ਛੱਪੜਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ

07/15/2018 11:32:23 AM

ਫਿਰੋਜ਼ਪੁਰ (ਸ਼ੈਰੀ) - ਪਿੰਡ ਅੱਛੇਵਾਲਾ ਵਿਖੇ ਕਈ ਸਾਲਾਂ ਤੋਂ ਪਿੰਡ ਦੇ ਦੋਵਾਂ ਛੱਪੜਾਂ ਦਾ ਗੰਦਾ ਪਾਣੀ ਖੜ੍ਹਨ ਨਾਲ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਜ-ਸੇਵੀ ਹਰਦਿਆਲ ਸਿੰਘ ਅਤੇ ਦਵਿੰਦਰ ਸਿੰਘ ਸਕੱਤਰ ਕਾਂਗਰਸ, ਮਨੋਹਰ ਸਾਬਕਾ ਪੰਚ, ਸਰਦਾਰਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਦੋਵਾਂ ਛੱਪੜਾਂ ਦੀ ਪਿਛਲੇ ਕਈ ਸਾਲਾਂ ਤੋਂ ਸਫਾਈ ਨਹੀਂ ਹੋਈ, ਜਿਸ ਕਾਰਨ ਛੱਪੜਾਂ ਦਾ ਪਾਣੀ ਪਿੰਡ ਦੀਆਂ ਨਾਲੀਆਂ 'ਚ ਖੜ੍ਹਾ ਹੋ ਜਾਂਦਾ ਹੈ। ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਅਤੇ ਸਰਕਾਰੀ ਸਕੂਲ ਅੱਗੇ ਖੜ੍ਹਾ ਗੰਦਾ ਪਾਣੀ ਫਲੱਡ ਦਾ ਰੂਪ ਧਾਰ ਲੈਂਦਾ ਹੈ। ਪਿੰਡ 'ਚ ਕਿਸੇ ਵਿਅਕਤੀ ਦੀ ਮੌਤ ਹੋ ਜਾਣ 'ਤੇ ਉਸ ਦੀ ਅਰਥੀ ਨੂੰ ਗੰਦੇ ਪਾਣੀ 'ਚੋਂ ਲੈ ਕੇ ਲੰਘਣਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਅੱਗੇ ਪਾਣੀ ਖੜ੍ਹਨ ਨਾਲ ਸਕੂਲ ਦੇ ਬੱਚਿਆਂ ਨੂੰ ਕੰਧਾਂ ਟੱਪ ਕੇ ਅੰਦਰ ਦਾਖਲ ਹੋਣਾ ਪੈਂਦਾ ਹੈ। ਇਸ ਗੰਦੇ ਪਾਣੀ 'ਚੋਂ ਨਿਕਲਣ ਵਾਲੀ ਬਦਬੂ ਨਾਲ ਬੱਚੇ ਅਤੇ ਪਿੰਡ ਦੇ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਿਛਲੀ ਅਕਾਲੀ ਸਰਕਾਰ ਮੌਕੇ ਪਿੰਡ 'ਚ ਗੰਦੇ ਪਾਣੀ ਦੇ ਨਿਕਾਸ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਗ੍ਰਾਮ ਪੰਚਾਇਤ ਨੂੰ ਦਿੱਤੀਆਂ ਗਈਆਂ ਸਨ ਪਰ ਉਨ੍ਹਾਂ ਦਾ ਇਸਤੇਮਾਲ ਗ੍ਰਾਮ ਪੰਚਾਇਤ ਨੇ ਆਪਣੇ ਵਿਕਾਸ ਲਈ ਹੀ ਕੀਤਾ ਹੈ। ਰਵਿੰਦਰਪਾਲ ਸਿੰਘ ਸੰਧੂ ਨੇ ਕੁਝ ਮਹੀਨੇ ਪਹਿਲਾ ਇਸ ਸਮੱਸਿਆ ਦਾ ਜਾਇਜ਼ਾ ਲਿਆ ਸੀ ਪਰ ਅੱਜ ਤੱਕ ਇਹ ਸਮੱਸਿਆ ਉਥੇ ਦੀ ਉਥੇ ਹੈ। 
ਇਸ ਮੌਕੇ ਬੋਹੜ ਸਿੰਘ, ਨਿਰਵੈਲ ਸਿੰਘ, ਬਿੱਲਾ, ਹੁਸੈਨਾ, ਬੱਗੂ, ਸਰਬਜੀਤ ਸਿੰਘ ਆਦਿ ਨੇ ਹਲਕਾ ਫਿਰੋਜ਼ਪੁਰ ਦਿਹਾੜੀ ਦੀ ਵਿਧਾਇਕ ਸਤਿਕਾਰ ਕੌਰ ਗਹਿਰੀ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਿੰਡ ਦੇ ਛੱਪੜਾਂ ਦੀ ਸਫਾਈ ਲਈ ਠੋਸ ਪ੍ਰਬੰਧ ਕੀਤੇ ਜਾਣ।