ਸਿਵਲ ਹਸਪਤਾਲ ਮੋਗਾ ਤੋਂ ਅਗਵਾ ਹੋਏ 8 ਮਹੀਨਿਆਂ ਦਾ ਬੱਚੇ ਪੁਲਸ ਨੇ 10 ਘੰਟਿਆਂ ’ਚ ਕੀਤਾ ਬਰਾਮਦ

12/06/2021 5:13:13 PM

ਮੋਗਾ (ਆਜ਼ਾਦ, ਗੋਪੀ ਰਾਊਕੇ)-ਮੋਗਾ ਪੁਲਸ ਨੇ ਬੀਤੀ 4 ਦਸੰਬਰ ਨੂੰ ਦਿਨ-ਦਿਹਾੜੇ ਸਿਵਲ ਹਸਪਤਾਲ ’ਚੋਂ ਅਗਵਾ ਹੋਏ ਕਰਮਜੀਤ ਸਿੰਘ ਉਰਫ ਧੰਨਾ ਨਿਵਾਸੀ ਸਮਾਧ ਭਾਈ ਰੋਡ ਪਿੰਡ ਰੌਂਤਾ ਦੇ 8 ਮਹੀਨਿਆਂ ਦੇ ਪੁੱਤਰ ਅਭਿਜੋਤ ਨੂੰ 10 ਘੰਟਿਆਂ ਅੰਦਰ ਬਰਾਮਦ ਕਰ ਕੇ ਬੀਤੀ ਦੇਰ ਰਾਤ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ। ਇਸ ਸਬੰਧ ’ਚ ਪੁਲਸ ਨੇ ਬੱਚੇ ਦੇ ਖਰੀਦਦਾਰ ਜਲੰਦਾ ਸਿੰਘ ਨਿਵਾਸੀ ਪਿੰਡ ਦਬੜ੍ਹੀਖਾਨਾ (ਜੈਤੋ) ਜੋ ਥਰਮਲ ਪਲਾਂਟ ਵਿਚ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ, ਨੂੰ ਵੀ ਹਿਰਾਸਤ ’ਚ ਲੈ ਲਿਆ ਹੈ, ਜਦਕਿ ਮੁੱਖ ਦੋਸ਼ੀ ਵਿਸ਼ਾਲ ਨਿਵਾਸੀ ਨਜ਼ਦੀਕ ਵਧਾਵਾ ਸਿੰਘ ਖੂਹ ਮੋਗਾ ਅਤੇ ਉਸ ਦੀ ਸਹਿਯੋਗੀ ਮਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਆਈ.) ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਬੀਤੇ ਦਿਨ ਸਿਵਲ ਹਸਪਤਾਲ ਮੋਗਾ ਤੋਂ ਨਸਬੰਦੀ ਦਾ ਆਪ੍ਰੇਸ਼ਨ ਕਰਵਾਉਣ ਆਈ ਸਿਮਰਨਜੀਤ ਕੌਰ, ਜਿਸ ਦੇ 2 ਬੱਚੇ ਅਮਨਜੋਤ ਸਿੰਘ ਅਤੇ ਅਭਿਜੋਤ (8 ਮਹੀਨੇ) ਦਾ ਹੈ। ਉਨ੍ਹਾਂ ਦੱਸਿਆ ਕਿ ਜਦ ਅਭਿਜੋਤ ਆਪਣੀ ਮਾਤਾ ਸਿਮਰਨਜੀਤ ਕੌਰ ਅਤੇ ਦਾਦੀ ਪਰਮਜੀਤ ਕੌਰ ਨਾਲ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਮੋਜੂਦ ਸੀ, ਉਸ ਸਮੇਂ ਕਥਿਤ ਦੋਸ਼ੀ ਵਿਸ਼ਾਲ ਉਨ੍ਹਾਂ ਕੋਲ ਆ ਕੇ ਬੈਠ ਗਿਆ ਅਤੇ ਕਹਿਣ ਲੱਗਾ ਕਿ ਉਸ ਦੀ ਭੈਣ ਵੀ ਇਲਾਜ ਕਰਵਾਉਣ ਲਈ ਹਸਪਤਾਲ ’ਚ ਦਾਖਲ ਹੈ ਅਤੇ ਉਹ ਇਸ ਲਈ ਇਥੇ ਆਇਆ ਸੀ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚੇ CM ਚੰਨੀ ਨੇ ਵਪਾਰੀਆਂ ਲਈ ਕੀਤੇ ਵੱਡੇ ਐਲਾਨ, ਪਾਕਿ ਨਾਲ ਵਪਾਰ ਖੋਲ੍ਹਣ ਦੀ ਕੀਤੀ ਮੰਗ

ਇਸ ਦੌਰਾਨ ਕਥਿਤ ਦੋਸ਼ੀ ਨੇ ਉਨ੍ਹਾਂ ਨੂੰ ਭਰੋਸੇ ਵਿਚ ਲੈ ਲਿਆ ਅਤੇ ਬੱਚੇ ਅਭਿਜੋਤ ਨੂੰ ਆਪਣੀ ਗੋਦ ’ਚ ਲੈ ਕੇ ਘੁਮਾਉਣ ਲੱਗਾ। ਬੱਚੇ ਦੇ ਪਿਤਾ ਕਰਮਜੀਤ ਧੁੰਨਾ ਕਿਸੇ ਕੰਮ ਲਈ ਜਦੋਂ ਬਾਹਰ ਨਿਕਲਿਆ ਤਾਂ ਉਹ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਬੱਚੇ ਨੂੰ ਲੈ ਕੇ ਨਿਕਲ ਗਿਆ। ਕੁਝ ਸਮੇਂ ਤੋਂ ਸਾਰੇ ਪਰਿਵਾਰ ਵਾਲੇ ਉਸ ਦੀ ਰਾਹ ਦੇਖਦੇ ਰਹੇ ਪਰ ਜਦ ਕਥਿਤ ਦੋਸ਼ੀ ਵਿਸ਼ਾਲ ਬੱਚੇ ਨੂੰ ਲੈ ਕੇ ਵਾਪਸ ਨਾ ਆਇਆ ਤਾਂ ਹਸਪਤਾਲ ਵਿਚ ਹੜਕੰਪ ਮਚ ਗਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਐੱਸ. ਪੀ. ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਸਿਟੀ ਜਸ਼ਨਦੀਪ ਸਿੰਘ ਗਿੱਲ, ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਚੰਨਣ ਸਿੰਘ, ਥਾਣਾ ਸਿਟੀ ਸਾਉਥ ਦੇ ਇੰਚਾਰਜ ਇੰਸਪੈਕਟਰ ਲਛਮਣ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਗਈ ਤਾਂ ਕਿ ਅਗਵਾਕਾਰ ਲੜਕੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਅਤੇ ਉਸ ਤੋਂ ਸਹੀ-ਸਲਾਮਤ ਬਰਾਮਦ ਕਰ ਕੇ ਪਰਿਵਾਰ ਨੂੰ ਸੌਂਪਿਆ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਨੇ ਸਿਵਲ ਹਸਪਤਾਲ ਤੋਂ ਇਲਾਵਾ ਮੋਗਾ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਆਖਿਰ ਇਹ ਪਤਾ ਲਗਾਉਣ ਵਿਚ ਸਫਲ ਹੋ ਗਏ ਕਿ ਅਗਵਾਕਾਰ ਲੜਕਾ ਵਧਾਵਾ ਸਿੰਘ ਦਾ ਖੂਹ ਮੋਗਾ ਕੋਲ ਦਾ ਰਹਿਣ ਵਾਲਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਦੇ ਘਰ ਦੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਸਾਰੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਗਈ, ਆਖਿਰ ਬੱਚੇ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿਚ ਬੱਚੇ ਨੂੰ 1 ਲੱਖ ਰੁਪਏ ਵਿਚ ਖਰੀਦ ਕਰਨ ਵਾਲੇ ਜਲੰਦਾ ਸਿੰਘ ਨਿਵਾਸੀ ਪਿੰਡ ਦੱਬੜੀਖਾਨਾ ਨੂੰ ਕਾਬੂ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜਲੰਦਾ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਵਿਆਹ ਕਰੀਬ 5-6 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਕੋਈ ਬੱਚਾ ਨਹੀਂ ਸੀ ਤੇ ਉਹ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਕਥਿਤ ਦੋਸ਼ੀ ਵਿਸ਼ਾਲ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਕੰਮ ਕਰਦਾ ਸੀ, ਉਥੇ ਉਸ ਦੀ ਭੈਣ ਮਨਪ੍ਰੀਤ ਕੌਰ ਵੀ ਕੰਮ ਕਰਦੀ ਹੈ। ਇਸ ਦੌਰਾਨ ਉਕਤ ਦੋਹਾਂ ਵਿਚਕਾਰ ਬੱਚਾ ਦੇਣ ਦੀ ਗੱਲ ਤੈਅ ਹੋਈ ਅਤੇ ਇਸੇ ਕੜੀ ਤਹਿਤ ਕਥਿਤ ਦੋਸ਼ੀ ਵਿਸ਼ਾਲ ਨੇ ਬਹੁਤ ਹੀ ਚਲਾਕੀ ਨਾਲ 8 ਮਹੀਨੇ ਦੇ ਅਭਿਜੋਤ ਨੂੰ ਅਗਵਾ ਕਰ ਲਿਆ। ਐੱਸ. ਪੀ. ਆਈ. ਨੇ ਦੱਸਿਆ ਕਿ ਕਥਿਤ ਦੋਸ਼ੀ ਲੜਕਾ ਕੁਝ ਪੈਸੇ ਖਰੀਦਦਾਰ ਕਰਨ ਵਾਲੇ ਵਿਅਕਤੀ ਤੋਂ ਲੈ ਵੀ ਚੁੱਕਾ ਹੈ, ਜਦਕਿ ਬਾਕੀ ਪੈਸੇ ਲੈਣੇ ਬਾਕੀ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਮੁੱਖ ਦੋਸ਼ੀ ਵਿਸ਼ਾਲ ਅਤੇ ਹੋਰਾਂ ਦੇ ਕਾਬੂ ਆਉਣ ’ਤੇ ਸਾਰਾ ਮਾਮਲਾ ਬੇਨਕਾਬ ਹੋ ਸਕੇਗਾ। ਪੁਲਸ ਇਹ ਵੀ ਜਾਣਨ ਦਾ ਯਤਨ ਕਰ ਰਹੀ ਹੈ ਕਿ ਪਹਿਲਾਂ ਵੀ ਉਨ੍ਹਾਂ ਕਿਸੇ ਬੱਚੇ ਨੂੰ ਅਗਵਾ ਕਰ ਕੇ ਵਿਕਰੀ ਕੀਤਾ ਹੈ ਜਾਂ ਨਹੀਂ। ਉਨ੍ਹਾਂ ਦੇ ਪਿਛੋਕੜ ਦੀ ਵੀ ਜਾਂਚ ਕਰ ਰਹੀ ਹੈ। ਪੁਲਸ ਦੀਆਂ ਵੱਖ-ਵੱਖ ਟੀਮਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਦੋਸ਼ੀ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਸਬੰਧ ’ਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਕਰਮਜੀਤ ਸਿੰਘ ਪੁੱਤਰ ਲਾਲ ਸਿੰਘ ਨਿਵਾਸੀ ਪਿੰਡ ਰੌਂਤਾ ਦੀ ਸ਼ਿਕਾਇਤ ’ਤੇ ਵਿਸ਼ਾਲ ਕੁਮਾਰ, ਮਨਪ੍ਰੀਤ ਕੌਰ ਉਰਫ ਮੰਨੂ ਅਤੇ ਜਲੰਦਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News