ਪਾਕਿ ਵੱਲੋਂ ਸੁੱਟੇ ਜਾ ਰਹੇ ਪ੍ਰਦੂਸ਼ਿਤ ਪਾਣੀ ਨੂੰ ਚੈੱਕ ਕਰਨ ਨਹੀਂ ਪਹੁੰਚੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ

08/24/2019 10:06:44 AM

ਫਿਰੋਜ਼ਪੁਰ (ਕੁਮਾਰ)—ਪਾਕਿਸਤਾਨ ਵੱਲੋਂ ਭਾਰਤ ਵੱਲ ਸਤਲੁਜ ਦਰਿਆ 'ਚ ਕਸੂਰ ਦੀਆਂ ਚਮੜਾ ਫੈਕਟਰੀਆਂ ਦੇ ਸੁੱਟੇ ਜਾ ਰਹੇ ਜ਼ਹਿਰਲੀ ਅਤੇ ਪ੍ਰਦੂਸ਼ਿਤ ਪਾਣੀ ਦੇ ਮੁੱਦੇ ਨੂੰ ਲੈ ਕੇ ਭਾਰਤ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਹੁਣ ਤੱਕ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਵੱਲੋਂ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਦਾ ਖੁਲਾਸਾ ਕਰਨ ਦੇ ਬਾਅਦ ਵੀ ਅੱਜ ਤਿੰਨ ਦਿਨ ਬੀਤ ਚੁੱਕੇ ਹਨ, ਇਥੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੋਈ ਵੀ ਅਧਿਕਾਰੀ ਜਾਂ ਟੀਮ ਨਹੀਂ ਪਹੁੰਚੀ। ਇਕ ਪਾਸੇ ਸਤਲੁਜ ਦਰਿਆ ਵਿਚ ਜਿਵੇਂ-ਜਿਵੇਂ ਪਿੱਛੋਂ ਪਾਣੀ ਦਾ ਬਹਾਅ ਤੇਜ਼ ਹੋਇਆ ਹੈ, ਉਸ ਵਿਚ ਫਿਰੋਜ਼ਪੁਰ ਦੇ ਕਰੀਬ 17 ਸਰਹੱਦੀ ਪਿੰਡ ਪਾਣੀ ਦੀ ਲਪੇਟ ਵਿਚ ਆ ਗਏ ਹਨ, ਉਥੇ ਹੀ ਜਿੰਨਾ ਪਾਣੀ ਹੁਸੈਨੀਵਾਲਾ ਹੈੱਡ ਵਰਕਸ ਤੋਂ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਹੈ, ਉਸ ਤੋਂ ਉਲਟ ਕਸੂਰ ਦੀ ਚਮੜਾ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਪਾਕਿਸਤਾਨ ਭਾਰਤ ਵੱਲ ਭੇਜ ਰਿਹਾ ਹੈ, ਜਿਸ ਦੀ ਪੁਸ਼ਟੀ ਤਿੰਨ ਦਿਨ ਪਹਿਲਾਂ ਫਿਰੋਜ਼ਪੁਰ ਦੇ ਡੀ.ਸੀ. ਚੰਦਰ ਗੈਂਦ ਨੇ ਕੀਤੀ ਸੀ। ਇਹ ਗੰਭੀਰ ਅੰਤਰਰਾਸ਼ਟਰੀ ਮਾਮਲਾ ਹੈ ਅਤੇ ਅਜਿਹਾ ਲੱਗਦਾ ਹੈ, ਜਿਵੇਂ ਤੁਰੰਤ ਭਾਰਤ ਸਰਕਾਰ ਅਤੇ ਪੰਜਾਬ ਦੀਆਂ ਸਰਕਾਰਾਂ ਇਸ ਮੁੱਦੇ ਨੂੰ ਲੈ ਕੇ ਕੋਈ ਐਕਸ਼ਨ ਲੈਣਗੀਆਂ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਇਥੇ ਆਉਣਗੀਆਂ ਪਰ ਤਿੰਨ ਦਿਨ ਬੀਤ ਜਾਣ 'ਤੇ ਵੀ ਅਜਿਹਾ ਕੁਝ ਨਹੀਂ ਹੋਇਆ। ਦੂਸਰੇ ਪਾਸੇ ਸਰਹੱਦੀ ਅਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਨਿਹਾਲਾ ਲਵੇਰਾ ਦੇ ਹੜ੍ਹ ਨਾਲ ਪੀੜਤ ਬੀਮਾਰ ਹੋਏ ਕੁਝ ਲੋਕਾਂ ਨੂੰ ਭਾਰਤੀ ਫੌਜ ਵੱਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਦਾ ਡਾਕਟਰਾਂ ਦੀਆਂ ਟੀਮਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਪਿੰਡ ਨਿਹਾਲਾ ਲਵੇਰਾ ਅਤੇ ਹੋਰ ਪਾਣੀ ਵਿਚ ਘਿਰੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਏਰੀਆ ਵਿਚ ਕਸੂਰ ਦੀਆਂ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਛੱਡੇ ਜਾਣ ਦੇ ਕਾਰਣ ਸਤਲੁਜ ਦਰਿਆ ਦਾ ਪਾਣੀ ਬਹੁਤ ਗੰਦਾ ਅਤੇ ਪ੍ਰਦੂਸ਼ਿਤ ਹੋ ਗਿਆ ਹੈ। ਇਸ ਲਈ ਇਥੋਂ ਦੇ ਲੋਕ ਬੀਮਾਰ ਹੋ ਰਹੇ ਹਨ। ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਣੀ ਪ੍ਰਦੂਸ਼ਿਤ ਹੋਣ ਕਾਰਣ ਸਤਲੁਜ ਦਰਿਆ ਵਿਚ ਮੱਛੀਆਂ ਤੜਫ-ਤੜਫ ਕੇ ਮਰਦੀਆਂ ਦੇਖੀਆਂ ਹਨ।

ਪਾਕਿਸਤਾਨ ਵੱਲੋਂ ਕਸੂਰ ਦੀਆਂ ਚਮੜਾ ਫੈਕਟਰੀਆਂ ਦਾ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾ ਰਿਹਾ ਹੈ : ਚੰਦਰ ਗੈਂਦ
ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਪਾਕਿਸਤਾਨ ਕਸੂਰ ਦੀਆਂ ਚਮੜਾ ਫੈਕਟਰੀਆਂ ਦਾ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਪਾਣੀ ਫਿਰੋਜ਼ਪੁਰ ਸਤਲੁਜ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ ਅਤੇ ਜਿੰਨਾ ਪਾਣੀ ਭਾਰਤ ਪਾਕਿ ਵੱਲ ਛੱਡ ਰਿਹਾ ਹੈ, ਉਸ ਤੋਂ ਜ਼ਿਆਦਾ ਪਾਣੀ ਪਾਕਿਸਤਾਨ ਵੱਲੋਂ ਭਾਰਤ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਉੱਤਰ ਵਿਚ ਕਿਹਾ ਕਿ ਹੁਣ ਤੱਕ ਫਿਰੋਜ਼ਪੁਰ ਵਿਚ ਇਸ ਮੁੱਦੇ ਨੂੰ ਲੈ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੋਈ ਟੀਮ ਨਹੀਂ ਆਈ। ਇਕ ਸਵਾਲ ਦਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ 24 ਘੰਟੇ ਹੜ੍ਹ ਵਿਚ ਘਿਰੇ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦਾ ਸਾਮਾਨ ਉਪਲਬਧ ਕਰਵਾਉਣ ਵਿਚ ਜੁਟਿਆ ਹੋਇਆ ਹੈ। ਚੰਦਰ ਗੈਂਦ ਨੇ ਦੱਸਿਆ ਕਿ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਆਪਣਾ ਇਹ ਬਿਆਨ 3 ਦਿਨ ਪਹਿਲਾਂ ਜਾਰੀ ਕੀਤੀ ਸੀ।

ਕੁਝ ਦਿਨ ਪਹਿਲਾਂ ਲੋਕਾਂ ਨੇ ਸੈਂਕੜੇ ਮੱਛੀਆਂ ਗੰਦੇ ਪਾਣੀ 'ਚ ਮਰਦੀਆਂ ਦੇਖੀਆਂ
ਕੁਝ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸਤਲੁਜ ਦਰਿਆ 'ਚੋਂ ਨਿਕਲਦੀ ਗੰਗ ਕੈਨਾਲ ਵਿਚ ਸੈਂਕੜੇ ਮੱਛੀਆਂ ਮਰੀਆਂ ਦੇਖੀਆਂ। ਲੋਕਾਂ ਨੇ ਦੱਸਿਆ ਕਿ ਜਿਥੋਂ ਕਸੂਰ ਦਾ ਪਾਣੀ ਸਤਲੁਜ ਦਰਿਆ ਵਿਚ ਮਿਲਦਾ ਹੈ, ਉਸ ਦੇ ਕੋਲੋਂ ਗੰਗ ਕੈਨਾਲ ਵੱਲ ਪਾਣੀ ਜਾਂਦਾ ਹੈ। ਲੋਕਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਇਹੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਛੱਡੇ ਗਏ ਪ੍ਰਦੂਸ਼ਿਤ ਗੰਦੇ ਪਾਣੀ ਦੇ ਕਾਰਣ ਇਹ ਸੈਂਕੜੇ ਮੱਛੀਆਂ ਤੜਫ-ਤੜਫ ਕੇ ਮਰ ਰਹੀਆਂ ਹਨ।

ਭਾਰਤ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇ : ਬਾਪੂ ਜਤਿੰਦਰ ਮਹਿਰਾ
ਦੂਸਰੇ ਪਾਸੇ ਖੱਤਰੀ ਸਭਾ ਦੇ ਰਾਸ਼ਟਰੀ ਪ੍ਰਧਾਨ ਬਾਪੂ ਜਤਿੰਦਰ ਮਹਿਰਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਪਾਕਿ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਚ ਸਤਲੁਜ ਦਰਿਆ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕ ਅਤੇ ਸਰਹੱਦ 'ਤੇ ਤਾਇਨਾਤ ਫੋਰਸ ਦੇ ਜਵਾਨਾਂ ਦੀ ਸਿਹਤ 'ਤੇ ਇਸ ਦਾ ਬੁਰਾ ਅਸਰ ਪੈ ਰਿਹਾ ਹੈ ਅਤੇ ਜੀਵ ਜੰਤੂ ਮਰ ਰਹੇ ਹਨ। ਬਾਪੂ ਮਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਫਿਰੋਜ਼ਪੁਰ ਵਿਚ ਪ੍ਰਦੂਸ਼ਿਤ ਕੰਟਰੋਲ ਬੋਰਡ ਦੀਆਂ ਟੀਮਾਂ ਨੂੰ ਭੇਜਣ ਅਤੇ ਇਸ ਏਰੀਆ ਵਿਚੋਂ ਪਾਣੀ ਦੇ ਸੈਂਪਲ ਲਏ ਜਾਣ ਅਤੇ ਦਰਿਆ ਦੇ ਪਾਣੀ ਦੀ ਸ਼ੁੱਧਤਾ ਦਾ ਇੰਤਜ਼ਾਮ ਕੀਤਾ ਜਾਵੇ।

Shyna

This news is Content Editor Shyna