ਸੜਕ ਹਾਦਸੇ ’ਚ ਪੁਲਸ ਮੁਲਾਜ਼ਮ ਦੀ ਮੌਤ, ਮਾਮਲਾ ਦਰਜ

12/07/2021 5:22:51 PM

ਜ਼ੀਰਾ (ਗੁਰਮੇਲ ਸੇਖਵਾਂ)-ਸੜਕ ਹਾਦਸੇ ’ਚ ਪੁਲਸ ਮੁਲਾਜ਼ਮ ਦੀ ਹੋਈ ਮੌਤ ਨੂੰ ਲੈ ਕੇ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁੱਦਈ ਬਚਿੱਤਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਤਲਵੰਡੀ ਜੱਲੇ ਖਾਂ ਨੇ ਦੱਸਿਆ ਕਿ ਉਹ ਮਹਿਕਮਾ ਪੰਜਾਬ ਪੁਲਸ ’ਚ ਬਤੌਰ ਏ.ਐੱਸ.ਆਈ. ਫਿੰਗਰ ਪ੍ਰਿੰਟ ਬ੍ਰਾਂਚ ਜ਼ੀਰਾ ਕਚਹਿਰੀ ’ਚ ਡਿਊਟੀ ਕਰਦਾ ਹੈ ਤੇ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਰਸਤੇ ’ਚ ਝਤਰਾ ਚੌਕ ਜ਼ੀਰਾ ਵਿਖੇ ਮੁੱਦਈ ਦਾ ਭਰਾ ਏ.ਐੱਸ.ਆਈ. ਸੁਖਦੇਵ ਸਿੰਘ (55 ਸਾਲ) ਜੋ ਥਾਣਾ ਸਿਟੀ ਜ਼ੀਰਾ ਵਿਖੇ ਤਾਇਨਾਤ ਸੀ, ਮਿਲ ਗਿਆ, ਜੋ ਸੰਮਨ ਤਾਮੀਲ ਕਰਾਉਣ ਜਾ ਰਿਹਾ ਸੀ।

ਜਦ ਉਹ ਪਿੰਡ ਰਟੋਲ ਬੇਟ ਪੁੱਜੇ ਤਾਂ ਸਾਹਮਣੇ ਤੋਂ ਇਕ ਕਾਰ ਨੂੰ ਕੋਈ ਨਾਮਲੂਮ ਵਿਅਕਤੀ ਤੇਜ਼ ਰਫ਼ਤਾਰ ਤੇ ਲਾਹਰਵਾਹੀ ਨਾਲ ਚਲਾ ਰਿਹਾ ਸੀ, ਨੇ ਮੁੱਦਈ ਦੇ ਭਰਾ ਸੁਖਦੇਵ ਸਿੰਘ ਦੇ ਮੋਟਰਸਾਈਕਲ ’ਚ ਮਾਰੀ ਤੇ ਕਾਰ ਭਜਾ ਕੇ ਲੈ ਗਿਆ। ਇਸ ਹਾਦਸੇ ’ਚ ਸੁਖਦੇਵ ਸਿੰਘ ਦੇ ਸਿਰ ਵਿਚ ਸੱਟ ਲੱਗਣ ਕਰਕੇ ਮੌਕੇ ’ਤੇ ਹੀ ਮੌਤ ਹੋ ਗਈ ਤੇ ਮੋਟਰਸਾਈਕਲ ਨੁਕਸਾਨਿਆ ਗਿਆ।

Manoj

This news is Content Editor Manoj