ਪੁਲਸ ਪਾਰਟੀ ’ਤੇ ਹਮਲਾ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ’ਚ 28 ਲੋਕਾਂ ਖਿਲਾਫ ਮਾਮਲਾ ਦਰਜ

12/31/2020 12:51:01 PM

ਫਿਰੋਜਪੁਰ (ਕੁਮਾਰ): ਕਤਲ ਦੇ ਇਕ ਮਾਮਲੇ ’ਚ ਨਾਮਜਦ ਲੋਕਾਂ ਨੂੰ ਗਿ੍ਰਫ਼ਤਾਰ ਕਰਨ ਲਈ ਗਈ ਪੁਲਸ ਪਾਰਟੀ ’ਤੇ ਹਮਲਾ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਥਾਣਾ ਮਮਦੋਟ ਦੀ ਪੁਲਸ ਨੇ 20 ਅਣਪਛਾਤੇ ਲੋਕਾਂ ਸਮੇਤ 28 ਲੋਕਾਂ ਦੇ ਖਿਲਾਫ ਆਈ.ਪੀ.ਸੀ.ਦੀਆਂ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਏ.ਐੱਸ.ਆਈ. ਜੋਗਿੰਦਰ ਸਿੰਘ (ਥਾਣਾ ਸਦਰ ਫਿਰੋਜ਼ਪੁਰ) ਵਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਥਾਣਾ ਸਦਰ ਫਿਰੋਜ਼ਪੁਰ ਵਿਚ 8 ਮਈ 2020 ਨੂੰ ਦਰਜ ਕੀਤੇ ਗਏ ਇਕ ਕਤਲ ਦੇ ਮਾਮਲੇ ’ਚ ਪੁਲਸ ਪਾਰਟੀ ਦੇ ਨਾਲ ਮੁਕੱਦਮੇ ਵਿਚ ਨਾਮਜਦ ਗੁਰਪ੍ਰੀਤ ਸਿੰਘ ਅਤੇ ਗੁਲਜਾਰ ਸਿੰਘ ਨੂੰ ਗਿ੍ਰਫ਼ਤਾਰ ਕਰਨ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਪਿੰਡ ਕਿਆਰਾ ਵਿਚ ਜਾ ਰਹੇ ਸੀ ਤਾਂ ਪੁਲਸ ਪਾਰਟੀ ਨੂੰ ਇਕ ਮਲਕੀਤ ਸਿੰਘ ਨਾਮ ਦੇ ਵਿਅਕਤੀ ਨੇ ਇਸ਼ਾਰਾ ਕੀਤਾ ਅਤੇ ਜਦ ਪੁਲਸ ਪਾਰਟੀ ਨੇ ਹੰਸਾ ਸਿੰਘ ਦੇ ਘਰ ਦਾ ਗੇਟ ਖੁਲਵਾਇਆ ਤਾਂ ਪੁਲਸ ਪਾਰਟੀ ਵਲੋਂ ਗੁਰਪ੍ਰੀਤ ਸਿੰਘ ਅਤੇ ਗੁਲਜਾਰ ਸਿੰਘ ਬਾਰੇ ਉਨ੍ਹਾਂ ਦੇ ਰਿਸ਼ਤੇਦਾਰ ਹੰਸਾ ਸਿੰਘ ਤੋਂ ਪੁੱਛਿਆ ਤਾਂ ਹੰਸਾ ਸਿੰਘ ਨੇ ਆਵਾਜ਼ ਦੇ ਕੇ ਕਿਹਾ ਕਿ ਗੁਰਪ੍ਰੀਤ ਭੱਜ ਜਾ ਪੁਲਸ ਆ ਗਈ ਹੈ।

ਏ.ਐੱਸ.ਆਈ. ਜੋਗਿੰਦਰ ਸਿੰਘ ਅਨੁਸਾਰ ਪੁਲਸ ਪਾਰਟੀ ਨੇ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਤਾਂ ਇੰਨੇ ’ਚ ਹੰਸਾ ਸਿੰਘ ਦਾ ਪਰਿਵਾਰ ਬਾਹਰ ਆ ਗਿਆ, ਜਿਸਨੇ ਪੁਲਸ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਨਾਲ ਕਥਿਤ ਰੂਪ ਵਿਚ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਗੁਰਪ੍ਰੀਤ ਸਿੰਘ ਨੂੰ ਪੁਲਸ ਪਾਰਟੀ ਤੋਂ ਜ਼ਬਰਦਸਤੀ ਛੁਡਵਾ ਲਿਆ। ਏ.ਐੱਸ.ਆਈ. ਜੋਗਿੰਦਰ ਸਿੰਘ ਅਨੁਸਾਰ ਹੰਸਾ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਹੋਮਗਾਰਡ ਦੇ ਜਵਾਨ ਬਲਵਿੰਦਰ ਸਿੰਘ ਵਿਚ ਧੱਕਾ-ਮੁੱਕੀ ਕੀਤੀ ਅਤੇ ਉਸਦੀ ਵਰਦੀ ਵਾਲੀ ਕਮੀਜ਼ ਫਾੜ ਦਿੱਤੀ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਜੋਗਿੰਦਰ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਹੰਸਾ ਸਿੰਘ, ਉਸਦੀ ਪਤਨੀ ਬਚਨੋ, ਲੜਕੇ ਸੰਦੀਪ ਸਿੰਘ ਤੇ ਕੁਲਦੀਪ ਸਿੰਘ, ਸੀਮਾ, ਬਲਵਿੰਦਰ ਸਿੰਘ, ਜਸਵਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਕਰੀਬ 20 ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। 

Shyna

This news is Content Editor Shyna