ਭੰਗਚੜੀ ਵਿਖੇ ਛੱਪੜ ਦੇ ਗੰਦੇ ਪਾਣੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ

10/17/2017 2:49:41 AM

ਮੰਡੀ ਲੱਖੇਵਾਲੀ,   (ਸੁਖਪਾਲ)- ਇਕ ਪਾਸੇ ਸਰਕਾਰ ਸਵੱਛ ਭਾਰਤ ਮੁਹਿੰਮ ਚਲਾ ਕੇ ਸਭ ਪਾਸੇ ਸਫ਼ਾਈ ਰੱਖਣ ਦੀ ਦੁਹਾਈ ਪਾ ਰਹੀ ਹੈ ਤਾਂ ਕਿ ਗੰੰਧਲਾ ਹੋ ਚੁੱਕਾ ਵਾਤਾਵਰਣ ਸਾਫ਼ ਸੁਥਰਾ ਹੋ ਸਕੇ ਪਰ ਦੂਜੇ ਪਾਸੇ ਗੰਦੇ ਤੇ ਪ੍ਰਦੂਸ਼ਿਤ ਹੋ ਚੁੱਕੇ ਪਾਣੀ ਨੇ ਕਈ ਥਾਵਾਂ 'ਤੇ ਵੱਸਦੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। 
ਅਜਿਹੀ ਹੀ ਇਕ ਮਿਸਾਲ ਇਸ ਖੇਤਰ ਦੇ ਪਿੰਡ ਭੰਗਚੜੀ ਤੋਂ ਮਿਲਦੀ ਹੈ, ਜਿਥੇ ਧਿਗਾਣੇ ਪਿੰਡ ਨੂੰ ਜਾਣ ਵਾਲੀ ਸੜਕ ਦੇ ਨਜ਼ਦੀਕ ਪਿਛਲੇ 10-12 ਸਾਲਾਂ ਤੋਂ ਛੱਪੜ ਵਿਚ ਪਾਣੀ ਖੜ੍ਹਾ ਰਹਿੰਦਾ ਹੈ। 
ਇਸ ਮੌਕੇ ਮਲਕੀਤ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਬਲਦੇਵ ਸਿੰਘ, ਰਣਧੀਰ ਸਿੰਘ, ਜਗਦੇਵ ਸਿੰਘ ਤੇ ਪਰਗਟ ਸਿੰਘ ਨੇ ਦੱਸਿਆ ਕਿ ਪਿੰਡ ਵਿਚੋਂ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਨਾਲੀਆਂ ਰਾਹੀਂ ਉਕਤ ਛੱਪੜ ਵਿਚ ਆ ਕੇ ਪੈਂਦਾ ਹੈ ਪਰ ਅੱਗੋਂ ਛੱਪੜ ਵਿਚੋਂ ਪਾਣੀ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਛੱਪੜ ਵਿਚੋਂ ਪਾਣੀ ਚੁੱਕਣ ਲਈ ਸਰਕਾਰ ਛੱਪੜ 'ਤੇ ਮੋਟਰਾਂ ਲਾਵੇ ਤੇ ਇਹ ਪਾਣੀ ਚੰਦ ਭਾਨ ਡਰੇਨ ਵਿਚ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਪ੍ਰਦੂਸ਼ਿਤ ਪਾਣੀ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਕਰੀਬ ਤਿੰਨ ਕੁ ਹਫ਼ਤੇ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸੁਮੀਤ ਜਾਰੰਗਲ ਸਵੱਛ ਭਾਰਤ ਮੁਹਿੰਮ ਤਹਿਤ ਸਾਈਕਲ ਰੈਲੀ ਦੌਰਾਨ ਉਕਤ ਪਿੰਡ ਵਿਚੋਂ ਲੰਘੇ ਸਨ। ਛੱਪੜ ਦੇ ਨੇੜਲੇ ਘਰਾਂ ਵਾਲਿਆਂ ਨੇ ਡਿਪਟੀ ਕਮਿਸ਼ਨਰ ਨੂੰ ਇਹ ਛੱਪੜ ਵਾਲਾ ਗੰਦਾ ਪਾਣੀ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਸਿਆਸੀ ਚੌਧਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਉਸ ਪਾਸੇ ਜਾਣ ਹੀ ਨਹੀਂ ਦਿੱਤਾ।
ਲੋਕਾਂ ਨੇ ਦੱਸਿਆ ਕਿ ਜਿਥੇ ਹੁਣ ਛੱਪੜ ਬਣਿਆ ਹੋਇਆ ਹੈ, ਉਹ ਥਾਂ ਸਕੂਲ ਦੀ ਸੀ ਪਰ ਪੰਚਾਇਤ ਨੇ ਆਪਣੀ ਮਰਜ਼ੀ ਨਾਲ ਹੀ ਇਥੇ ਛੱਪੜ ਬਣਾ ਦਿੱਤਾ। ਲੋਕਾਂ ਦੀ ਮੰਗ ਹੈ ਕਿ ਜ਼ਿਲਾ ਪ੍ਰਸ਼ਾਸਨ ਇਸ ਸਮੱਸਿਆ ਦਾ ਕੋਈ ਹੱਲ ਕੱਢੇ।