ਜਾਖੜ ਨੇ ਕਾਰਨ ਦੱਸੋ ਨੋਟਿਸ ਦਾ ਨਹੀਂ ਦਿੱਤਾ ਜਵਾਬ, ਕੀ ਰੁਖ਼ ਅਪਣਾਉਂਦਾ ਹੈ ਹਾਈਕਮਾਨ

04/18/2022 5:04:43 PM

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿਚ ਚੱਲ ਰਿਹਾ ਕਾਟੋ-ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਾਂਗਰਸ ਜਿੰਨਾ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਓਨੀ ਹੀ ਇਸ ਵਿਚ ਉਲਝਦੀ ਜਾ ਰਹੀ ਹੈ। ਇਸੇ ਲੜੀ ਵਿਚ ਨਵਾਂ ਵਿਵਾਦ ਸੁਨੀਲ ਜਾਖੜ ਦੇ ਤੌਰ ’ਤੇ ਜੁੜ ਗਿਆ ਹੈ। ਕਾਂਗਰਸ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਪਾਰਟੀ ਦੇ ਬਾਕੀ ਨੇਤਾਵਾਂ ਨੂੰ ਅਨੁਸ਼ਾਸਨ ਵਿਚ ਰਹਿਣ ਦਾ ਸੁਨੇਹਾ ਦੇਣਾ ਚਾਹੁੰਦੀ ਸੀ ਪਰ ਕਈ ਦਿਨ ਬੀਤਣ ਦੇ ਬਾਵਜੂਦ ਜਾਖੜ ਨੇ ਇਸ ਦਾ ਜਵਾਬ ਨਹੀਂ ਦਿੱਤਾ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ ਸੋਮਵਾਰ ਆਖਰੀ ਦਿਨ ਸੀ। ਜਾਖੜ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਉਹ ਇਸ ਕਾਰਨ ਦੱਸੋ ਨੋਟਿਸ ਕਾਰਨ ਬਹੁਤ ਗੁੱਸੇ ਵਿਚ ਹਨ ਤੇ ਉਹ ਇਸ ਦਾ ਜਵਾਬ ਦੇਣ ਦੇ ਮੂਡ ਵਿਚ ਨਹੀਂ ਹਨ। ਜੇ ਜਾਖੜ ਇਸ ਦਾ ਕੋਈ ਜਵਾਬ ਨਹੀਂ ਦਿੰਦੇ ਹਨ ਤਾਂ ਕਾਂਗਰਸ ਹਾਈਕਮਾਨ ਕੋਲ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਰਹਿ ਜਾਂਦਾ।

ਇਸ ਨਾਲ ਕਾਂਗਰਸ ਵਿਚ ਵਿਵਾਦ ਹੋਰ ਵਧ ਸਕਦਾ ਹੈ ਕਿਉਂਕਿ ਕਾਂਗਰਸ ਦਾ ਇਕ ਵੱਡਾ ਧੜਾ  ਉਨ੍ਹਾਂ ਦੇ ਨਾਲ ਹੈ। ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਪਾਰਟੀ ਦੇ ਕਈ ਸੀਨੀਅਰ ਆਗੂ ਹਾਈਕਮਾਨ ਦੀ ਕਾਰਜਸ਼ੈਲੀ ਤੋਂ ਨਾਰਾਜ਼ ਚੱਲ ਰਹੇ ਹਨ। ਇਸ ਦਰਮਿਆਨ ਜੇ ਹਾਈਕਮਾਨ ਜਾਖੜ ਖ਼ਿਲਾਫ ਕੋਈ ਕਾਰਵਾਈ ਕਰਦੀ ਤਾਂ ਸਿਆਸੀ ਉਥਲ ਪੁਥਲ ਵਧ ਸਕਦੀ ਹੈ। ਜ਼ਿਕਰਯੋਗ ਹੈ ਕਿ ਪਾਰਟੀ ਦੇ ਸੂਬਾਈ ਇੰਚਾਰਜ ਹਰੀਸ਼ ਚੌਧਰੀ ਦੀ ਸ਼ਿਕਾਇਤ ’ਤੇ ਜਨਰਲ ਸਕੱਤਰ ਤਾਰਿਕ ਅਨਵਰ ਨੇ 11 ਅਪ੍ਰੈਲ ਨੂੰ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਇਕ ਆਗੂ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਦੌਰਾਨ ਜਾਖੜ ਨੂੰ 7 ਦਿਨਾਂ ਵਿਚ ਜਵਾਬ ਦੇਣ ਨੂੰ ਕਿਹਾ ਗਿਆ ਸੀ। ਜਾਖੜ ’ਤੇ ਦੋਸ਼ ਹਨ ਕਿ ਉਨ੍ਹਾਂ ਨੇ ਇਕ ਟੀ. ਵੀ. ਇੰਟਰਵਿਊ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਟਿੱਪਣੀ ਕੀਤੀ ਸੀ ਪਰ ਜਾਖੜ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੋਈ ਜਾਤੀਗਤ ਟਿੱਪਣੀ ਨਹੀਂ ਕੀਤੀ। ਹੁਣ ਦੇਖਣਾ ਹੈ ਕਿ ਹਾਈਕਮਾਨ ਜਾਖੜ ਖਿਲਾਫ ਕੀ ਕਾਰਵਾਈ ਕਰਦੀ ਹੈ। 


Manoj

Content Editor

Related News