ਕੈਗ ਰਿਪੋਰਟ ਨਾਲ ਖੁੱਲ੍ਹੀ ਪਾਵਰਕਾਮ ਅਥਾਰਿਟੀ ਦੀ ਕਾਰਜ ਪ੍ਰਣਾਲੀ ਦੀ ਪੋਲ

03/02/2020 1:59:00 PM

ਚੰਡੀਗੜ੍ਹ (ਸ਼ਰਮਾ) : ਪੰਜਾਬ ਪਾਵਰਕਾਮ ਅਥਾਰਿਟੀ ਦੀ ਕਾਰਜਕੁਸ਼ਲਤਾ 'ਤੇ ਸਵਾਲ ਖੜ੍ਹੇ ਕਰਦੇ ਹੋਏ ਕੰਟਰੋਲਰ ਅਤੇ ਆਡਿਟਰ ਜਨਰਲ ਆਫ ਇੰਡੀਆ (ਕੈਗ) ਨੇ ਆਪਣੀ ਰਿਪੋਰਟ 'ਚ ਸਰਕਾਰੀ ਮਾਲੀਏ ਨੂੰ ਹੋਏ ਕਰੋੜਾਂ ਰੁਪਏ ਦੇ ਨੁਕਸਾਨ ਦੀ ਚਰਚਾ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਪਟਲ 'ਤੇ ਹਾਲ ਹੀ 'ਚ ਰੱਖੀ ਗਈ ਕੈਗ ਦੀ ਸਾਲ 2017-18 ਦੀ ਆਡਿਟ ਰਿਪੋਰਟ 'ਚ ਕਿਹਾ ਗਿਆ ਹੈ ਕਿ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਨੂੰ ਜੁਲਾਈ 2013 'ਚ ਸਵਤੰਤਰ ਫੀਡਰ ਤੋਂ ਨਿਰਵਿਘਨ ਬਿਜਲੀ ਅਪਲਾਈ ਲਈ ਕੁਨੈਕਸ਼ਨ ਜਾਰੀ ਕੀਤਾ ਗਿਆ ਸੀ। ਰੈਗੂਲੇਟਰੀ ਕਮਿਸ਼ਨ ਵੱਲੋਂ ਮਨਜ਼ੂਰ ਟੈਰਿਫ ਦਰਾਂ ਅਨੁਸਾਰ ਗੈਰ ਰਿਹਾਇਸ਼ੀ ਸ਼੍ਰੇਣੀ ਦੇ ਇਸ ਤਰ੍ਹਾਂ ਦੇ ਕੁਨੈਕਸ਼ਨ, ਜੋ ਸੁਤੰਤਰ ਫੀਡਰ ਤੋਂ ਨਿਰਵਿਘਨ ਬਿਜਲੀ ਸਪਲਾਈ ਲਈ ਜਾਰੀ ਕੀਤੇ ਜਾਂਦੇ ਹਨ, 'ਤੇ ਵਾਧੂ ਰੂਪ ਤੋਂ 25 ਫ਼ੀਸਦੀ ਜ਼ਿਆਦਾ ਟੈਰਿਫ ਦਰਾਂ ਲਾਗੂ ਹੋਣਗੀਆਂ ਪਰ ਪੰਜਾਬ ਪਾਵਰਕਾਮ ਅਥਾਰਿਟੀ ਨੇ ਉਕਤ ਖਪਤਕਾਰ ਤੋਂ ਇਸ ਵਾਧੂ ਟੈਰਿਫ ਦੀ ਵਸੂਲੀ ਨਾ ਕਰ ਕੇ ਜਿੱਥੇ ਖਪਤਕਾਰ ਨੂੰ ਅਗਸਤ 2013 ਤੋਂ ਨਵੰਬਰ 2017 ਤੱਕ 2.33 ਕਰੋੜ ਦਾ ਅਣ-ਉਚਿਤ ਲਾਭ ਪਹੁੰਚਾਇਆ। ਉਥੇ ਹੀ ਇੰਨੀ ਹੀ ਰਾਸ਼ੀ ਦਾ ਸਰਕਾਰੀ ਮਾਲੀਏ ਨੂੰ ਨੁਕਸਾਨ ਹੋਇਆ। ਇਸ ਤੋਂ ਇਲਾਵਾ ਸਰਕਾਰੀ ਮਾਲੀਏ ਨੂੰ ਵਿਆਜ ਦੇ ਰੂਪ 'ਚ 44 ਲੱਖ ਦਾ ਵੀ ਨੁਕਸਾਨ ਹੋਇਆ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਵਰਕਾਮ ਵੱਲੋਂ ਬਿਜਲੀ ਖਰੀਦ ਦੇ ਬਿੱਲਾਂ ਦੀ ਸਮੇਂ 'ਤੇ ਅਦਾਇਗੀ ਨਾ ਕਰਨ ਕਾਰਨ ਇਸ ਨੂੰ 7.15 ਕਰੋੜ ਦੀ ਲੇਟ ਪੇਮੈਂਟ ਸਰਚਾਰਜ ਦੇ ਰੂਪ ਨਾਲ ਵਾਧੂ ਭੁਗਤਾਨ ਕਰਨਾ ਪਿਆ। ਤਲਵੰਡੀ ਸਾਬੋ ਪਾਵਰ ਲਿ. ਤੋਂ ਕੋਲਾ ਖਰੀਦ ਦੇ ਮਾਮਲੇ 'ਚ ਪਾਵਰ ਪ੍ਰਚੇਜ਼ ਐਗਰੀਮੈਂਟ (ਪੀ. ਪੀ. ਏ.) ਦੀਆਂ ਖਾਮੀਆਂ ਕਾਰਣ ਬਿਨਾਂ ਧੋਤਾ ਹੋਇਆ ਕੋਲਾ ਪਲਾਂਟ 'ਚ ਵਰਤੋਂ ਕਰਨ ਕਰਨ ਵਾਤਾਵਰਣ ਨਿਯਮਾਂ ਦੀ ਉਲੰਘਣਾ ਦਾ ਇਤਰਾਜ਼ ਦਰਜ ਕਰਦੇ ਹੋਏ ਆਡਿਟ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੀ. ਪੀ. ਏ. ਦੀ ਇਸ ਕਮੀ ਕਾਰਨ ਪਾਵਰਕਾਮ ਨੂੰ ਐਨਰਜੀ ਫੀਸ ਦੇ ਰੂਪ 'ਚ ਬਚਾਏ ਜਾ ਸਕਣ ਵਾਲੇ 961.71 ਕਰੋੜ ਦਾ ਭੁਗਤਾਨ ਕਰਨਾ ਪਿਆ, ਜੋ ਰਾਜ ਦੇ ਆਮ ਉਪਭੋਗਤਾਵਾਂ 'ਤੇ ਭਾਰ ਪਵੇਗਾ। ਆਡਿਟ ਰਿਪੋਰਟ 'ਚ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਕਿ ਹਾਟ ਲਾਈਨ ਮੈਂਟੀਨੈਂਸ ਲਈ ਖਰੀਦੇ ਗਏ 1.24 ਕਰੋੜ ਦੇ ਯੰਤਰਾਂ ਦੀ 50 ਮਹੀਨਿਆਂ ਤੱਕ ਇਸ ਕਾਰਣ ਵਰਤੋਂ ਨਹੀਂ ਕੀਤੀ ਜਾ ਸਕੀ ਕਿਉਂਕਿ ਪੰਜਾਬ ਟਰਾਂਸਮਿਸ਼ਨ ਕਾਰਪੋਰੇਸ਼ਨ ਨੇ ਆਪਣੇ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਇਨ੍ਹਾਂ ਦੀ ਵਰਤੋਂ ਦੇ ਸਬੰਧ 'ਚ ਵਿਸ਼ੇਸ਼ ਟ੍ਰੇਨਿੰਗ ਨਹੀਂ ਦਿਵਾਈ, ਜਿਸ ਕਾਰਣ ਇਹ ਖਰਚਾ ਵਿਅਰਥ 'ਚ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਯੰਤਰਾਂ ਦੀ ਵਾਰੰਟੀ ਸਮਾਂ ਸੀਮਾ ਵੀ ਖ਼ਤਮ ਹੋ ਚੁੱਕੀ ਹੈ।


Anuradha

Content Editor

Related News