ਬਿਜਲੀ ਕੱਟਾਂ ਦੇ ਸਬੰਧ ਵਿਚ ਚੀਫ ਇੰਜੀਨੀਅਰ ਵੰਡ ਦੱਖਣੀ ਨੇ ਕੀਤਾ ਬਰਨਾਲਾ ਜ਼ੋਨ ਦਾ ਦੌਰਾ

04/29/2022 6:08:51 PM

ਬਰਨਾਲਾ (ਵਿਵੇਕ ਸਿੰਧਵਾਨੀ) : ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਨੂੰ ਲੈ ਕੇ ਜਿੱਥੇ ਜਨਤਾ ਵਿਚ ਹਾਹਾਕਾਰ ਮਚੀ ਹੋਈ ਹੈ, ਉਥੇ ਹੀ ਡੈਮੇਜ ਕੰਟਰੋਲ ਕਰਨ ਨੂੰ ਲੈ ਕੇ ਪਾਵਰਕਾਮ ਦੇ ਉੱਚ ਅਧਿਕਾਰੀ ਵੀ ਫੀਲਡ ਵਿਚ ਆ ਗਏ ਹਨ। ਇਸੇ ਤਹਿਤ ਅੱਜ ਪਾਵਰਕਾਮ ਦੇ ਚੀਫ ਇੰਜੀਨੀਅਰ  ਡਿਸਟਰੀਬਿਊਸ਼ਨ ਜ਼ੋਨ ਸਾਊਥ ਪਟਿਆਲਾ ਸੰਦੀਪ ਗਰਗ ਨੇ ਬਰਨਾਲਾ ਜ਼ੋਨ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵਪਾਰ ਮੰਡਲ ਅਤੇ ਇੰਡਸਟਰੀ ਚੈਂਬਰ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਦੀਪ ਗਰਗ ਨੇ ਕਿਹਾ ਕਿ ਪਾਵਰਕਾਮ ਦੇ ਥਰਮਲ ਪਲਾਂਟ ਇਕ ਦੋ ਦਿਨਾਂ ਵਿਚ ਆਪਣੀ ਪੂਰੀ ਸਪਲਾਈ ਦੇਣੀ ਸ਼ੁਰੂ ਕਰ ਦੇਣਗੇ ਜਿਸ ਨਾਲ ਬਿਜਲੀ ਕੱਟਾਂ ਦੀ ਸਥਿਤੀ ਤੋਂ ਲੋਕਾਂ ਨੂੰ ਰਾਹਤ ਮਿਲ ਸਕੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗਰਿੱਡਾਂ ਦਾ ਘਿਰਾਓ ਨਾ ਕਰਨ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਦੋਂ ਤੱਕ ਥਰਮਲ ਪਲਾਂਟ ਨਹੀਂ ਚੱਲ ਰਹੇ ਅਸੀਂ ਕਿਸੇ ਤਰ੍ਹਾਂ ਵੀ ਕਰਕੇ ਉਨ੍ਹਾਂ ਨੂੰ ਲਾਈਟ ਜ਼ਰੂਰ ਦੇਈਏ। ਉਨ੍ਹਾਂ ਕਿਹਾ ਇਸ ਲਈ ਸਾਨੂੰ ਇੰਡਸਟਰੀ ਅਤੇ ਘਰੇਲੂ ਸਪਲਾਈ ਤੇ ਵੀ ਕੱਟ ਲਾਉਣੇ ਪੈ ਰਹੇ ਹਨ। ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੇ ਗਰਗ ਨੇ ਚੀਫ ਇੰਜੀਨੀਅਰ ਦੇ ਧਿਆਨ ਵਿਚ ਲਿਆਂਦਾ ਕਿ ਸਥਾਨਕ ਫਤਹਿਗ਼ੜ੍ਹ ਛੰਨਾ ਰੋਡ ਤੇ ਕਾਫੀ ਇੰਡਸਟਰੀ ਲੱਗੀ ਹੋਈ ਹੈ ਅਤੇ ਇੱਥੇ ਲਗਾਤਾਰ ਟ੍ਰਿਪਿੰਗ ਦੀ ਸਮੱਸਿਆ ਆਉਂਦੀ ਹੈ ਜਿਸ ਕਾਰਨ ਇੰਡਸਟਰੀ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ, ਇਸ ਤੋਂ ਇਲਾਵਾ ਬਾਜਾਖਾਨਾ ਰੋਡ ਦੇ ਫੀਡਰ ਦੀ ਲੰਬਾਈ ਬਹੁਤ ਜ਼ਿਆਦਾ ਹੋਣ ਕਾਰਨ ਜਦੋਂ ਵੀ ਕੋਈ ਨੁਕਸ ਪੈਂਦਾ ਹੈ ਤਾਂ ਸਾਰੇ ਬਾਜਾਖਾਨਾ ਰੋਡ ਦੀ ਬਿਜਲੀ ਬੰਦ ਕਰਨੀ ਪੈਂਦੀ ਪੈਂਦੀ ਹੈ, ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।

ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਧਨੌਲਾ ਫੀਡਰ ਤੇ ਜਿੱਥੇ ਦਰੱਖਤ ਸੰਘਣੇ ਹਨ, ਉਥੇ ਕੇਬਲ ਪਾਈ ਜਾਵੇ। ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਚੀਫ ਇੰਜੀਨੀਅਰ ਦੇ ਧਿਆਨ ਵਿਚ ਲਿਆਂਦਾ ਕਿ ਸ਼ਹਿਰ ਵਿਚ ਕਈ ਥਾਵਾਂ ’ਤੇ ਬਾਜ਼ਾਰਾਂ ਵਿਚ ਤਾਰਾਂ ਨੀਵੀਆਂ ਹਨ ਅਤੇ ਅਨਾਜ ਮੰਡੀ ਵਿਚ ਕਈ ਝੁੱਗੀ ਝੋਂਪੜੀ ਵਾਲਿਆਂ ਨੇ ਸਿੱਧੀਆਂ ਕੁੰਡੀਆਂ ਪਾਈਆਂ ਹੋਈਆਂ ਹਨ ਜਿਸ ਕਾਰਨ ਬਿਜਲੀ ਦੀ ਡ੍ਰਾਪਿੰਗ ਦੀ ਸਮੱਸਿਆ ਬਣੀ ਰਹਿੰਦੀ ਹੈ। ਚੀਫ ਇੰਜੀਨੀਅਰ ਨੇ ਸਾਰੀਆਂ ਮੁਸ਼ਕਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਤੁਰੰਤ ਉੱਚ ਅਧਿਕਾਰੀਆਂ ਨੂੰ ਇਸ ਉੱਤੇ ਐਕਸ਼ਨ ਲੈਣ ਲਈ ਕਿਹਾ। ਇਸ ਮੌਕੇ ਉਪ ਮੁੱਖ ਇੰਜੀਨੀਅਰ ਬਰਨਾਲਾ ਇੰਜੀਨੀਅਰ ਤੇਜ ਬਾਂਸਲ, ਐਕਸੀਅਨ ਦਿਹਾਤੀ ਸੰਦੀਪ ਕੁਮਾਰ, ਐਕਸੀਅਨ ਧੂਰੀ ਮਨੋਜ ਗਰਗ, ਐਕਸੀਅਨ ਮਾਲੇਰਕੋਟਲਾ ਹਰਵਿੰਦਰ ਸਿੰਘ, ਐਕਸੀਅਨ ਟੈੱਕ ਬਰਨਾਲਾ ਬੇਅੰਤ ਸਿੰਘ, ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੈ ਗਰਗ, ਅਜੇ ਬਾਂਸਲ, ਯੋਗਰਾਜ, ਵਿਕਾਸ ਗਰਗ ਮੀਤ ਪ੍ਰਧਾਨ, ਪ੍ਰਧਾਨ ਰਾਜ ਕੁਮਾਰ ਗੋਇਲ ਸ਼ੰਮੀ ਗੋਇਲ, ਸ਼ਿਵ ਸਿੰਗਲਾ ਵੀ ਹਾਜ਼ਰ ਸਨ।


Gurminder Singh

Content Editor

Related News