ਧਰਨੇ ’ਚ ਸ਼ਾਮਲ ਹੋਣ ਲਈ ਰਵਾਨਾ ਹੋਏ ਬਿਜਲੀ ਵਿਭਾਗ ਦੇ ਪੈਨਸ਼ਨਰ

12/10/2019 8:05:54 PM

ਮੋਹਾਲੀ,(ਨਿਆਮੀਆਂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਰਮਚਾਰੀ ਅਤੇ ਪੈਨਸ਼ਨਰ ਮੋਹਾਲੀ ਦੇ ਫੇਜ਼-1 ਤੋਂ ਪਟਿਆਲਾ ਵਿਖੇ ਚੱਲ ਰਹੇ ਪੰਜਾਬ ਪੱਧਰ ਦੇ ਧਰਨੇ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਏ। ਇਸ ਮੌਕੇ ਜਾਣਕਾਰੀ ਦਿੰਦਿਆਂ ਪੈਨਸ਼ਨਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਾਜ ਕੁਮਾਰ ਨੇ ਦੱਸਿਆ ਕਿ ਪਟਿਆਲਾ ਵਿਖੇ ਬਿਜਲੀ ਵਿਭਾਗ ਦੇ ਮੁੱਖ ਦਫਤਰ ਦੇ ਸਾਹਮਣੇ ਕਈ ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਕੰਨਾਂ ਤਕ ਆਪਣੀਆਂ ਮੰਗਾਂ ਪਹੁੰਚਾਉਣ ਲਈ ਅੱਜ ਪੰਜਾਬ ਭਰ ਵਿੱਚੋਂ ਵਿਭਾਗ ਦੇ ਪੈਨਸ਼ਨਰ ਅਤੇ ਕਰਮਚਾਰੀ ਹਿੱਸਾ ਲੈ ਰਹੇ ਹਨ। ਇਸੇ ਲਡ਼ੀ ਵਿਚ ਅੱਜ ਮੋਹਾਲੀ ਤੋਂ ਵਿਭਾਗ ਦੇ ਕਰਮਚਾਰੀ ਅਤੇ ਪੈਨਸ਼ਨਰ ਇਸ ਧਰਨੇ ਨੂੰ ਸਫਲ ਬਣਾਉਣ ਅਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਰਵਾਨਾ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਅਤੇ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਦੇਣਾ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਪੈਨਸ਼ਨ ਅਤੇ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਪਾਲਣੇ ਮੁਸ਼ਕਲ ਹੋ ਗਏ ਹਨ। ਧਰਨੇ ਲਈ ਰਵਾਨਾ ਹੋਣ ਵਾਲਿਆਂ ਵਿਚ ਨਿਰਮਲ ਸਿੰਘ, ਰਮੇਸ਼ ਚੰਦ, ਕਪਿਲ ਸ਼ਰਮਾ, ਗੁਰਿੰਦਰ ਸਿੰਘ, ਬੀ. ਸੀ. ਪ੍ਰੇਮੀ, ਬਲਵੀਰ ਸਿੰਘ, ਕ੍ਰਿਸ਼ਨ ਸ਼ਰਮਾ ਵੀ ਸ਼ਾਮਲ ਸਨ।

Bharat Thapa

This news is Content Editor Bharat Thapa