10 ਲੋਕਾਂ ਤੇ ਮੁਕੱਦਮਾ ਦਰਜ ਕਰਕੇ ਪੁਲਸ ਨੇ ਦਿਖਾਈ ਸਿਰਫ 18 ਹਜ਼ਾਰ ਦੀ ਰਿਕਵਰੀ

01/09/2021 5:57:14 PM

ਜਲਾਲਾਬਾਦ(ਸੇਤੀਆ): ਇਲਾਕੇ ਅੰਦਰ ਦੜਾ-ਸੱਟਾ ਤੇ ਜੂਏ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਅਤੇ ਪੁਲਸ ਦੀ ਨੱਕ ਹੇਠਾਂ ਚੱਲ ਰਹੇ ਗੈਰ-ਕਾਨੂੰਨੀ ਧੰਦਿਆਂ ਨੂੰ ਬੰਦ ਕਰਨ ਲਈ ਸਥਾਨਕ ਪੁਲਸ ਸਿਰਫ ਅੱਖਾਂ ਹੀ ਪੂੰਜ ਰਹੀ ਹੈ। ਜਿਸ ਦੀ ਮਿਸਾਲ ਜਲਾਲਾਬਾਦ ’ਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸ਼ਹਿਰ ਦੇ ਰਠੋੜਾਂ ਵਾਲਾ ਮੁਹੱਲੇ ’ਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਦੜੇ ਸੱਟੇ ਤੇ ਜੂਏ ਨੂੰ ਲੈ ਕੇ ਉੱਚ ਅਧਿਕਾਰੀਆਂ ਨੂੰ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਸਥਾਨਕ ਪੁਲਸ ਵਲੋਂ ਰੇਡ ਕੀਤੀ ਗਈ ਪਰ ਇਸ ਰੇਡ ਦੇ ਦੌਰਾਨ ਜਦ ਇਕ ਪੱਤਰਕਾਰ ਵਲੋਂ ਅਸਲੀਅਤ ਨੂੰ ਕੈਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡੀ.ਐੱਸ.ਪੀ ਦੇ ਹੀ ਇਕ ਡਰਾਈਵਰ ਮੁਲਾਜ਼ਮ ਨੇ ਪੱਤਰਕਾਰ ਤੇ ਨਾ ਕੇਵਲ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸਗੋਂ ਇਕ ਹੋਰ ਮੁਲਾਜ਼ਮ ਨੇ ਉਸ ਦਾ ਮੋਬਾਇਲ ਖੋਹ ਕੇ ਬਣਾਈਆਂ ਵੀਡੀਓ ਵੀ ਡਿਲੀਟ ਕਰ ਦਿੱਤੀਆਂ। ਇਹ ਮਾਮਲਾ ਜਦੋਂ ਡੀ.ਐੱਸ.ਪੀ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਵਲੋਂ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਜਦੋਂ ਡੀ.ਆਈ.ਜੀ. ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਾਰਵਾਈ ਦਾ ਸਿਰਫ਼ ਭਰੋਸਾ ਦਿੱਤਾ।

ਜਾਣਕਾਰੀ ਅਨੁਸਾਰ ਸਥਾਨਕ ਪੁਲਸ ਵਲੋਂ ਸ਼ਿਕਾਇਤ ਮਿਲਣ ਤੇ ਮੁਹੱਲਾ ਰਠੋੜਾਂਵਾਲਾ ਤੇ ਪਾਰਕ ਦੇ ਨਾਲ ਜਿੱਥੇ ਹਰ ਰੋਜ਼ ਲੱਖਾਂ ਰੁਪਏ ਦੀ ਜੂਏ ਦੀ ਉਲਟ-ਪੁਲਟ ਹੁੰਦੀ ਹੈ ਉਥੇ ਰਾਤ ਕਰੀਬ 10.30 ਵਜੇ ਰੇਡ ਕੀਤੀ ਗਈ। ਇਸ ਰੇਡ ਦੌਰਾਨ ਪੁਲਸ ਨੇ ਦੋ ਸਰਕਾਰੀ ਗੱਡੀਆਂ ਤੇ ਇਕ ਪ੍ਰਾਇਵੇਟ ਕਾਰ ਤੇ ਮੁਲਾਜ਼ਮ ਸਵਾਰ ਸਨ। ਜਿੱਥੇ ਪੁਲਸ ਨੇ ਕਰੀਬ 15 ਲੋਕਾਂ ਨੂੰ ਹਿਰਾਸਤ ’ਚ ਲਿਆ ਤੇ ਨਾਲ ਹੀ ਜੂਏ ਦੀ ਮੋਟੀ ਰਾਸ਼ੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ।
ਉਧਰ ਸ਼ਨੀਵਾਰ ਸਵੇਰੇ ਜਦੋਂ ਥਾਣਾ ਸਿਟੀ ਪ੍ਰਭਾਰੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 10 ਲੋਕਾਂ ਤੇ ਜੂਆ ਐਕਟ ਅਧੀਨ ਮੁਕੱਦਮਾ ਦਰਜ਼ ਕੀਤਾ ਹੈ ਅਤੇ ਨਾਮਜਦਾਂ ’ਚ ਨਰੇਸ਼ ਕੁਮਾਰ ਪੁੱਤਰ ਹਾਕਮ ਚੰਦ, ਦੀਪਕ ਕੁਮਾਰ ਪੁੱਤਰ ਕ੍ਰਿਸ਼ਨ ਲਾਲ, ਰਾਕੇਸ਼ ਕੁਮਾਰ ਪੁੱਤਰ ਸੁਖਦਿਆਲ ਸਿੰਘ, ਸੰਦੀਪ ਕੁਮਾਰ ਪੁੱਤਰ ਮਹਿਲ ਸਿੰਘ, ਸੰਦੀਪ ਕੁਮਾਰ ਪੁੱਤਰ ਖਰੈਤ ਲਾਲ, ਸ਼ਾਮ ਲਾਲ ਪੁੱਤਰ ਪਿਆਰਾ ਲਾਲ, ਸੁਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ, ਮਨਜਿੰਦਰ ਪਾਲ ਪੁੱਤਰ ਦਰਸ਼ਨ ਸਿੰਘ, ਦਲੇਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜਲਾਲਾਬਾਦ, ਜੋਗਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮੰਨੇਵਾਲਾ ਸ਼ਾਮਿਲ ਹਨ ਅਤੇ ਇਸ ’ਚ 18 ਹਜਾਰ ਰੁਪਏ ਦੀ ਰਿਕਵਰੀ ਕੀਤੀ ਗਈ ਹੈ।


Aarti dhillon

Content Editor

Related News