ਬਿਜਲੀ ਨਿਗਮ ਨੇ 1000 ਠੇਕਾ ਆਧਾਰਤ ਲਾਈਨਮੈਨਾਂ ਦੇ ਕਾਰਜਕਾਲ ''ਚ 2019 ਤੱਕ ਵਾਧਾ

10/06/2018 9:37:30 AM

ਪਟਿਆਲਾ (ਜੋਸਨ)—ਬਿਜਲੀ ਨਿਗਮ ਦੀ ਮੈਨੇਜਮੈਂਟ ਨੇ  ਠੇਕੇ 'ਤੇ ਭਰਤੀ ਕੀਤੇ 1000 ਲਾਈਨਮੈਨਾਂ ਦਾ ਸੇਵਾ-ਕਾਲ ਮਈ 2019 ਤੱਕ  ਵਧਾਉਣ ਦਾ ਫੈਸਲਾ ਕੀਤਾ ਹੈ। ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ  ਬਿਜਲੀ ਨਿਗਮ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਦੇ ਇਸ ਫੈਸਲੇ ਨੂੰ ਸ਼ਲਾਘਾਯੋਗ ਕਰਾਰ ਦਿੱਤਾ ਹੈ। ਇਸ ਸਬੰਧੀ ਅੱਜ ਬਿਜਲੀ ਨਿਗਮ ਦੀ ਮੈਨੇਜਮੈਂਟ ਆਪਣੇ ਦਫ਼ਤਰੀ ਹੁਕਮ ਨੰ. 345 ਮਿਤੀ 5.10.18 ਰਾਹੀਂ  ਪੱਤਰ ਜਾਰੀ ਕਰ  ਦਿੱਤਾ ਹੈ। ਮੈਨੇਜਮੈਂਟ ਨੇ ਇਸ ਪੱਤਰ ਰਾਹੀਂ ਸਾਰੇ ਮੁੱਖ ਇੰਜੀਨੀਅਰਾਂ ਅਤੇ ਉੱਪ ਸਕੱਤਰਾਂ ਨੂੰ ਪੱਤਰ ਜਾਰੀ ਕਰ ਕੇ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਲਾਈਨਮੈਨਾਂ ਨੇ ਸਤੰਬਰ 2016 ਤੋਂ ਮਈ 2017 ਤੱਕ ਆਪਣੀ ਡਿਊਟੀ  ਜੁਆਇਨ ਕੀਤੀ ਹੈ, ਉਨ੍ਹਾਂ ਦਾ ਠੇਕਾ ਆਧਾਰਤ ਪਰਖ ਸਮਾਂ (ਕਾਰਜਕਾਲ) ਮਈ 2019 ਤੱਕ ਜਾਰੀ ਰਹੇਗਾ। ਇਹ ਹੁਕਮ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ 'ਤੇ ਵੀ ਲਾਗੂ ਹੋਣਗੇ। 

ਉਨ੍ਹਾਂ ਮੰਗ ਕੀਤੀ ਕਿ ਇਸ ਫੈਸਲੇ ਨੂੰ ਪੂਰੇ ਸਕੇਲ ਵਿਚ ਰੈਗੂਲਰ ਕਰਨ ਬਾਰੇ ਹੁਕਮ ਜਾਰੀ ਕੀਤੇ ਜਾਣ। ਨਿਗਮ ਮੈਨੇਜਮੈਂਟ ਨੇ ਏਕਤਾ ਮੰਚ ਨਾਲ ਮੀਟਿੰਗਾਂ ਕਰ ਕੇ ਇਨ੍ਹਾਂ  ਨੂੰ ਪੂਰੇ ਸਕੇਲ ਵਿਚ ਰੈਗੂਲਰ ਕਰਨ ਦਾ ਫੈਸਲਾ ਕੀਤਾ ਸੀ। ਮੰਚ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ, ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਅਤੇ ਦਰਸ਼ਨ ਸਿੰਘ  ਨੇ ਮੰਗ ਕੀਤੀ ਕਿ ਠੇਕੇ 'ਤੇ ਭਰਤੀ ਕੀਤੇ ਲਾਈਨਮੈਨਾਂ ਨੂੰ ਪੂਰੇ ਸਕੇਲ ਵਿਚ ਰੈਗੂਲਰ ਕਰ ਕੇ ਜਥੇਬੰਦੀ ਨਾਲ ਹੋਏ ਫੈਸਲੇ ਲਾਗੂ ਕੀਤੇ ਜਾਣ।