ਪੁਲਸ ਅਫਸਰਾਂ ਦੇ ਭ੍ਰਿਸ਼ਟਾਚਾਰ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪਣ ਦੀ ਮੰਗ

11/30/2019 11:14:02 AM

ਪਟਿਆਲਾ (ਰਾਜੇਸ਼ ਪੰਜੋਲਾ): ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲੇ ਦੀ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਕਾਂਗਰਸੀ ਵਿਧਾਇਕਾਂ ਦੇ ਫੁੱਟੇ ਲਾਵੇ ਦਾ ਅਸਰ ਘੱਟ ਹੁੰਦਾ ਦਿਖਾਈ ਨਹੀਂ ਦੇ ਰਿਹਾ। ਮੀਡੀਆ ਵਿਚ ਖਬਰਾਂ ਆਈਆਂ ਸਨ ਕਿ ਵਿਧਾਇਕਾਂ ਦੇ ਅਸੰਤੋਸ਼ ਨੂੰ ਖਤਮ ਕਰਨ ਲਈ ਪਟਿਆਲਾ ਦੀ ਐੱਮ. ਪੀ. ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਧਰਮ-ਪਤਨੀ ਮਹਾਰਾਣੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਕਮੇਟੀ ਗਠਿਤ ਹੋ ਗਈ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲੇ ਦੇ 4 ਕਾਂਗਰਸੀ ਵਿਧਾਇਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਨੀਤ ਕੌਰ ਦੀ ਅਗਵਾਈ ਹੇਠ ਕੋਈ ਕਮੇਟੀ ਨਹੀਂ ਬਣੀ। ਉਹ ਕਾਂਗਰਸ ਪਾਰਟੀ ਦੇ ਵਿਧਾਇਕ ਹਨ। ਸੂਬਾ ਕਾਂਗਰਸ ਪ੍ਰਧਾਨ ਨਾਲ ਹੀ ਉਹ ਇਸ ਮਾਮਲੇ 'ਤੇ ਗੱਲ ਕਰਨਗੇ।

ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜੋ ਮੁੱਦੇ ਅਤੇ ਅਫਸਰਾਂ ਦੇ ਭ੍ਰਿਸ਼ਟਾਚਾਰ ਕਰਨ ਦੀ ਗੱਲ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਵਿਚ ਕਹੀ ਸੀ, ਉਹ ਸੱਚ ਸਾਬਤ ਹੋ ਰਹੀ ਹੈ। ਘਨੌਰ ਹਲਕੇ ਵਿਚ ਪੈਂਦੇ ਖੇੜੀ ਗੰਡਿਆਂ ਦੇ ਐੱਸ. ਐੱਚ. ਓ. ਸਮੇਤ ਹੋਰ ਪੁਲਸ ਅਫਸਰ ਸਸਪੈਂਡ ਕਰ ਦਿੱਤੇ ਗਏ ਹਨ। ਅੱਜ ਸੀ. ਆਈ. ਏ. ਸਟਾਫ ਸਮਾਣਾ ਦੇ ਸਾਬਕਾ ਇੰਸਪੈਕਟਰ ਵਿਜੇ ਕੁਮਾਰ 'ਤੇ ਭ੍ਰਿਸ਼ਟਾਚਾਰ ਐਕਟ ਤਹਿਤ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ। ਪਟਿਆਲਾ ਦੇ ਐੱਸ. ਡੀ. ਐੱਮ. ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਰਾਜਪੁਰਾ ਦੇ ਪੁਲਸ ਇੰਸਪੈਕਟਰ ਵੱਲੋਂ ਨਸ਼ੇ ਦੇ ਸੌਦਾਗਰਾਂ 'ਤੇ ਬਿਨਾਂ ਕਾਰਵਾਈ ਕੀਤੇ ਉਨ੍ਹਾਂ ਨੂੰ ਛੱਡਣ ਦੇ ਮਾਮਲੇ ਵਿਚ ਇੰਸਪੈਕਟਰ ਅਤੇ ਹੋਰ ਪੁਲਸ ਅਫਸਰਾਂ ਖਿਲਾਫ ਪਰਚਾ ਦਰਜ ਹੋ ਚੁੱਕਾ ਹੈ।

ਚਾਰੇ ਵਿਧਾਇਕਾਂ ਨੇ ਕਿਹਾ ਕਿ ਉਹ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਉਹ ਮੰਗ ਕਰਦੇ ਹਨ ਕਿ ਪੁਲਸ ਅਫਸਰਾਂ ਦੇ ਭ੍ਰਿਸ਼ਟਾਚਾਰ ਦੀ ਸਹੀ ਤਰੀਕੇ ਨਾਲ ਜਾਂਚ ਕਰਨ ਲਈ ਪੰਜਾਬ ਦੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਜਾਏ ਤਾਂ ਜੋ ਸਚਾਈ ਸਭ ਦੇ ਸਾਹਮਣੇ ਆ ਸਕੇ।ਉਨ੍ਹਾਂ ਕਿਹਾ ਕਿ ਸਮਾਣਾ ਸੀ. ਆਈ. ਏ. ਦੇ ਸਾਬਕਾ ਇੰਚਾਰਜ ਇੰਸ. ਵਿਜੇ ਕੁਮਾਰ 'ਤੇ ਰਿਸ਼ਵਤ ਲੈਣ ਦਾ ਜੋ ਪਰਚਾ ਦਰਜ ਹੋਇਆ ਹੈ, ਉਹ ਕਿਸੇ ਹੋਰ ਜ਼ਿਲੇ ਨਾਲ ਸਬੰਧਤ ਕੇਸ ਹੈ ਪਰ ਜੋ ਲੁੱਟ ਉਸ ਨੇ ਸਮਾਣਾ ਵਿਖੇ ਮਚਾਈ ਹੈ, ਉਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ।ਵਿਧਾਇਕਾਂ ਨੇ ਕਿਹਾ ਕਿ ਪੰਜਾਬ ਵਿਚ ਪੁਲਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਬੇਲਗਾਮ ਹੋ ਚੁੱਕਾ ਹੈ। ਉਨ੍ਹਾਂ ਦੀ ਲੜਾਈ ਬਿਊਰੋਕ੍ਰੇਸੀ ਖਿਲਾਫ ਹੈ। ਪੰਜਾਬ ਵਿਚ ਇਹ ਮੈਸੇਜ ਜਾ ਰਿਹਾ ਹੈ ਕਿ ਪੰਜਾਬ ਦੇ ਪੋਲੀਟੀਕਲ ਸਿਸਟਮ 'ਤੇ ਬਿਊਰੋਕ੍ਰੇਸੀ ਹਾਵੀ ਹੋ ਗਈ ਹੈ। ਇਸ ਕਾਰਣ ਕਾਂਗਰਸ ਦਾ ਵਰਕਰ ਨਿਰਾਸ਼ ਹੈ। ਇਸ ਨਿਰਾਸ਼ਾ ਨੂੰ ਦੂਰ ਕਰਨ ਲਈ ਉਨ੍ਹਾਂ ਇਹ ਅਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਦੇ ਰਵੱਈਏ ਤੋਂ ਦੁਖੀ ਪੰਜਾਬ ਦੇ 40 ਤੋਂ ਵੱਧ ਵਿਧਾਇਕਾਂ ਅਤੇ ਸਰਕਾਰ ਦੇ ਮੰਤਰੀਆਂ ਤੱਕ ਦੇ ਉਨ੍ਹਾਂ ਨੂੰ ਫੋਨ ਆ ਚੁੱਕੇ ਹਨ ਕਿ ਉਨ੍ਹਾਂ ਦੀ ਲੜਾਈ ਬਿਲਕੁਲ ਸਹੀ ਹੈ। ਇਸ ਲੜਾਈ ਵਿਚ ਪੂਰਾ ਪੰਜਾਬ ਇਨ੍ਹਾਂ ਵਿਧਾਇਕਾਂ ਨਾਲ ਹੈ।

ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਦੇ ਓ. ਐੱਸ. ਡੀ. ਵੀ ਵਿਧਾਇਕਾਂ ਦੇ ਹਲਕਿਆਂ ਵਿਚ ਦਖਲਅੰਦਾਜ਼ੀ ਕਰ ਰਹੇ ਹਨ। ਓ. ਐੱਸ. ਡੀ. ਇਕ ਕਲਰਕ ਵਾਂਗ ਹੁੰਦਾ ਹੈ ਪਰ ਉਸ ਨੂੰ ਪਾਵਰ ਵਿਧਾਇਕਾਂ ਤੋਂ ਉੱਪਰ ਦਿੱਤੀ ਗਈ ਹੈ। ਇਸ ਤੋਂ ਵੀ ਵਿਧਾਇਕ ਦੁਖੀ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਕੋਈ ਸੰਦੇਸ਼ ਨਹੀਂ ਆਇਆ। ਨਾ ਹੀ ਇਸ ਮਾਮਲੇ 'ਤੇ ਮੁੱਖ ਮੰਤਰੀ ਨਾਲ ਕੋਈ ਗੱਲ ਹੋਈ ਹੈ। ਜੇਕਰ ਮੁੱਖ ਮੰਤਰੀ ਬੁਲਾਉਣਗੇ ਤਾਂ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਪੂਰੀ ਸਥਿਤੀ ਦੱਸਣਗੇ। ਵਿਧਾਇਕਾਂ ਨੇ ਸਪੱਸ਼ਟ ਕੀਤਾ ਕਿ ਉਹ ਕੈ. ਅਮਰਿੰਦਰ ਸਿੰਘ ਦੇ ਨਾਲ ਹਨ। ਉਨ੍ਹਾਂ ਦੇ ਖੂਨ ਦਾ ਕਤਰਾ-ਕਤਰਾ ਕੈ. ਅਮਰਿੰਦਰ ਸਿੰਘ ਦੇ ਨਾਲ ਹੈ ਪਰ ਜਿਹੜੀ ਬਿਊਰੋਕ੍ਰੇਸੀ ਉਨ੍ਹਾਂ ਤੱਕ ਸਹੀ ਗੱਲ ਨਹੀਂ ਪਹੁੰਚਣ ਦੇ ਰਹੀ, ਉਸ ਨੂੰ ਸਬਕ ਸਿਖਾ ਕੇ ਹੀ ਉਹ ਦਮ ਲੈਣਗੇ। ਇਹ ਸੰਘਰਸ਼ ਉਨ੍ਹਾਂ ਦਾ ਜਾਰੀ ਰਹੇਗਾ। ਬੇਸ਼ੱਕ ਕੁਝ ਪੁਲਸ ਅਫਸਰਾਂ 'ਤੇ ਕਾਰਵਾਈ ਹੋਈ ਹੈ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ। ਐੱਸ. ਆਈ. ਟੀ. ਬਣਨ ਤੋਂ ਬਾਅਦ ਵੱਡੇ-ਵੱਡੇ ਮਾਮਲੇ ਸਾਹਮਣੇ ਆਉਣਗੇ ਕਿ ਕਿਸ ਤਰ੍ਹਾਂ ਪੰਜਾਬ ਦੀ ਬਿਊਰੋਕ੍ਰੇਸੀ ਅਤੇ ਪੁਲਸ ਲੋਕਾਂ ਨੂੰ ਦੋਹਾਂ ਹੱਥਾਂ ਨਾਲ ਲੁੱਟ ਰਹੀ ਹੈ। ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਪੰਜਾਬ ਦੇ ਲੋਕ 2002 ਵਾਲੀ ਕੈਪਟਨ ਸਰਕਾਰ ਦੇਖਣਾ ਚਾਹੁੰਦੇ ਹਨ, ਜਦੋਂ ਵਰਕਰਾਂ ਨੂੰ ਪੂਰਾ ਮਾਣ-ਸਨਮਾਨ ਮਿਲਦਾ ਸੀ।

Shyna

This news is Content Editor Shyna