ਬਿਜਲੀ ਸਪਲਾਈ ਨਾ ਆਉਣ ''ਤੇ ਭੜਕੇ ਕਿਸਾਨਾਂ ਨੇ ਕੀਤਾ ਚੱਕਾ ਜਾਮ

06/16/2019 7:40:48 PM

ਮਾਛੀਵਾੜਾ ਸਾਹਿਬ(ਟੱਕਰ) ਉਪ ਮੰਡਲ ਦਫ਼ਤਰ ਬਹਿਲੋਲਪੁਰ ਤੋਂ ਪਿੰਡ ਬਰਮਾ ਤੇ ਹੇੜੀਆਂ ਨੂੰ ਜਾਂਦੀ ਬਿਜਲੀ ਸਪਲਾਈ ਪਿਛਲੇ 5 ਦਿਨਾਂ ਤੋਂ ਬੰਦ ਰਹਿਣ ਕਾਰਨ ਅੱਜ ਭੜਕੇ ਕਿਸਾਨਾਂ ਨੇ ਨੀਲੋਂ ਤੋਂ ਲੈ ਕੇ ਰੋਪੜ ਨੂੰ ਜਾਂਦੀ ਸਰਹਿੰਦ ਨਹਿਰ ਕਿਨਾਰੇ ਬਣੀ ਸੜਕ 'ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ ਅਤੇ ਸਰਕਾਰ ਤੇ ਵਿਭਾਗ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਪਿੰਡ ਹੇੜੀਆਂ ਤੇ ਬਰਮਾ ਦੇ ਕਿਸਾਨ ਕਰਮਜੀਤ ਸਿੰਘ ਸਾਬਕਾ ਸਰਪੰਚ, ਕੁਲਵੀਰ ਸਿੰਘ, ਸੁੱਖਾ ਸਿੰਘ, ਸਵਰਨ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ ਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 13 ਜੂਨ ਤੋਂ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਪਰ ਬਹਿਲੋਲਪੁਰ ਉਪ ਮੰਡਲ ਦਫ਼ਤਰ ਤੋਂ ਇਹ ਸਪਲਾਈ ਬਿਲਕੁੱਲ ਠੱਪ ਹੈ ਜਿਸ ਕਾਰਨ ਉਨ੍ਹਾਂ ਦੀ ਝੋਨੇ ਦੀ ਬਿਜਾਈ ਪੱਛੜ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਬਹਿਲੋਲਪੁਰ ਦਫ਼ਤਰ ਦੇ ਚੱਕਰ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਉਹ ਝੋਨੇ ਦੀ ਬਿਜਾਈ ਸ਼ੁਰੂ ਕਰ ਸਕਣ ਪਰ ਵਾਰ-ਵਾਰ ਕਹਿਣ ਦੇ ਬਾਵਜ਼ੂਦ ਵੀ ਬਿਜਲੀ ਵਿਭਾਗ ਦੇ ਅਧਿਕਾਰੀ ਬੇਪ੍ਰਵਾਹ ਹੋਏ ਬੈਠੇ ਹਨ ਜਦਕਿ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਅੱਜ ਮਜ਼ਬੂਰਨ ਉਨ੍ਹਾਂ ਨੂੰ ਸੜਕਾਂ 'ਤੇ ਉਤਰ ਕੇ ਬਿਜਲੀ ਵਿਭਾਗ ਦੇ ਸਰਕਾਰ ਖਿਲਾਫ਼ ਚੱਕਾ ਜਾਮ ਕਰ ਰੋਸ ਪ੍ਰਦਰਸ਼ਨ ਕਰਨਾ ਪਿਆ। ਇਸ ਧਰਨੇ ਦੌਰਾਨ ਕੁੱਝ ਕਿਸਾਨ ਡੀਜ਼ਲ ਦੀਆਂ ਕੈਨੀਆਂ ਲੈ ਕੇ ਮੌਕੇ 'ਤੇ ਪੁੱਜੇ ਅਤੇ ਕਿਹਾ ਕਿ ਜਲਦ ਬਿਜਲੀ ਸਪਲਾਈ ਸ਼ੁਰੂ ਨਾ ਹੋਈ ਤਾਂ ਉਹ ਸੜਕ 'ਤੇ ਹੀ ਰੋਸ ਪ੍ਰਦਰਸ਼ਨ ਕਰਦੇ ਹੋਏ ਆਤਮ-ਹੱਤਿਆ ਕਰਨ ਨੂੰ ਮਜ਼ਬੂਰ ਹੋ ਜਾਣਗੇ। ਨੀਲੋਂ-ਰੋਪੜ ਮਾਰਗ 'ਤੇ ਕਿਸਾਨਾਂ ਦੇ ਧਰਨੇ ਦੌਰਾਨ ਆਵਾਜ਼ਾਈ ਠੱਪ ਹੋਣ 'ਤੇ ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਕਿਸਾਨਾਂ ਨੂੰ ਸ਼ਾਂਤ ਕੀਤਾ।ਧਰਨਾ ਸਥਾਨ 'ਤੇ ਬਿਜਲੀ ਵਿਭਾਗ ਦੇ ਐੱਸ.ਡੀ.ਓ ਹਰਪ੍ਰੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਬਿਜਲੀ ਗਰਿੱਡ ਤੋਂ ਸਪਲਾਈ ਲਈ ਜਾਂਦੀ ਬਿਜਲੀ ਦੀ ਤਾਰ 'ਚ ਤਕਨੀਕੀ ਨੁਕਸ ਪੈ ਗਿਆ ਸੀ ਜਿਸ ਨੂੰ ਸ਼ਾਮ ਤੱਕ ਠੀਕ ਕਰ ਲਿਆ ਜਾਵੇਗਾ ਅਤੇ ਕਿਸਾਨਾਂ ਨੂੰ ਝੋਨੇ ਦੀ ਸਪਲਾਈ ਲਈ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਅਧਿਕਾਰੀਆਂ ਦੇ ਵਿਸ਼ਵਾਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਚੁੱਕ ਲਿਆ।

satpal klair

This news is Content Editor satpal klair