ਨਸ਼ਿਆਂ ਦੇ ਧੰਦਾਕਾਰੀਆਂ ਨੂੰ ਫੜਨ ਲਈ ਪੁਲਸ ਨੇ ਘਰ-ਘਰ ਲਈ ਤਲਾਸ਼ੀ

12/12/2018 7:56:49 PM

ਬਾਘਾ ਪੁਰਾਣਾ,(ਰਾਕੇਸ਼)— ਹਲਕੇ ਅੰਦਰੋਂ ਨਸ਼ਿਆਂ ਦੇ ਧੰਦੇ ਦਾ ਮੁਕੰਮਲ ਤੌਰ 'ਤੇ ਸਫਾਇਆ ਕਰਨ ਲਈ ਪੁਲਸ ਪ੍ਰਸ਼ਾਸਨ ਵਲੋਂ ਧੰਦਾਕਾਰੀਆਂ ਦੇ ਜ਼ਮੀਨ ਤੋਂ ਪੈਰ ਪੁੱਟਣ ਲਈ ਥਾਂ-ਥਾਂ ਚੱਲ ਰਹੇ ਸਰਚ ਅਪ੍ਰੇਸ਼ਨ ਤਹਿਤ ਅੱਜ ਸ਼ਾਮ ਅਚਾਨਕ ਡੀ. ਐੱਸ. ਪੀ ਰਣਜੋਧ ਸਿੰਘ, ਥਾਣਾ ਮੁਖੀ ਜਸਵੰਤ ਸਿੰਘ, ਸਮਾਲਸਰ ਦੇ ਇੰਚਾਰਜ ਲਛਮਨ ਦੀ ਸਮੁੱਚੀ ਟੀਮ ਵਲੋਂ 200 ਤੋਂ ਵੱਧ ਪੁਲਸ ਮੁਲਾਜ਼ਮਾਂ ਨਾਲ ਮਹੰਤਾ ਵਾਲੀ ਗਲੀ ਦੇ ਇਕ ਵੱਡੇ ਮੁਹੱਲੇ 'ਚੋਂ ਨਜਾਇਜ਼ ਸ਼ਰਾਬ ਤੇ ਹੋਰ ਨਸ਼ਾ ਫੜਨ ਲਈ ਅਚਾਨਕ ਘਰਾਂ ਅੰਦਰ ਛਾਪੇਮਾਰੀ ਕੀਤੀ ਗਈ, ਜਿਸ ਨਾਲ ਧੰਦਾਕਾਰੀਆਂ ਦੀਆਂ ਭਾਜੜਾ ਪੈ ਗਈਆਂ ਕਿਉਂਕਿ ਪੁਲਸ ਨੂੰ ਪਿਛਲੇ ਸਮੇਂ ਤੋਂ ਇਹ ਅੰਦਰ ਖਾਤੇ ਸੂਚਨਾਵਾਂ ਮਿਲ ਰਹੀਆਂ ਸਨ ਕਿ ਇਸ ਮੁਹੱਲੇ 'ਚ ਨਸ਼ਾ ਵਿਕਣਾ ਬੰਦ ਨਹੀਂ ਹੋ ਰਿਹਾ ਅਤੇ ਅੰਦਰ ਖਾਤੇ ਨਸ਼ੇ ਨੇ ਲੰਬੇ ਪੈਰ ਪਸਾਰੇ ਹੋਏ ਹਨ, ਜਿਸ ਲਈ ਬਾਹਰਲੇ ਧੰਦਾਕਾਰੀ ਨਸ਼ੇ ਵੇਚ ਕੇ ਜਾਂਦੇ ਹਨ।

ਪੁਲਸ ਨੇ ਇਸ ਮੁਹਿੰਮ ਦੌਰਾਨ ਗਲੀਆਂ ਘਰਾਂ ਦੀਆਂ ਛੱਤਾਂ ਰਾਹੀ ਮਕਾਨਾਂ ਅੰਦਰ ਵੜਕੇ ਤਲਾਸ਼ੀ ਲਈ। ਡੀ. ਐੱਸ. ਪੀ ਰਣਜੋਧ ਸਿੰਘ ਨੇ ਕਿਹਾ ਕਿ ਪੁਲਸ ਪਹਿਲਾਂ ਤੋਂ ਹੀ ਛਾਪੇ ਮਾਰ ਰਹੀ ਹੈ ਪਰ ਪੁਲਸ ਇਹਨਾਂ ਨੂੰ ਫੜਨ ਲਈ ਕੋਈ ਕਸਰ ਨਹੀਂ ਛੱਡੇਗੀ ਕਿਉਂਕਿ ਮੁਹੱਲੇ ਦੇ ਲੋਕ ਨਸ਼ੇ ਦੇ ਧੰਦੇ ਤੋਂ ਬੇਹੱਦ ਤੰਗ ਹਨ, ਇਸ ਲਈ ਹਰ ਹਾਲਤ ਅਜਿਹੇ ਅਨਸਰ ਕਾਬੂ ਕੀਤੇ ਜਾਣਗੇ, ਜਿਹੜੇ ਲੋਕਾਂ ਦੇ ਘਰਾਂ ਦਾ ਉਜਾੜਾ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੇ ਅਤੇ ਪੁਲਸ ਨੂੰ ਚਕਮਾਂ ਦੇ ਕੇ ਨਿਕਲ ਜਾਂਦੇ ਹਨ। ਦੂਸਰੇ ਪਾਸੇ ਅੱਜ ਦੀ ਕਾਰਵਾਈ ਕਰਨ ਲਈ ਪੁਲਸ ਵਲੋਂ 100 ਤੋਂ ਵੱਧ ਮੁਲਾਜ਼ਮ ਪੁਲਸ ਲਾਇਨ ਮੋਗਾ ਤੋਂ ਸਰਚ ਲਈ ਮੰਗਵਾਏ ਗਏ ਸਨ ਅਤੇ ਬਿਨਾਂ ਪੁਲਸ ਵਰਦੀ ਵਾਲੀ ਟੀਮ ਵੀ ਪਹੁੰਚੀ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਪੁਲਸ ਨੂੰ ਇਹ ਕਾਰਵਾਈ ਲਗਾਤਾਰ ਜਾਰੀ ਰੱਖਣੀ ਚਾਹੀਦੀ ਹੈ ਤਾਂ ਕਿ ਲੋਕ ਸੋਖੀ ਜ਼ਿੰਦਗੀ ਬਤੀਤ ਕਰ ਸਕਣ ਅਤੇ ਨਸ਼ੇ ਤੋਂ ਖਹਿੜਾ ਛੁੱਟ ਸਕੇ।