ਸਿਆਸੀ ਲੀਡਰਾਂ ਦੀ ਵਾਅਦਾ ਖਿਲਾਫ਼ੀ ਤੋਂ ਪ੍ਰੇਸ਼ਾਨ ਲੋਕ ਦਵਾਉਣਗੇ ਨੋਟਾ

05/11/2019 7:25:49 PM

ਕੁਰਾਲੀ,(ਬਠਲਾ): ਸਥਾਨਕ ਸ਼ਹਿਰ ਦੇ ਵਸਨੀਕਾਂ 'ਚ ਰਾਜਨੀਤਿਕ ਪਾਰਟੀਆਂ ਤੇ ਉਨ੍ਹਾਂ ਦੇ ਨੇਤਾਵਾਂ ਵਲੋਂ ਕੀਤੀ ਜਾ ਰਹੀ ਵਾਅਦਾ ਖਿਲਾਫ਼ੀ ਕਾਰਨ ਚੋਣ ਦਰ ਚੋਣ ਇਨ੍ਹਾਂ ਰਾਜਨੀਤਿਕ ਪਾਰਟੀਆਂ ਤੇ ਉਨ੍ਹਾਂ ਦੇ ਨੇਤਾਵਾਂ ਤੋਂ ਵਿਸ਼ਵਾਸ਼ ਉੱਠਣ ਕਾਰਨ ਨੋਟਾਂ ਦੇ ਪ੍ਰਤੀ ਵਿਸ਼ਵਾਸ਼ ਵਧਦਾ ਜਾ ਰਿਹਾ ਹੈ ।ਇਸ ਸਬੰਧੀ ਜਦੋਂ ਸ਼ਹਿਰ ਦੇ ਕੁੱਝ ਵਸਨੀਕਾਂ ਨੇ ਦੱਸਿਆ ਕਿ ਚੋਣਾਂ ਸਮੇਂ ਰਾਜਨੀਤਿਕ ਪਾਰਟੀਆਂ ਤੇ ਉਸ ਦੇ ਆਗੂਆਂ ਵਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਸੱਤਾ 'ਚ ਆਉਂਦੇ ਹੀ ਉਹ ਚੋਣਾਂ ਸਮੇਂ ਕੀਤੇ ਆਪਣੇ ਵਾਅਦਿਆਂ ਨੂੰ ਭੁੱਲ ਹੀ ਜਾਂਦੇ ਹਨ ਤੇ ਜਦੋਂ ਇਹੀ ਆਗੂ ਸੱਤਾ ਤੋਂ ਵਿਰੋਧੀ ਧਿਰ 'ਚ ਹੁੰਦੇ ਹਨ ਤਾਂ ਸਰਕਾਰ ਵਲੋਂ ਲੋਕ ਵਿਰੋਧੀ ਕੰਮਾਂ ਲਈ ਸਰਕਾਰ ਦੇ ਖਿਲਾਫ ਆਮ ਲੋਕਾਂ 'ਚ ਪਹੁੰਚ ਕੇ ਫਿਰ ਤੋਂ ਵੱਡੇ-ਵੱਡੇ ਵਾਅਦੇ ਕਰਨੇ ਸ਼ੁਰੂ ਕਰ ਦਿੰਦੇ ਹਨ । 
ਉਨ੍ਹਾਂ ਕਿਹਾ ਕਿ ਸੂਬੇ 'ਚ ਜਦੋਂ ਕਾਂਗਰਸ ਵਿਰੋਧੀ ਧਿਰ ਦੀ ਪਾਰਟੀ ਸੀ ਤਾਂ ਉਸ ਸਮੇਂ ਦੇ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਲਗਾਏ ਗਏ ਪ੍ਰਾਪਰਟੀ ਟੈਕਸ ਦੇ ਖਿਲਾਫ ਉਸ ਸਮੇਂ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਕੈਬਨਿਟ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ, ਸਾਬਕਾ ਸ਼ਹਿਰੀ ਕਾਂਗਰਸ ਪ੍ਰਧਾਨ ਰਾਕੇਸ਼ ਕਾਲੀਆਂ ਤੇ ਹੋਰ ਪਰਟੀ ਦੇ ਵੱਡੇ ਆਗੂਆਂ ਵਲੋਂ ਸਰਕਾਰ ਵਲੋਂ ਲਗਾਏ ਗਏ ਇਸ ਪ੍ਰਾਪਰਟੀ ਟੈਕਸ ਨੂੰ ਆਮ ਲੋਕਾਂ ਦੇ ਖਿਲਾਫ ਦੱਸਦੇ ਹੋਏ ਇਸ ਨੂੰ ਖਤਮ ਕਰਨ ਲਈ ਸਰਕਾਰ ਖਿਲਾਫ ਸਥਾਨਕ ਸ਼ਹਿਰ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। 
ਇਸ ਦੇ ਨਾਲ ਹੀ ਜ਼ਿਲਾ ਮੋਹਾਲੀ ਦੇ ਡੀ. ਸੀ. ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਪ੍ਰਾਪਰਟੀ ਟੈਕਸ ਖਿਲਾਫ ਇਕ ਮੰਗ ਪੱਤਰ ਵੀ ਦਿੱਤਾ ਗਿਆ ਸੀ। ਸ਼ਹਿਰ ਵਸਨੀਕਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਸੂਬੇ 'ਚ ਕਾਂਗਰਸ ਦੀ ਸਰਕਾਰ ਆਉਣ ਤੇ ਪ੍ਰਾਪਰਟੀ ਟੈਕਸ ਨੂੰ ਖਤਮ ਕੀਤਾ ਜਾਵੇਗਾ ਪਰ ਅੱਜ ਸੂਬੇ 'ਚ ਕਾਂਗਰਸ ਦੀ ਸਰਕਾਰ ਬਣੇ ਨੂੰ ਦੋ ਸਾਲਾਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਤੇ ਅੱਜ ਉਨ੍ਹਾਂ ਨੂੰ ਲੋਕਾਂ ਨਾਲ ਕੀਤਾ ਵਾਅਦਾ ਬਿਲਕੁਲ ਵੀ ਯਾਦ ਨਹੀਂ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਕਾਲੀ-ਭਾਜਪਾ ਸਰਕਾਰਾਂ ਵਲੋਂ ਵੀ ਸਮੇਂ-ਸਮੇਂ ਤੇ ਲੋਕਾਂ ਨਾਲ ਧੋਖਾ ਹੀ ਕੀਤਾ ਗਿਆ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸ਼ਹਿਰ ਦੇ ਵਸਨੀਕ ਅਸ਼ੋਕ ਕੁਮਾਰ, ਅਮਿਤ, ਬੰਟੀ, ਰਾਜ ਕੁਮਾਰ, ਜੀਵਨ ਸ਼ਰਮਾ, ਇੰਦਰਜੀਤ ਸ਼ਰਮਾ, ਨਰੇਸ਼  ਕੁਮਾਰ ਸੂਦ, ਦੀਪਕ ਸ਼ਰਮਾ, ਮਨਦੀਪ ਸਿੰਘ, ਗੁਰਮੀਤ ਸਿੰਘ, ਦਲਵੀਰ ਸਿੰਘ ਤੇ ਹੋਰਾਂ ਨੇ ਕੀਤਾ।