ਬੈਂਕਾਂ ’ਚੋਂ ਧੋਖਾਧੜੀ ਨਾਲ ਚੈੱਕ ਖਿਸਕਾ ਕੇ ਆਪਣੇ ਖਾਤੇ ’ਚ ਟਰਾਂਸਫਰ ਕਰਨ ਵਾਲੇ ਗਿਰੋਹ ਦਾ ਪੁਲਸ ਨੇ ਕੀਤਾ ਪਰਦਾਫਾਸ਼

01/27/2022 3:54:57 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਚਾਰ ਅਜਿਹੇ ਵਿਅਕਤੀਆਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਬੈਂਕਾਂ ਵਿੱਚੋਂ ਧੋਖਾਧੜੀ ਨਾਲ ਚੈੱਕ ਖਿਸਕਾ ਕੇ ਉਨ੍ਹਾਂ ’ਤੇ ਲਿਖੇ ਨਾਮ ਅਤੇ ਖਾਤਾ ਨੰਬਰ ਅਰੇਂਜਰ ਪੈਨਸਲ ਨਾਲ ਮਿਟਾ ਕੇ ਫਿਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਨਾਲ ਸਬੰਧਤ ਖਾਤੇ ਵਿਚ ਟਰਾਂਸਫਰ ਕਰਵਾ ਲੈਂਦੇ ਸਨ।  ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਸ.ਪੀ.ਡੀ ਮੋਹਨ ਲਾਲ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਇੰਚਾਰਜ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਐੱਸ ਆਈ. ਗੁਰਤੇਜ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਹ ਚਾਰ ਵਿਅਕਤੀਆਂ ਅਰੁਨ ਕੁਮਾਰ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ, ਮੋਹਿਤ ਅਰੋੜਾ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ, ਚੇਤਨ ਕੁਮਾਰ ਵਾਸੀ ਜੰਮੂ, ਦੀਪਕ ਠਾਕੁਰ ਵਾਸੀ ਜੰਮੂ ਇਕ ਗੈਂਗ ਦੇ ਰੂਪ ਵਿੱਚ ਕੰਮ ਕਰਦੇ ਸਨ। 

ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਵੱਡਾ ਦਾਅਵਾ, ਮੁੜ ਬਹੁਮਤ ਨਾਲ ਸੱਤਾ 'ਚ ਆਵੇਗੀ ਕਾਂਗਰਸ

ਇਨ੍ਹਾਂ ਵਿੱਚੋਂ ਇੱਕ ਵਿਅਕਤੀ ਬੈਂਕ ’ਚ ਜਾ ਕੇ ਇਹ ਜਾਣਕਾਰੀ ਲੈਂਦਾ ਸੀ ਕਿ ਕਿਸ-ਕਿਸ ਵਿਅਕਤੀ ਦੇ ਚੈੱਕ ਕਿਸ-ਕਿਸ ਨਾਮ ’ਤੇ ਕੈਸ਼ ਹੋਣ ਲਈ ਆਏ ਹਨ। ਫਿਰ ਇਕ ਵਿਅਕਤੀ ਜਿਸ ਫਰਮ ਦਾ ਚੈੱਕ ਆਇਆ ਹੁੰਦਾ ਖੁਦ ਨੂੰ ਉਸ ਨਾਲ ਸਬੰਧਿਤ ਦਸ ਚੈੱਕ ਵਾਪਿਸ ਲੈਣ ਚਲਾ ਜਾਂਦਾ। ਉਹ ਚੈੱਕ ਪ੍ਰਾਪਤ ਕਰ ਕੇ ਉਸ ਚੈੱਕ ਤੋਂ ਅਰੇਂਜਰ ਪੈਨਸਲ ਨਾਲ ਨਾਮ ਅਤੇ ਖਾਤਾ ਨੰਬਰ ਮਿਟਾ ਦਿੱਤਾ ਜਾਂਦਾ ਸੀ। ਫਿਰ ਉਸ ਚੈਕ ’ਤੇ ਆਪਣੇ ਨਾਲ ਸਬੰਧਤ ਕੋਈ ਨਾਮ ਅਤੇ ਖਾਤਾ ਨੰਬਰ ਪਾ ਕੇ ਉਹ ਚੈੱਕ ਦੀ ਰਕਮ ਆਪਣੇ ਖਾਤੇ ’ਚ ਟਰਾਂਸਫਰ ਕਰਵਾ ਲਈ ਜਾਂਦੀ ਸੀ। ਇਸ ਤਰ੍ਹਾਂ ਇਨ੍ਹਾਂ ਨੇ ਹੁਣ ਤੱਕ ਕਰੀਬ ਪੰਜਾਹ ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ ।

ਇਹ  ਵੀ ਪੜ੍ਹੋ : ਮੋਗਾ ਤੋਂ ਭਾਜਪਾ ਵਲੋਂ ਉਮੀਦਵਾਰ ਹੋਣਗੇ ਹਰਜੋਤ ਕਮਲ ਮਾਲਵਿਕਾ ਸੂਦ ਨਾਲ ਹੋਵੇਗੀ ਤਿੱਖੀ ਟੱਕਰ

ਇਸ ਸਬੰਧ ਵਿਚ ਜਦ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਜਾਣਕਾਰੀ ਮਿਲੀ ਤਾਂ ਇੱਕ ਮਾਮਲਾ ਦਰਜ ਕਰ ਕੇ ਇਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕੀਤਾ ਗਿਆ। ਪੁਲਸ ਨੇ ਇਨ੍ਹਾਂ ਤੋਂ ਕੁਝ ਫਰਮਾਂ ਦੇ ਮਿਟਾਏ ਹੋਏ ਚੈੱਕ ਵੀ ਬਰਾਮਦ ਕੀਤੇ ਹਨ ਅਤੇ ਚੈੱਕਾਂ ਤੋਂ ਨੰਬਰ ਮਿਟਾਉਣ ਲਈ ਵਰਤੀ ਜਾਂਦੀ ਪੈਨਸਲ ਵੀ ਬਰਾਮਦ ਕੀਤੀ ਹੈ । ਫਿਲਹਾਲ ਪੁਲਸ ਨੇ ਇਨ੍ਹਾਂ ਚਾਰਾਂ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਇਨ੍ਹਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha