਪਾ ਕੇ ਦਿੱਤੀ ਸੀ ਤਾਂ ਜੋ ਡਵੀਜ਼ਨ ਦਾ ਦਫ਼ਤਰ ਅਤੇ ਗਰਿੱਡ ਬਣ ਸਕੇ ਪਰ ਪਾਵਰਕਾਮ ਵੱਲੋਂ ਹੁਣ ਤੱਕ ਇਸ ਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ। ਇਸ ਦਾ ਖਮਿਆਜ਼ਾ ਖਪਤਕਾਰਾਂ ਅਤੇ ਵਿਭਾਗ ਦੇ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ।

ਜਲਦ ਦੂਰ ਹੋਵੇਗੀ ਕੱਟਾਂ ਦੀ ਸਮੱਸਿਆ

ਸਬ-ਡਵੀਜ਼ਨ ਰੀਠਖੇਡ਼ੀ ਦੇ ਐੱਸ. ਡੀ. ਓ. ਰਵੇਲ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਬਾਰਨ ਗਰਿੱਡ ਵਿਚ ਲੱਗਾ ਸਾਮਾਨ ਬਹੁਤ ਪੁਰਾਣਾ ਹੈ। ਇਸ ਨੂੰ ਜਲਦ ਬਦਲਿਆ ਜਾਵੇਗਾ। ਮਾਮਲਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਛੇਤੀ ਹੀ ਓਵਰਲੋਡ ਦੀ ਸਮੱਸਿਆ ਨੂੰ ਦੂਰ ਕਰ ਕੇ ਲੋਕਾਂ ਨੂੰ ਸੁਚਾਰੂ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।


Shyna

Content Editor

Related News