ਥਾਣੇਦਾਰ ਨਾਲ ਧੱਕਾ-ਮੁੱਕੀ ਕਰ ਪਾੜੇ ਕੱਪੜੇ, 4 ਔਰਤਾਂ ਸਣੇ 5 ਗ੍ਰਿਫਤਾਰ

04/07/2020 4:46:59 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਥਾਣੇਦਾਰ ਨਾਲ ਧੱਕਾ-ਮੁੱਕੀ ਕਰਨ ਅਤੇ ਕੱਪੜੇ ਪਾੜਨ ਦੇ ਦੋਸ਼ 'ਚ ਪੁਲਸ ਨੇ 4 ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਪੁਲਸ ਅਧਿਕਾਰੀ ਸੇਵਾ ਸਿੰਘ ਨੇ ਦੱਸਿਆ ਕਿ ਥਾਣੇਦਾਰ ਜੁਗਿੰਦਰ ਸਿੰਘ ਇਕ ਦਰਖਾਸਤ ਦੀ ਪੜਤਾਲ ਕਰ ਰਹੇ ਸਨ। ਇਸ ਸਬੰਧ 'ਚ ਦੋਵੇਂ ਧਿਰਾਂ ਥਾਣੇ 'ਚ ਆ ਕੇ ਆਪਸ ਵਿਚ ਲੜਨ ਲੱਗੀਆਂ ਤਾਂ ਹਾਲਾਤ ਨੂੰ ਦੇਖਦਿਆਂ ਸ਼ਾਂਤੀ ਭੰਗ ਨਾ ਹੋਵੇ, ਇਸ ਲਈ ਥਾਣੇਦਾਰ ਨੇ ਮੁਹੰਮਦ ਹਸਨ ਨੂੰ ਫੜ ਕੇ ਹਵਾਲਾਤ 'ਚ ਬੰਦ ਕਰ ਦਿੱਤਾ ਤੇ ਜਸਵੀਰ ਕੌਰ ਅਤੇ ਸਤਵਿੰਦਰ ਕੌਰ ਥਾਣੇਦਾਰ ਜੁਗਿੰਦਰ ਸਿੰਘ ਦੇ ਗਲ ਪੈ ਗਈਆਂ ਅਤੇ ਕਿਹਾ ਕਿ ਅਸੀਂ ਤੇਰੀ ਵਰਦੀ ਲੁਹਾ ਕੇ ਰਹਾਂਗੀਆਂ। ਜਸਵੀਰ ਕੌਰ ਮੁਹੰਮਦ ਹਸਨ ਨੂੰ ਛੁਡਵਾਉਣ ਲੱਗੀ ਅਤੇ ਥਾਣੇਦਾਰ ਨੂੰ ਧੱਕਾ ਮਾਰ ਕੇ ਖੱਬਾ ਮੋਢਾ ਖਿੱਚ ਕੇ ਵਰਦੀ ਪਾੜ ਦਿੱਤੀ ਅਤੇ ਪੱਗ ਢਾਹ ਦਿੱਤੀ। ਹਾਲਾਤ ਨੂੰ ਦੇਖ ਕੇ ਉਹ ਭੱਜਣ ਲੱਗੇ ਪਰ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News