''ਆਪ'' ਵਿਧਾਇਕ ਖੁਦ ਜੋੜਨ ਲੱਗੇ ਕੱਟੇ ਹੋਏ ਬਿਜਲੀ ਕੁਨੈਕਸ਼ਨ : ਭਗਵੰਤ ਮਾਨ

02/20/2019 9:30:03 PM

ਚੰਡੀਗੜ੍ਹ,(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ 'ਚ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਹੁਣ ਪਾਵਰ ਕਾਮ ਦੁਆਰਾ ਕੱਟੇ ਬਿਜਲੀ ਕੁਨੈਕਸ਼ਨ ਫਿਰ ਤੋਂ ਜੋੜਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਸ ਅਧੀਨ 'ਆਪ' ਦੇ ਵਲੰਟੀਅਰਾਂ ਵੱਲੋਂ ਜਬਰੀ ਕੱਟੇ ਕੁਨੈਕਸ਼ਨ ਫਿਰ ਤੋਂ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 'ਆਪ' ਵਲੋਂ ਜਾਰੀ ਬਿਆਨ 'ਚ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ ਜਿੱਥੇ ਬਿਜਲੀ ਅੰਦੋਲਨ ਤਹਿਤ ਸਿਰਫ਼ ਮਹਿੰਗੇ ਬਿਜਲੀ ਬਿੱਲਾਂ ਦਾ ਹੀ ਨੋਟਿਸ ਲਿਆ ਜਾ ਰਿਹਾ ਸੀ, ਉਥੇ ਹੁਣ ਪਾਵਰ ਕਾਮ ਵਲੋਂ ਬਿਜਲੀ ਖਪਤਕਾਰਾਂ ਦੇ ਘਰਾਂ ਦੇ ਕੱਟੇ ਕੁਨੈਕਸ਼ਨਾਂ ਦਾ ਮੁੱਦਾ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਕੱਟੇ ਕੁਨੈਕਸ਼ਨ ਫਿਰ ਤੋਂ ਜੋੜਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਆਪ ਦਾ ਬਿਜਲੀ ਅੰਦੋਲਨ ਸੂਬੇ ਭਰ 'ਚ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਦੇ ਅਸਰ ਦਾ ਅੰਦਾਜ਼ਾ ਪਿਛਲੇ ਦਿਨੀਂ ਪਾਵਰ ਕਾਮ ਵੱਲੋਂ ਬਿਜਲੀ ਬਿੱਲਾਂ 'ਚ ਕਟੌਤੀ ਤੋਂ ਲਗਾਇਆ ਜਾ ਸਕਦਾ ਹੈ ਪਰ ਜਿੱਥੇ ਪਹਿਲਾਂ ਪਾਵਰ ਕਾਮ ਵੱਲੋਂ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਭੇਜ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਉੱਥੇ ਬਿੱਲ ਭਰਨ ਦੇ ਅਸਮਰਥ ਲੋਕਾਂ ਦਾ ਕੁਨੈਕਸ਼ਨ ਵੀ ਕੱਟ ਰਹੀ ਹੈ। ਉਨ੍ਹਾਂ ਕਿਹਾ ਕਿ 'ਆਪ' ਆਮ ਲੋਕਾਂ ਨਾਲ ਹੁੰਦੀ ਇਸ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਅੰਦੋਲਨ ਨੂੰ ਹੋਰ ਵੀ ਵੱਡਾ ਕਰੇਗੀ। ਉਨ੍ਹਾਂ ਪਾਵਰ ਕਾਮ ਵੱਲੋਂ ਘਟਾਏ ਬਿਜਲੀ ਬਿੱਲਾਂ ਬਾਰੇ ਕਿਹਾ ਕਿ ਇਹ ਕਦਮ ਲੋਕਾਂ ਵਿੱਚ ਵਧਦੇ ਗੁੱਸੇ ਨੂੰ ਦੇਖ ਕੇ ਚੁੱਕਿਆ ਗਿਆ ਹੈ ਪਰ ਕੁਨੈਕਸ਼ਨ ਕੱਟਣ 'ਤੇ ਲੋਕਾਂ ਤੋਂ ਜਬਰੀ ਵਸੂਲੀ ਕਰਨਾ ਇਸ ਮੁੱਦੇ 'ਤੇ ਪਾਵਰ ਕਾਮ ਤੇ ਸਰਕਾਰ ਦੋਨੋਂ ਚੁੱਪ ਹਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕੀ ਜੇਕਰ ਸਰਕਾਰ ਇਸ ਮੁੱਦੇ 'ਤੇ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਉਹ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨਗੇ ਅਤੇ ਜਦੋਂ ਤੱਕ ਸਰਕਾਰ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ 
ਕਰਵਾਉਣ ਲਈ ਠੋਸ ਨੀਤੀ ਨਹੀਂ ਲਿਆਉਂਦੀ ਤਦ ਤੱਕ ਇਹ ਅੰਦੋਲਨ ਜਾਰੀ ਰਹੇਗਾ।