ਮਾਮਲਾ ਹਥਿਆਰਬੰਦ ਲੁਟੇਰਿਆਂ ਵਲੋਂ ਫਾਈਰਿੰਗ ਦਾ : ਪੁਲਸ ਨੇ ਹਥਿਆਰਾਂ ਤੇ ਸਕਾਰਪੀਓ ਸਣੇ 4 ਲੁਟੇਰਿਆਂ ਨੂੰ ਕੀਤਾ ਕਾਬੂ

04/24/2022 4:57:01 PM

ਫਿਰੋਜ਼ਪੁਰ (ਕੁਮਾਰ) : ਬੀਤੀ ਦੇਰ ਰਾਤ ਹਾਊਸਿੰਗ ਬੋਰਡ ਕਲੋਨੀ ਫਿਰੋਜ਼ਪੁਰ ਸ਼ਹਿਰ ’ਚ ਸਕਾਰਪੀਓ ਗੱਡੀ ’ਤੇ ਆਏ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਵੱਲੋਂ ਸੁਰੇਸ਼ ਕੁਮਾਰ ਦੇ ਘਰ ’ਤੇ ਫਾਇਰਿੰਗ ਕਰਨ ਦੇ ਮਾਮਲੇ ’ਚ ਸੀ.ਆਈ.ਏ ਸਟਾਫ਼ ਅਤੇ ਥਾਣਾ ਸਿਟੀ ਦੀਆਂ ਪੁਲਿਸ ਵੱਲੋਂ ਗਠਿਤ ਕੀਤੀਆਂ ਟੀਮਾਂ ਨੇ ਸ਼ਿਸ਼ੂ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਸਕਾਰਪੀਓ ਕਾਰ, ਇੱਕ 315 ਬੋਰ ਦਾ ਦੇਸੀ ਕੱਟਾ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੁਰੇਸ਼ ਕੁਮਾਰ ਦੇ ਘਰ ਗੋਲੀ ਚਲਾਉਣ ਦੇ ਮਾਮਲੇ ਦੇ ਸਬੰਧ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਐੱਸ.ਪੀ ਮਨਮਿੰਦਰ ਸਿੰਘ, ਡੀ.ਐੱਸ.ਪੀ ਜਗਦੀਸ਼ ਕੁਮਾਰ, ਡੀ.ਐੱਸ.ਪੀ ਸਤਵਿੰਦਰ ਸਿੰਘ ਵਿਰਕ ਅਤੇ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ ਇੰਸਪੈਕਟਰ ਗੁਰਪ੍ਰੀਤ ਸਿੰਘ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅਤੇ ਇਨ੍ਹਾਂ ਟੀਮਾਂ ਨੂੰ ਪਤਾ ਲੱਗਾ ਕਿ ਫਾਇਰਿੰਗ ਕਰਨ ਦੀ ਘਟਨਾ ਨੂੰ ਸ਼ਿਸ਼ੂ ਨਾਮ ਦੇ ਗੈਂਗਸਟਰ ਗਰੁੱਪ ਨੇ ਅੰਜਾਮ ਦਿੱਤਾ ਹੈ, ਜਿਸਦਾ ਸਰਗਨਾ ਜਗਸੀਰ ਸਿੰਘ ਉਰਫ ਸ਼ਿਸ਼ੂ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਸ਼ੇਰ ਖਾਂ ਹੈ।

ਇਹ ਵੀ ਪੜ੍ਹੋ : ਐਕਸ਼ਨ 'ਚ ਸਿੱਖਿਆ ਮੰਤਰੀ ਮੀਤ ਹੇਅਰ, 720 ਨਿੱਜੀ ਸਕੂਲਾਂ ਖ਼ਿਲਾਫ਼ ਜਾਂਚ ਦੇ ਹੁਕਮ

ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਪੁਲਸ ਵੱਲੋਂ ਗਠਿਤ ਟੀਮਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਖਤ ਮਿਹਨਤ ਕਰਦੇ ਹੋਏ ਪਵੇਲੀਅਨ ਮਾਲ ਲੁਧਿਆਣਾ ਤੋਂ ਸ਼ਿਸ਼ੂ ਗਿਰੋਹ ਦੇ ਸਰਗਨਾ ਜਗਸੀਰ ਸਿੰਘ, ਅਜੇ ਉਰਫ ਝੰਡੂ ਪੁੱਤਰ ਸੋਹਣ ਲਾਲ ਵਾਸੀ ਪਿੰਡ ਲੇਲੀ ਵਾਲਾ, ਕੁਲਦੀਪ ਸਿੰਘ ਉਰਫ਼ ਮਾਸ਼ੂ ਪੁੱਤਰ ਭਾਗ ਸਿੰਘ ਵਾਸੀ ਸਨੇਰ ਰੋਡ ਜ਼ੀਰਾ, ਜਗਜੀਤ ਸਿੰਘ ਉਰਫ਼ ਸੋਨੂੰ ਪੁੱਤਰ ਕਿੱਕਰ ਸਿੰਘ ਵਾਸੀ ਪਿੰਡ ਪੀਰ ਮੁਹੰਮਦ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਤੋਂ ਫਾਇਰਿੰਗ ਦੀ ਘਟਨਾ ਵਿੱਚ ਵਰਤੀ ਸਕਾਰਪੀਓ ਗੱਡੀ ਨੰਬਰ ਪੀ.ਬੀ 03 ਕਿਊ 6992 ਬਰਾਮਦ ਕਰ ਲਈ ਗਈ ਹੈ। ਐੱਸ.ਐੱਸ.ਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੈਂਗਸਟਰ ਸ਼ਿਸ਼ੂ ਨੇ ਪੁਲਸ ਕੋਲ ਮੰਨਿਆ ਕਿ ਉਸ ਨੇ ਹਾਊਸਿੰਗ ਬੋਰਡ ਕਲੋਨੀ ਵਿੱਚ ਆਪਣੇ ਸਾਥੀਆਂ ਨਾਲ ਗੋਲੀਆਂ ਚਲਾਈਆਂ ਸਨ ਅਤੇ ਉਸ ਨੇ ਖੰਡਰ ਵੱਡੀ ਇਮਾਰਤ ਵਿੱਚੋਂ ਇੱਕ ਪਿਸਤੌਲ ਬਰਾਮਦ ਕਰਵਾਇਆ  ਅਤੇ ਅਜੈ ਝੰਡੂ ਕੋਲੋਂ ਇੱਕ 315 ਬੋਰ ਦਾ ਦੇਸੀ ਕੱਟਾ ਬਰਾਮਦ ਹੋਇਆ।  

ਇਹ ਵੀ ਪੜ੍ਹੋ : ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼

ਫੜੇ ਗਏ ਗਿਰੋਹ ਦੇ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਗਿਰੋਹ ਦੇ ਜੇਲ ਵਿੱਚ ਬੰਦ ਸਾਥੀਆਂ ਨਾਲ ਮਾਰਕੁੱਟ ਕੀਤੀ ਗਈ ਸੀ, ਜਿਸ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਦੂਜੇ ਗਿਰੋਹ ਦੇ ਇਕ ਸਾਥੀ ਦੇ ਘਰ ਡਰਾਉਣ-ਧਮਕਾਉਣ ਲਈ ਹਮਲਾ ਕਰਨਾ ਸੀ, ਪਰ ਗਲਤੀ ਨਾਲ ਸੁਰੇਸ਼ ਕੁਮਾਰ ਦੇ ਘਰ ਚਲੇ ਗਏ ਅਤੇ ਉਨ੍ਹਾਂ ਨੇ ਉੱਥੇ ਗੋਲੀਆਂ ਚਲਾ ਦਿੱਤੀਆਂ।  ਪੁੱਛਗਿੱਛ ਦੌਰਾਨ ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਇਸ ਵਾਰਦਾਤ ਸਮੇਂ ਉਨ੍ਹਾਂ ਨੇ ਜੋ 315 ਬੋਰ ਦੀ ਰਾਈਫ਼ਲ ਵਰਤੀ ਸੀ, ਉਹ ਲਾਡੀ ਸ਼ੂਟਰ ਕੋਲੋਂ ਲਈ ਸੀ ਅਤੇ ਗੋਲੀ ਚਲਾਉਣ ਤੋਂ ਬਾਅਦ ਉਸ ਨੇ ਲਾਡੀ ਸ਼ੂਟਰ ਨੂੰ ਰਾਈਫ਼ਲ ਵਾਪਸ ਕਰ ਦਿੱਤੀ ਸੀ ਅਤੇ ਦੇਸੀ ਕੱਟਾ ਅਤੇ ਇੱਕ 30 ਬੋਰ ਦਾ ਪਿਸਤੌਲ ਉਹ ਯੂਪੀ ਤੋਂ ਲੈ ਕੇ ਆਏ ਸਨ। ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਗਿਰੋਹ ਦੇ ਦੋ ਹੋਰ ਸਾਥੀਆਂ ਲਾਡੀ ਸ਼ੂਟਰ ਵਾਸੀ ਪਿੰਡ ਲੇਲੀ ਵਾਲਾ ਅਤੇ ਮਨਪ੍ਰੀਤ ਉਰਫ਼ ਸੋਨੂੰ ਪੁੱਤਰ ਬਿੱਟੂ ਵਾਸੀ ਰੁਕਨਾ ਸੁਹਾਣਾ ਦੀ ਵੀ ਪਹਿਚਾਣ ਹੋ ਚੁੱਕੀ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਜਗਸੀਰ ਸਿੰਘ ਉਰਫ਼ ਸ਼ਿਸ਼ੂ ਖ਼ਿਲਾਫ਼ ਥਾਣਾ ਕੁਲਗੜ੍ਹੀ, ਗੁਰੂਹਰਸਹਾਏ ਅਤੇ ਸਿਟੀ ਫਿਰੋਜ਼ਪੁਰ ਵਿੱਚ ਕਾਤਲਾਨਾ ਹਮਲਾ, ਅਗਵਾਹ ਤੇ ਲੜਾਈ ਝਗੜਾ ਕਰਨ ਆਦਿ ਦੋਸ਼ਾਂ ਵਿੱਚ 8 ਕੇਸ ਚੱਲ ਰਹੇ ਹਨ ਅਤੇ ਅਜੇ ਉਰਫ਼ ਝੰਡੂ ਖ਼ਿਲਾਫ਼ ਥਾਣਾ ਘੱਲ ਖੁਰਦ ਅਤੇ ਥਾਣਾ ਕੁਲਗੜ੍ਹੀ ਵਿੱਚ ਕਾਤਲਾਨਾ ਹਮਲਾ ਕਰਨ ਤੇ ਲੜਾਈ ਝਗੜੇ ਕਰਨ ਆਦਿ ਦੇ ਅਤੇ ਕੁਲਦੀਪ ਸਿੰਘ ਉਰਫ਼ ਮਾਸ਼ੂ ਖ਼ਿਲਾਫ਼ ਵੀ ਮੁਕੱਦਮੇ  ਚੱਲ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News