ਪੁਲਸ ਨੇ ਸੁਲਝਾਈ ਕਤਲ ਦੀ ਗੁੱਥੀ, 2 ਗ੍ਰਿਫਤਾਰ

07/16/2020 12:31:42 AM

ਸੰਗਰੂਰ, (ਬੇਦੀ)- ਪੁਲਸ ਨੇ ਕਤਲ ਕੇਸ ਦਾ ਪਰਦਾਫਾਸ਼ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਸੰਦੀਪ ਕੁਮਾਰ ਗਰਗ ਆਈ. ਪੀ. ਐੱਸ. , ਐੱਸ.ਐੱਸ.ਪੀ. ਸੰਗਰੂਰ ਨੇ ਦੱਸਿਆ ਕਿ ਬੇਨੜਾ ਦੀ ਪਟੜੀ ਦੇ ਨਾਲ ਖਤਾਨਾਂ ’ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸਦਾ ਕਤਲ ਕਰ ਕੇ ਚਿਹਰਾ ਬੇਪਹਿਚਾਣ ਕਰਨ ਲਈ ਤੇਜ਼ਾਬ ਪਾ ਕੇ ਸਾੜਿਆ ਹੋਇਆ ਸੀ, ਜਿਸਦੀ ਸ਼ਨਾਖਤ ਹਰੀ ਚੰਦ ਪੁੱਤਰ ਰਾਜਾ ਰਾਮ ਵਾਸੀ ਧੋਬੀ ਘਾਟ ਧੂਰੀ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ।

ਗਰਗ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪਰਮਜੀਤ ਸਿੰਘ ਸੰਧੂ ਡੀ. ਐੱਸ. ਪੀ. ਧੂਰੀ ਦੀ ਨਿਗਰਾਨੀ ਹੇਠ ਮੁਕੱਦਮਾ ਦੀ ਤਫਤੀਸ਼ ਆਧੁਨਿਕ ਢੰਗ ਨਾਲ ਕਰ ਕੇ ਹਰ ਪਹਿਲੂ ਦੀ ਡੂੰਘਾਈ ਨਾਲ ਛਾਣ-ਬੀਣ ਕਰਦੇ ਹੋਏ ਮੁਕੱਦਮਾ ਨੰ. ਹਿੰ.ਡੰ. ਥਾਣਾ ਸਦਰ ਧੂਰੀ ’ਚ ਰਮਨਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਚੰਦ, ਗੌਰਵ ਕੁਮਾਰ ਉਰਫ਼ ਦੀਪਕ ਪੁੱਤਰ ਰਾਜ ਕੁਮਾਰ ਵਾਸੀਆਨ ਤੋਤਾਪੁਰੀ ਮੁਹੱਲਾ ਧੂਰੀ ਅਤੇ ਸ਼ੈਲੀ ਕੁਮਾਰ ਪੁੱਤਰ ਰਾਮ ਪਿਆਰੇ ਲਾਲ ਵਾਸੀ ਸੰਗਰੂਰ ਰੋਡ ਧੂਰੀ ਨੂੰ ਦੋਸ਼ੀ ਨਾਮਜ਼ਦ ਕਰ ਕੇ ਗੌਰਵ ਕੁਮਾਰ ਅਤੇ ਸ਼ੈਲੀ ਕੁਮਾਰ ਨੂੰ ਗ੍ਰਿਫਤਾਰ ਕੀਤਾ।

ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਰਮਨਪ੍ਰੀਤ ਸਿੰਘ ਨੇ ਮ੍ਰਿਤਕ ਹਰੀ ਚੰਦ ਪਾਸੋਂ ਕਰੀਬ 2 ਲੱਖ ਰੁਪਏ ਕਮੇਟੀਆਂ ਦੇ ਲੈਣੇ ਸਨ ਜੋ ਇਹ ਪੈਸੇ ਮੁੱਕਰ ਰਿਹਾ ਸੀ ਜਿਸ ’ਤੇ ਰਮਨਪ੍ਰੀਤ ਸਿੰਘ ਨੇ ਆਪਣੇ ਪੁਰਾਣੇ ਸਾਥੀ ਸ਼ੈਲੀ ਕੁਮਾਰ ਨਾਲ ਮਿਲ ਕੇ ਹਰੀ ਚੰਦ ਨੂੰ ਕਤਲ ਕਰਨ ਦਾ 2 ਲੱਖ ਰੁਪਏ ’ਚ ਸੌਦਾ ਕਰ ਲਿਆ ਸੀ ਜਿਸ ’ਤੇ ਸ਼ੈਲੀ ਕੁਮਾਰ ਅਤੇ ਗੌਰਵ ਨੇ ਮਿਲ ਕੇ ਸ਼ੈਲੀ ਦੀ ਰਿਹਾਇਸ਼ ਦੇ ਬੈਕ ਸਾਇਡ ਰਜਬਾਹੇ ’ਤੇ ਹਰੀ ਚੰਦ ਨੂੰ ਬੁਲਾ ਕੇ ਉਸਦਾ ਕਤਲ ਕਰ ਦਿੱਤਾ।


Bharat Thapa

Content Editor

Related News