ਜ਼ਿਲਾ ਪੁਲਸ ਮੁਖੀ ਦੇ ਚਾਰਜ ਸੰਭਾਲਦੇ ਹੀ ਬਦਲੀ-ਬਦਲੀ ਨਜ਼ਰ ਆਈ ਜ਼ਿਲਾ ਪੁਲਸ

02/18/2020 5:42:19 PM

ਬਰਨਾਲਾ (ਵਿਵੇਕ ਸਿੰਧਵਾਨੀ) : ਨਵੇਂ ਜ਼ਿਲਾ ਪੁਲਸ ਮੁਖੀ ਸ਼੍ਰੀ ਸੰਦੀਪ ਗੋਇਲ ਵਲੋਂ ਚਾਰਜ ਸੰਭਾਲੇ ਜਾਣ ਤੋਂ ਤੁਰੰਤ ਬਾਅਦ ਹੀ ਜ਼ਿਲਾ ਪੁਲਸ ਬਦਲੀ ਬਦਲੀ ਨਜ਼ਰ ਆਈ। ਅੱਜ ਸ਼ਹਿਰ 'ਚ ਥਾਂ-ਥਾਂ 'ਤੇ ਨਾਕੇ ਲੱਗੇ ਹੋਏ ਸਨ ਤੇ ਪੁਲਸ ਵਲੋਂ ਦੋ ਪਹੀਆ ਵਹੀਕਲਾਂ ਦੀ ਜਾਂਚ ਕੀਤੀ ਜਾ ਰਹੀ ਸੀ। ਪੁਲਸ ਅੱਜ ਪੂਰੀ ਤਰ੍ਹਾਂ ਨਾਲ ਮੁਸਤੈਦ ਵੀ ਨਜ਼ਰ ਆ ਰਹੀ ਸੀ। ਜ਼ਿਲਾ ਪੁਲਸ ਮੁਖੀ ਸ਼੍ਰੀ ਗੋਇਲ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ 'ਚ ਐਲਾਨ ਕੀਤਾ ਸੀ ਕਿ ਬਿਨਾਂ ਨੰਬਰ ਦੇ ਦੋ ਪਹੀਆ ਵਹੀਕਲ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਦੋ ਪਹੀਆ ਵਹੀਕਲਾਂ ਦੀ ਨੰਬਰ ਪਲੇਟ 'ਤੇ ਸਿਰਫ ਨੰਬਰ ਹੀ ਲਿਖੇ ਹੋਣ ਤੇ ਨੰਬਰ ਲਿਖਣ ਦਾ ਜੋ ਸਾਇਜ਼ ਮਹਿਕਮੇ ਵਲੋਂ ਜਾਰੀ ਕੀਤਾ ਹੋਇਆ ਹੈ ਉਸੇ ਪੈਟਰਨ 'ਤੇ ਨੰਬਰ ਲਿਖੇ ਹੋਣੇ ਚਾਹੀਦੇ ਹਨ ਨਹੀ ਤਾਂ ਦੋ ਪਹੀਆ ਵਹੀਕਲਾਂ ਦਾ ਚਲਾਨ ਕੱਟਿਆ ਜਾਵੇਗਾ। ਉਨ੍ਹਾਂ ਕਿਹਾ 20 ਫਰਵਰੀ ਤਕ ਦਾ ਸਮਾਂ ਦੇ ਕੇ 21 ਫਰਵਰੀ ਨੂੰ ਸਮੂਚੇ ਜ਼ਿਲੇ ਵਿਚ ਨਾਕਾਬੰਦੀ ਕਰਕੇ ਅਜਿਹੇ ਦੋ ਪਹੀਆ ਵਹੀਕਲਾਂ ਦੀ ਜਾਂਚ ਕੀਤੀ ਜਾਵੇਗੀ ਤੇ ਜੋ ਵਹੀਕਲ ਨਿਯਮ ਪੂਰੇ ਨਹੀ ਕਰਦੇ ਹੋਣਗੇ। ਉਨ੍ਹਾਂ ਨੂੰ ਇਮਪਾਉਂਡ ਵੀ ਕੀਤਾ ਜਾਵੇਗਾ। ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨੋਟਿਸ ਵਿਚ ਆਇਆ ਹੈ ਕਿ ਸ਼ਹਿਰ ਵਿਚ ਕੁਝ ਦੁਕਾਨਾਂ ਦੇ ਬਾਹਰ ਕਾਰ 'ਚ ਵਿਹਸਕੀ ਤੇ ਖਾਣ-ਪੀਣ ਦਾ ਸਾਮਾਨ ਵਰਤਾਇਆ ਜਾਂਦਾ ਹੈ। ਉਨ੍ਹਾਂ ਕਿਹਾ ਇਹ ਪੁਲਸ ਵਲੋਂ ਬਿਲਕੁਲ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਜੇਕਰ ਅਜੇ ਵੀ ਅਜਿਹਾ ਜਾਰੀ ਰਿਹਾ ਤਾਂ ਪੁਲਸ ਵਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਆਮ ਪਬਲਿਕ ਨੂੰ ਕੋਈ ਦਿਕਤ ਨਾ ਆਵੇ। ਉਨ੍ਹਾਂ ਕਿਹਾ ਜ਼ਿਲੇ 'ਚ ਸਮਾਜ ਵਿਰੋਧੀ ਅਨਸਰਾਂ 'ਤੇ ਨੱਥ ਪਾਉਣ ਲਈ ਉਨ੍ਹਾਂ ਨੂੰ ਪਬਲਿਕ ਦੇ ਸਹਿਯੋਗ ਦੀ ਬਹੁਤ ਲੋੜ ਹੈ ਤੇ ਮੈਨੂੰ ਉਮੀਦ ਹੈ ਕਿ ਮੈਨੂੰ ਸ਼ਹਿਰਵਾਸੀਆਂ ਦਾ ਪੂਰਾ ਸਹਿਯੋਗ ਮਿਲੇਗਾ।

ਜ਼ਿਲਾ ਪੁਲਸ ਮੁਖੀ ਵਲੋਂ ਵਿਖਾਏ ਤਿੱਖੇ ਤੇਵਰਾਂ ਤੋਂ ਬਾਅਦ ਅੱਜ ਹੀ ਪੁਲਸ ਮੁਸਤੈਦ ਨਜ਼ਰ ਆਈ। ਥਾਣਾ ਸਿਟੀ ਦੇ ਇੰਚਾਰਜ ਜਗਜੀਤ ਸਿੰਘ ਵਲੋਂ ਸਥਾਨਕ ਜੋੜੇ ਪੰਪਾਂ ਦੇ ਬਾਹਰ ਖੁਦ ਨਾਕਾ ਲਾ ਕੇ ਦੋ ਪਹੀਆ ਵਹੀਕਲਾਂ ਦੀ ਜਾਂਚ ਕੀਤੀ ਗਈ ਤੇ ਜਿਨ੍ਹਾਂ ਦੀਆਂ ਨੰਬਰ ਪਲੇਟਾਂ 'ਤੇ ਨੰਬਰਾਂ ਤੋਂ ਇਲਾਵਾ ਕੁਝ ਹੋਰ ਲਿਖਿਆ ਹੋਇਆ ਸੀ,ਨੂੰ ਉਤਰਵਾਇਆ ਗਿਆ। ਇਸ ਮੌਕੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਨੇ ਕਿਹਾ ਕਿ ਅੱਜ ਸਾਡੇ ਵਲੋਂ 6 ਚਲਾਨ ਕੀਤੇ ਗਏ ਹਨ ਤੇ ਦੋ ਮੋਟਰਸਾਇਕਲ ਇੰਮਪਾਉਂਡ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਪੁਲਸ ਵਲੋਂ ਜਾਰੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।


Shyna

Content Editor

Related News