ਪੁਲਸ ਪਾਰਟੀ ''ਤੇ ਹਮਲਾ ਕਰਨ ਵਾਲਾ ਕਾਂਸਟੇਬਲ ਆਇਆ ਮੀਡੀਆ ਦੇ ਸਾਹਮਣੇ

03/14/2020 1:50:08 PM

ਮੋਗਾ (ਸੰਜੀਵ)- ਬੀਤੇ ਦਿਨੀਂ ਮੋਗਾ ਦੇ ਰਹਿਣ ਵਾਲੇ ਕਾਂਸਟੇਬਲ ਵੱਲੋਂ ਮੋਗਾ ਪੁਲਸ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦੋਸ਼ੀ ਕਾਂਸਟੇਬਲ 'ਤੇ ਧਾਰਾ 376 ਦੇ ਤਹਿਤ ਥਾਣਾ ਅਜੀਤਵਾਲ 'ਚ ਜਬਰ-ਜ਼ਨਾਹ ਦਾ ਮਾਮਲਾ ਦਰਜ ਹੈ, ਜਿਸ ਨੂੰ ਫੜਨ ਲਈ ਜਦੋਂ ਪੁਲਸ ਪਾਰਟੀ ਨੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਕਾਂਸਟੇਬਲ ਦੇ ਪਰਿਵਾਰ ਵੱਲੋਂ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ ਸੀ ਅਤੇ ਇਸ ਹਮਲੇ 'ਚ ਇਕ ਸਬ-ਇੰਸਪੈਕਟਰ ਜ਼ਖਮੀ ਹੋਇਆ ਸੀ ਅਤੇ ਪੁਲਸ ਦੀ ਗੱਡੀ ਦੀ ਭੰਨ-ਤੋੜ ਕੀਤੀ ਗਈ ਸੀ, ਜਿਸ ਕਾਰਣ ਪੁਲਸ ਨੇ ਮਾਮਲਾ ਵੀ ਦਰਜ ਕਰ ਲਿਆ ਸੀ ਪਰ ਦੋਸ਼ੀ ਕਾਂਸਟੇਬਲ ਉੱਥੋਂ ਭੱਜਣ 'ਚ ਕਾਮਯਾਬ ਹੋ ਗਿਆ ਸੀ।

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੋਸ਼ੀ ਕਾਂਸਟੇਬਲ ਨੇ ਮੰਨਿਆ ਕਿ ਉਸ ਦੇ ਲੜਕੀ ਨਾਲ ਸਬੰਧ ਸਨ ਪਰ 2015 'ਚ ਕਿਸੇ ਕਾਰਣ ਉਸ ਨਾਲ ਗੱਲ ਹੋਣੀ ਬੰਦ ਹੋ ਗਈ ਸੀ ਅਤੇ ਪੰਚਾਇਤ 'ਚ ਵੀ ਬੈਠ ਕੇ ਇਹ ਕਿਹਾ ਗਿਆ ਸੀ ਕਿ ਅਸੀਂ ਇਕ ਦੂਜੇ ਨੂੰ ਫੋਨ ਜਾਂ ਮੈਸੇਜ ਨਹੀਂ ਕਰਨਗੇ। 4 ਸਾਲ ਬਾਅਦ ਲੜਕੀ ਦਾ ਮੈਨੂੰ ਮੈਸੇਜ ਆਇਆ, ਜਿਸ ਦੀ ਸ਼ਿਕਾਇਤ ਮੈਂ ਉਸ ਦੇ ਭਰਾ ਨੂੰ ਕੀਤੀ। ਇਸ ਦੇ ਬਾਅਦ ਕੈਨੇਡਾ ਤੋਂ ਕਿਸੇ ਵਿਅਕਤੀ ਨੇ ਫੋਨ 'ਤੇ ਮੈਨੂੰ ਜਾਨੋਂ ਮਾਰਨ ਦੀਆਂ ਕਥਿਤ ਧਮਕੀਆਂ ਦਿੱਤੀਆਂ ਅਤੇ ਇੱਥੋਂ ਤੱਕ ਉਹ ਕਹਿਣ ਲੱਗ ਗਿਆ ਕਿ ਉਸ ਦੀ ਪਹੁੰਚ ਐੱਸ. ਐੱਸ. ਪੀ. ਫਾਜ਼ਿਲਕਾ ਭੁਪਿੰਦਰ ਸਿੰਘ ਹਾਲ ਆਬਾਤ ਫਿਰੋਜ਼ਪੁਰ ਤੱਕ ਹੈ ਅਤੇ ਉਹ ਉਸ ਨੂੰ ਨੌਕਰੀ ਤੋਂ ਡਿਸਮਿਸ ਕਰਵਾ ਦੇਵੇਗਾ। ਮੋਗਾ 'ਚ ਤਾਇਨਾਤ ਏ. ਐੱਸ. ਆਈ. ਪੂਰਨ ਸਿੰਘ ਵੱਲੋਂ ਵੀ ਐੱਸ. ਐੱਸ. ਪੀ. ਫਾਜ਼ਿਲਕਾ ਦਾ ਨਾਂ ਲੈ ਕੇ ਮੈਨੂੰ ਧਮਕਾਇਆ ਗਿਆ।

ਇਸ ਤੋਂ ਬਾਅਦ ਬਠਿੰਡਾ ਤੋਂ ਵੀ ਉਸ ਨੂੰ ਧਮਕੀਆਂ ਮਿਲਣ ਲੱਗੀਆਂ । ਉਪਰੰਤ ਦੋਸ਼ੀ ਕਾਂਸਟੇਬਲ ਨੇ ਆਪਣੀ ਜਾਨ ਨੂੰ ਖ਼ਤਰਾ ਸਮਝਦਿਆਂ 20 ਅਗਸਤ ਨੂੰ ਥਾਣਾ ਅਜੀਤਵਾਲ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਥਾਣੇ ਦੇ ਏ. ਐੱਸ. ਆਈ. ਸੁਖਚੈਨ ਸਿੰਘ ਵੱਲੋਂ ਵੀ ਉਸ ਨੂੰ ਡਰਾਇਆ-ਧਮਕਾਇਆ ਗਿਆ। ਕਾਂਸਟੇਬਲ ਨੇ ਦੱਸਿਆ ਕਿ ਜਦੋਂ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਐੱਸ. ਐੱਸ. ਪੀ. ਮੋਗਾ ਨੂੰ ਸ਼ਿਕਾਇਤ ਦੇਣ ਗਿਆ ਪਰ ਉਹ ਮੌਜੂਦ ਨਹੀਂ ਸਨ ਅਤੇ ਐੱਸ. ਪੀ. ਹੈੱਡਕੁਆਰਟਰ ਰਤਨ ਸਿੰਘ ਬਰਾੜ ਨੂੰ ਸ਼ਿਕਾਇਤ ਦਿੱਤੀ ਅਤੇ ਉਨ੍ਹਾਂ ਨੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਨੂੰ ਮਾਰਕ ਕਰ ਦਿੱਤੀ।
ਇਸ ਤੋਂ ਬਾਅਦ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਡੀ. ਜੀ. ਪੀ. ਪੰਜਾਬ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ। ਕਾਂਸਟੇਬਲ ਨੇ ਦੱਸਿਆ ਕਿ ਥਾਣਾ ਅਜੀਤਵਾਲ ਦੇ ਐੱਸ. ਐੱਚ. ਓ. ਪਲਵਿੰਦ ਰ ਸਿੰਘ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਘਰ ਦਾ ਸਾਮਾਨ ਵੀ ਤੋੜਿਆ ਗਿਆ। 2015 ਤੋਂ ਬਾਅਦ ਉਸ ਨੇ ਲੜਕੀ ਨੂੰ ਇਕ ਵਾਰ ਵੀ ਨਹੀਂ ਵੇਖਿਆ ਅਤੇ ਉਸ 'ਤੇ ਜਬਰ-ਜ਼ਨਾਹ ਦਾ ਮਾਮਲਾ ਵੀ ਪੁਲਸ ਨੇ ਦਰਜ ਕਰ ਦਿੱਤਾ।

ਦੋਸ਼ੀ ਦੀ ਮਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਰਾਤ ਨੂੰ ਘਰ 'ਚ ਖਾਣਾ ਬਣਾ ਰਹੀ ਸੀ ਅਤੇ ਇਕਦਮ 3-4 ਪੁਲਸ ਵਾਲੇ ਆਏ ਅਤੇ ਮੇਰੇ ਬੇਟੇ ਦੇ ਬਾਰੇ ਪੁੱਛਣ ਲੱਗੇ। ਉਨ੍ਹਾਂ ਨੇ ਕਿਹਾ ਕਿ ਪੁੱਤਰ ਘਰ 'ਚ ਨਹੀਂ ਹੈ ਤਾਂ ਉਨ੍ਹਾਂ ਨੇ ਮੇਰੀਆਂ 4 ਬੇਟੀਆਂ ਅਤੇ ਮੇਰੇ ਨਾਲ ਗਾਲੀ-ਗਲੋਚ ਕੀਤਾ ਅਤੇ ਧੱਕਾ-ਮੁੱਕੀ ਵੀ ਕੀਤੀ। ਕੋਈ ਵੀ ਲੇਡੀਜ਼ ਕਾਂਸਟੇਬਲ ਉਸ ਸਮੇਂ ਉਨ੍ਹਾਂ ਨਾਲ ਨਹੀਂ ਸੀ। ਪੁਲਸ ਨੇ ਸਫੈਦ ਕਾਗਜ਼ 'ਤੇ ਸਾਡੇ ਦਸਤਖਤ ਕਰਵਾਉਣੇ ਚਾਹੇ ਪਰ ਅਸੀਂ ਨਹੀਂ ਕੀਤੇ। ਕਾਂਸਟੇਬਲ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਇਸ ਸਬੰਧੀ ਲੜਕੀ ਨੂੰ ਵੀ ਬੁਲਾਇਆ ਜਾਵੇ ਅਤੇ ਜੋ ਕੈਨੇਡਾ ਵਿਚ ਬੈਠ ਕੇ ਧਮਕੀਆਂ ਦੇ ਰਿਹਾ ਹੈ ਉਸ ਨੂੰ ਵੀ ਬੁਲਾਇਆ ਜਾਵੇ ਅਤੇ ਉਸ ਦੇ ਬਿਆਨ ਵੀ ਲਏ ਜਾਣ। ਪੀੜਤ ਦੀ ਮਾਂ ਨੇ ਕਿਹਾ ਕਿ ਇਕ ਮੌਜੂਦਾ ਐੱਸ. ਪੀ. ਵੱਲੋਂ ਵੀ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ।

ਕੀ ਕਹਿਣੈ ਐੱਸ. ਪੀ. ਹੈੱਡਕੁਆਰਟਰ ਅਤੇ ਐੱਸ. ਪੀ. (ਡੀ.) ਦਾ
ਜਦੋਂ ਇਸ ਸਬੰਧੀ ਮੋਗਾ ਦੇ ਐੱਸ. ਪੀ. ਹੈੱਡਕੁਆਰਟਰ ਰਤਨ ਸਿੰਘ ਬਰਾੜ ਅਤੇ ਐੱਸ. ਪੀ. (ਡੀ) ਹਰਿੰਦਰ ਪਾਲ ਸਿੰਘ ਪਰਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਦੋਸ਼ ਕਾਂਸਟੇਬਲ ਪੁਲਸ 'ਤੇ ਲਾ ਰਿਹਾ ਹੈ ਉਹ ਸਰਾਸਰ ਝੂਠ ਹਨ। ਐੱਸ. ਪੀ. (ਡੀ.) ਨੇ ਕਿਹਾ ਕਿ ਜਦੋਂ ਪੁਲਸ ਦੋਸ਼ੀ ਕਾਂਸਟੇਬਲ ਨੂੰ ਗ੍ਰਿਫਤਾਰ ਕਰਨ ਗਈ ਸੀ ਤਾਂ ਉਸ ਵਕਤ ਕਾਂਸਟੇਬਲ ਦੇ ਪਰਿਵਾਰ ਵੱਲੋਂ ਪੁਲਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਗਿਆ ਸੀ ਅਤੇ ਉਸ ਵਕਤ ਲੇਡੀਜ਼ ਕਾਂਸਟੇਬਲ ਪੁਲਸ ਪਾਰਟੀ ਦੇ ਨਾਲ ਸੀ ਪਰ ਆਪਣੇ ਬਚਾਅ ਲਈ ਉਹ ਪਿੱਛੇ ਹਟ ਗਈ ਹੋਵੇਗੀ। ਜੇਕਰ ਦੋਸ਼ੀ ਕਾਂਸਟੇਬਲ ਠੀਕ ਹੈ ਤਾਂ ਉਹ ਸਾਹਮਣੇ ਆਏ ਅਤੇ ਜ਼ਿਲਾ ਪੁਲਸ ਮੁਖੀ ਦੇ ਅੱਗੇ ਪੇਸ਼ ਹੋ ਕੇ ਸਭ-ਕੁੱਝ ਦੱਸੇ। ਐੱਸ. ਪੀ. (ਐੱਚ) ਨੇ ਦੱਸਿਆ ਕਿ ਰਿਕਾਰਡ ਕੀਤੀ ਗਈ ਕਾਲ ਦੀ ਕੋਈ ਮਾਨਤਾ ਨਹੀਂ ਹੁੰਦੀ ਅਤੇ ਡੀ. ਏ. ਲੀਗਲ ਦੀ ਰਾਏ ਲੈ ਕੇ ਹੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਕਾਂਸਟੇਬਲ ਆਪਣਾ ਪੱਖ ਰੱਖੇ ਅਤੇ ਇਸ 'ਤੇ ਪੁਲਸ ਵੀ ਨਿਰਪੱਖ ਕਾਰਵਾਈ ਕਰੇਗੀ।


Shyna

Content Editor

Related News