ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਜ਼ਬਰ ਜਨਾਹ

06/04/2019 7:21:10 PM

ਗੋਨਿਆਣਾ(ਗੋਰਾ ਲਾਲ)- ਥਾਣਾ ਨੇਹੀਆਂ ਵਾਲਾ ਪੁਲਸ ਨੇ ਇੱਕ ਔਰਤ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜ਼ਬਰ-ਜਨਾਹ ਕੀਤੇ ਜਾਣ ਵਾਲੇ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਹੈ। ਪੀੜਤਾਂ ਵੱਲੋਂ ਥਾਣਾ ਨੇਹੀਆ ਵਾਲਾ ਵਿਖੇ ਦਿੱਤੀ ਸ਼ਿਕਾਇਤ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੇ ਕੋਲੋਂ ਭੁਲੇਖੇ ਨਾਲ ਕੋਈ ਗਲਤ ਨੰਬਰ ਡਾਇਲ ਹੋ ਗਿਆ ਅਤੇ ਜਿਸ 'ਤੇ ਅੱਗੋਂ ਚਮਕੌਰ ਸਿੰਘ ਨੇ ਫੋਨ ਚੁੱਕਿਆ ਅਤੇ ਮੈਨੂੰ ਮੇਰਾ ਪਤਾ ਵਗੈਰਾ ਪੁੱਛਿਆ ਤਾਂ ਮੈਂ ਨੰਬਰ ਗਲਤ ਡਾਇਲ ਹੋਣ ਦਾ ਕਾਰਨ ਦੱਸ ਕੇ ਫੋਨ ਕੱਟ ਦਿੱਤਾ ਪਰ ਚਮਕੌਰ ਸਿੰਘ ਨੇ ਮੈਨੂੰ ਵਾਰ-ਵਾਰ ਫੋਨ ਕਰਕੇ ਮੇਰੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਕ ਦੋਸਤ ਬਣ ਕੇ ਮੇਰੇ ਨਾਲ ਗੱਲ ਕਰਦਾ ਰਿਹਾ ਅਤੇ ਮੈਨੂੰ ਨੌਕਰੀ ਦਿਵਾਉਣ ਲਈ ਗੋਨਿਆਣਾ ਮੰਡੀ ਬੁਲਾਉਣ ਲੱਗਾ ਅਤੇ ਇਕ ਦਿਨ ਮੈਂ ਚਮਕੌਰ ਸਿੰਘ ਦੀਆਂ ਗੱਲਾਂ 'ਚ ਆ ਕੇ ਉਸ ਦੇ ਕਹੇ ਅਨੁਸਾਰ ਪਿੰਡ ਜੀਦਾ ਦੇ ਬੱਸ ਅੱਡੇ 'ਤੇ ਪਹੁੰਚ ਗਈ, ਜਿੱਥੇ ਉਸ ਨੇ ਆਪਣੀ ਸਵਿਫਟ ਡਿਜ਼ਾਇਰ ਕਾਰ 'ਚ ਮੈਨੂੰ ਬਿਠਾ ਲਿਆ ਅਤੇ ਥੋੜ੍ਹੀ ਦੂਰ ਲਿਜਾ ਕੇ ਮੈਨੂੰ ਕੋਲਡ ਡਰਿੰਕ ਪੀਣ ਲਈ ਦਿੱਤਾ ਅਤੇ ਪਿਛਲੀ ਸੀਟ 'ਤੇ ਬੈਠਣ ਲਈ ਕਿਹਾ। ਕੋਲਡ ਡਰਿੰਕਸ ਪੀਣ ਤੋਂ ਬਾਅਦ ਮੈਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਅਤੇ ਮੇਰੇ ਬੇਹੋਸ਼ੀ ਦੀ ਹਾਲਤ 'ਚ ਹੁੰਦਿਆਂ ਹੀ ਚਮਕੌਰ ਸਿੰਘ ਵੱਲੋਂ ਮੇਰੇ ਨਾਲ ਜ਼ਬਰ ਜਨਾਹ ਕੀਤਾ ਗਿਆ। ਮੈਂ ਹੋਸ਼ ਵਿੱਚ ਆਉਣ ਤੋਂ ਬਾਅਦ ਦੇਖਿਆ ਕਿ ਚਮਕੌਰ ਸਿੰਘ ਮੈਨੂੰ ਜੈਤੋ ਮੰਡੀ ਫਾਟਕਾਂ ਉੱਪਰ ਛੱਡ ਕੇ ਚਲਾ ਗਿਆ ਅਤੇ ਮੈਂ ਜੈਤੋ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੀਤੀ ਤਾਂ ਮੈਨੂੰ ਉਥੋਂ ਕੋਟਕਪੂਰਾ ਲਈ ਰੈਫਰ ਕਰ ਦਿੱਤਾ ਗਿਆ ਅਤੇ ਜਦ ਮੈਂ ਕੋਟਕਪੂਰਾ ਪਹੁੰਚੀ ਤਾਂ ਕੋਟਕਪੂਰਾ ਦੇ ਹਸਪਤਾਲ ਵਿੱਚ ਪੂਰੇ ਸਟਾਫ਼ ਨੇ ਮੇਰੀ ਕੋਈ ਗੱਲ ਨਾ ਸੁਣੀ ਅਤੇ ਮੈਂ ਆਪਣੇ ਪਿੰਡ ਚਲੀ ਗਈ ਅਤੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਡਰਦੀ ਮਾਰੀ ਨੇ ਕੁਝ ਵੀ ਨਾ ਦੱਸਿਆ ਪਰ ਅਗਲੇ ਦਿਨ ਮੈਂ ਜੈਤੋ ਮੰਡੀ ਦੇ ਆਪਣੇ ਕਿਸੇ ਰਿਸ਼ਤੇਦਾਰ ਅਤੇ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਥਾਣਾ ਨੇਹੀਆਂ ਵਾਲਾ ਵਿਖੇ ਪਹੁੰਚੀ ਅਤੇ ਆਪਣੇ ਨਾਲ ਹੋਈ ਪੂਰੀ ਅਣਹੋਣੀ ਬਾਰੇ ਪੁਲਸ ਨੂੰ ਜਾਣੂ ਕਰਵਾਇਆ ਅਤੇ ਬਿਆਨ ਦਰਜ ਕਰਵਾਏ।
ਇਸ ਸਬੰਧੀ ਜਦੋਂ ਐੱਸ.ਆਈ. ਬੇਅੰਤ ਕੌਰ ਤੋਂ ਜਾਣਕਾਰੀ ਲੈਣ ਲਈ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੀੜਤਾ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਦੇ ਅਧਾਰ 'ਤੇ ਉਕਤ ਦੋਸ਼ੀ ਖ਼ਿਲਾਫ ਧਾਰਾ 376 ਦੇ ਅਧੀਨ ਬਿਆਨ ਦਰਜ ਕਰਵਾਏ ਗਏ ਹਨ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ-ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।

satpal klair

This news is Content Editor satpal klair