ਪਟਾਕੇ ਮਾਰਦੇ ਮੋਟਰਸਾਇਕਲਾਂ ’ਤੇ ਪੁਲਸ ਕੱਸੇਗੀ ਨਕੇਲ, ਕਰੇਗੀ ਥਾਣੇ ’ਚ ਬੰਦ

01/29/2021 2:02:06 PM

ਤਪਾ ਮੰਡੀ(ਸ਼ਾਮ,ਗਰਗ)-ਸ਼ਹਿਰ ‘ਚ ਵੱਧ ਰਹੀਆਂ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਨੂੰ ਦੇਖਦਿਆਂ ਡੀ.ਐੱਸ.ਪੀ ਤਪਾ ਬਲਜੀਤ ਸਿੰਘ ਬਰਾੜ ਦੀ ਅਗਵਾਈ ‘ਚ ਸਮੇਤ ਪੁਲਸ ਪਾਰਟੀ ਪੋਸਟ ਆਫ਼ਿਸ ਨਜ਼ਦੀਕ ਨਾਕਾ ਲਾ ਕੇ ਟ੍ਰਿਪਲ ਰਾਈਡਿੰਗ, ਬਿਨਾਂ ਨੰਬਰ ਪਲੇਟਾਂ ਅਤੇ ਬਿਨਾਂ ਕਾਗਜਾਤਾਂ ਦੇ ਮੋਟਰਸਾਇਕਲਾਂ ਦੇ ਚਲਾਨ ਦੇ ਨਾਲ-ਨਾਲ ਕੁਝ ਨੂੰ ਇੰਮਪਾਊਡ ਕਰਕੇ ਥਾਣੇ ਬੰਦ ਕਰ ਦਿੱਤੇ ਹਨ। ਡੀ.ਐੱਸ.ਪੀ ਤਪਾ ਸ੍ਰ.ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਨਿਗਾਹ ‘ਚ ਆਇਆ ਹੈ ਕਿ ਕੁਝ ਬਿਨਾਂ ਮੋਟਰਸਾਇਕਲ ਸਵਾਰ ਆਮ ਲੋਕਾਂ ਤੋਂ ਕੀਮਤੀ ਮੋਬਾਇਲ ਖੋਹ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ‘ਚ ਲੱਗੇ ਹੋਏ ਹਨ।
ਉਨ੍ਹਾਂ ਅੱਜ ਸ਼ਾਮ 5 ਵਜੇ ਦੇ ਕਰੀਬ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਪੁਲਸ ਪਾਰਟੀਆਂ ਤਾਇਨਾਤ ਕਰਕੇ ਵੱਡੀ ਪੱਧਰ ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਵਹੀਕਲ ਚਾਲਕਾਂ ਨੂੰ ਤਾੜਨਾ ਕਰਦਿਆਂ ਕਿਹਾ ਅਗਰ ਕੋਈ ਵੀ ਮੋਟਰਸਾਇਕਲ ਤੇ ਟ੍ਰਿਪਲ ਰਾਇਡਿੰਗ, ਬਿਨਾਂ ਨੰਬਰ ਪਲੇਟ, ਬਿਨਾਂ ਕਾਗਜਾਤਾਂ ਤੋਂ ਫੜਿਆਂ ਗਿਆ ਬਖਸ਼ਿਆਂ ਨਹੀਂ ਜਾਵੇਗਾ। ਇਸ ਚੈਕਿੰਗ ਦੌਰਾਨ ਉਲੰਘਣਾ ਕਰਨ ਵਾਲੇ ਕੁਝ ਮੋਟਰਸਾਇਕਲ ਸਵਾਰਾਂ ਦੇ ਵਹੀਕਲਾਂ ਨੂੰ ਜ਼ਬਤ ਕਰਕੇ ਥਾਣੇ ’ਚ ਬੰਦ ਕੀਤੇ ਗਏ ਹਨ ਅਤੇ ਕਈਆਂ ਨੂੰ ਚਿਤਾਵਨੀ ਦੇ ਕੇ ਵੀ ਛੱਡਿਆ ਗਿਆ। ਇਸ ਚੈਕਿੰਗ ਦੌਰਾਨ ਥਾਣਾ ਮੁੱਖੀ ਨਰਦੇਵ ਸਿੰਘ, ਸਬ-ਇੰਸਪੈਕਟਰ ਅੰਮਿ੍ਰਤ ਸਿੰਘ, ਸਹਾਇਕ ਥਾਣੇਦਾਰ ਗੁਰਦੀਪ ਸਿੰਘ, ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਨੇ ਵੀ ਉਨ੍ਹਾਂ ਮਸ਼ਟੰਡਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਜਿਹੜੇ ਸਕੂਲ ਲੱਗਣ ਤੋਂ ਪਹਿਲਾਂ ਅਤੇ ਛੁੱਟੀ ਹੋਣ ਤੋਂ ਮੋਟਰਸਾਇਕਲਾਂ ਤੇ ਘੁੰਮਦੇ ਰਹਿੰਦੇ ਹਨ ਜੇਕਰ ਕੋਈ ਹਰਕਤ ਕਰਦਾ ਫੜਿਆ ਗਿਆ ਤਾਂ ਪੁਲਸ ਸਖ਼ਤੀ ਨਾਲ ਪੇਸ਼ ਆਵੇਗੀ ਅਤੇ ਪੁਲਸ ਵੱਲੋਂ ਆਮ ਵਰਦੀ ‘ਚ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਜੋ ਸਾਰੇ ਨਿਗਾਹ ਰੱਖਣਗੇ।

ਇਸੇ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤ ਪਾਲ ਗੋਇਲ ਨੇ ਪੁਲਸ ਪ੍ਰਸ਼ਾਸਨ ਦੇ ਧਿਆਨ ‘ਚ ਲਿਆਂਦਾ ਹੈ ਕਿ ਸ਼ਹਿਰ ਦੀ ਪੁਲਸ ਚੌਂਕੀ ਜੋ ਕਈ ਦਹਾਕਿਆਂ ਤੋਂ ਚੱਲ ਰਹੀ ਸੀ ਦਾ ਬੰਦ ਕਰ ਦੇਣਾ ਮੰਦਭਾਗਾ ਹੈ ਇਸ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ, ਸ਼ਹਿਰ ‘ਚ ਸਵੇਰੇ ਸ਼ਾਮ ਬਿਨਾਂ ਨੰਬਰੀ ਮੋਟਰਸਾਇਕਲ ਸਵਾਰਾਂ ਤੇ ਸਖ਼ਤੀ ਨਾਲ ਨਕੇਲ ਕੱਸੀ ਜਾਵੇ। ਇਸ ਦੇ ਨਾਲ-ਨਾਲ ਕੁਝ ਮੋਟਰਸਾਇਕਲ ਜਿਨ੍ਹਾਂ ਵਿੱਚ ਜ਼ਿਆਦਾਤਰ ਬੁਲੇਟ ਮੋਟਰਸਾਇਕਲ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਮੋਟਰਸਾਇਕਲਾਂ ਵਿੱਚ ਇਕ ਵਿਸ਼ੇਸ਼ ਕਿਸਮ ਦਾ ਪਟਾਕਾ ਲਗਾਇਆ ਹੋਇਆ ਹੈ, ਜੋ ਮੋਟਰਸਾਇਕਲ ਨੂੰ ਤੇਜ਼ ਭਜਾਉਣ ਤੇ ਬੜੀ ਤੇਜ਼ੀ ਨਾਲ ਆਵਾਜ ਕਰਨ ਤੇ ਚੰਗਾ ਭਲਾ ਨੌਜਵਾਨ ਹਿੱਲ ਜਾਂਦਾ ਹੈ ਇਨ੍ਹਾਂ ਤੇ ਵੀ ਨੱਥ ਪਾਈ ਜਾਵੇ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਪੁਲਸ ਗਸ਼ਤ ਵਧਾਈ ਜਾਵੇ। 

Aarti dhillon

This news is Content Editor Aarti dhillon