ਮਾਸਕ ਨਾ ਪਾਉਣ ਵਾਲਿਆਂ ਨੂੰ ਪੁਲਸ ਲੈ ਰਹੀ ਹੈ ਆੜੇ ਹੱਥੀ

07/16/2020 2:11:24 AM

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਖ਼ੁਰਾਣਾ, ਸੁਖਪਾਲ)- ਕੋਵਿਡ-19 ਦਾ ਪ੍ਰਭਾਵ ਭਲੇ ਹੀ ਅਜੇ ਖਤਮ ਨਹੀਂ ਹੋਇਆ, ਪਰ ਸਰਕਾਰ ਦੀਆਂ ਹਦਾਇਤਾਂ ਪੂਰੇ ਦੇਸ਼ ਦੇ ਨਾਲ-ਨਾਲ ਸੂਬੇ ਦੇ ਹੋਰਨਾਂ ਜ਼ਿਲਿਆਂ ਵਾਂਗ ਸ੍ਰੀ ਮੁਕਤਸਰ ਸਾਹਿਬ ’ਚ ਵੀ ਸਖਤੀ ਨਾਲ ਲਾਗੂ ਹਨ। ਸਰਕਾਰੀ ਹਦਾਇਤਾਂ ਤਹਿਤ ਜ਼ਿਲਾ ਪੁਲਸ ਪ੍ਰਸ਼ਾਸਨ ਪੂਰੀ ਸਖਤੀ ਨਾਲ ਤਾਇਨਾਤੀ ’ਤੇ ਹੈ, ਪਰ ਹੁਣ ਪੁਲਸ ਦਾ ਵਿਸ਼ੇਸ਼ ਧਿਆਨ ਸਿਰਫ਼ ਮਾਸਕਾਂ ਵੱਲ ਵੀ ਲੱਗਿਆ ਹੈ। ਹਾਲਾਂਕਿ ਹੋਰਨਾਂ ਟੀਮਾਂ ਵਲੋਂ ਸਮਾਜ ਵਿਰੋਧੀ ਅਨਸਰਾਂ, ਨਸ਼ਿਆਂ ਦੇ ਤਸਕਰਾਂ ਖਿਲਾਫ ਲਗਾਤਾਰ ਅਭਿਆਨ ਜਾਰੀ ਹਨ, ਪਰ ਜ਼ਿਆਦਾਤਰ ਚੌਂਕਾਂ ’ਤੇ ਖੜ੍ਹੇ ਪੁਲਿਸ ਮੁਲਾਜ਼ਮ ਆਉਣ ਜਾਣ ਵਾਲੇ ਹਰ ਸਖਸ਼ ਦੇ ਮੂੰਹ ਵੱਲ ਪਹਿਲਾਂ ਤੱਕ ਰਹੇ ਹਨ, ਕਿਉਂਕਿ ਇਸ ਸਮੇਂ ਸਰਕਾਰ ਨੇ ਹਰ ਨਾਗਰਿਕ ਲਈ ਮਾਸਕ ਜ਼ਰੂਰੀ ਕੀਤਾ ਹੋਇਆ ਹੈ ਤੇ ਪੁਲਸ ਵਿਭਾਗ ਨੂੰ ਇਹ ਖ਼ਾਸ ਹਦਾਇਤ ਹੈ ਕਿ ਨਾਕਿਆਂ, ਗਸ਼ਤ ਦੌਰਾਨ ਡਿਊਟੀ ਕਰਦਿਆਂ ਪੁਲਸ ਮਾਸਕ ਨਾ ਲਾਉਣ ਵਾਲਿਆਂ ਨੂੰ ਆੜੇ ਹੱਥੀ ਲਵੇ। ਪੁਲਸ ਟੀਮਾਂ ਜਿੱਥੇ ਸ਼ਹਿਰ ’ਚ ਦਾਲ ਹੋਣ ਵਾਲੇ ਰਸਤਿਆਂ, ਚੌਂਕਾਂ, ਪਬਲਿਕ ਥਾਵਾਂ ’ਤੇ ਨਾਕੇ ਲਾ ਕੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟ ਰਹੀਆਂ ਹਨ , ਉੱਥੇ ਹੀ ਗਸ਼ਤ ਟੀਮਾਂ ਵੱਖ-ਵੱਖ ਇਲਾਕਿਆਂ ਦੀਆਂ ਗਲੀਆਂ, ਮੁਹੱਲਿਆਂ ’ਚ ਜਾ ਕੇ ਬਿਨ੍ਹਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਦੇ ਚਲਾਨ ਕੱਟ ਰਹੀਆਂ ਹਨ । ਦੱਸ ਦੇਈਏ ਕਿ ਸਰਕਾਰ ਨੇ ਮਾਸਕ ਨਾ ਪਾਉਣ ਵਾਲੇ ਲਈ 500, ਖੁੱਲ੍ਹੀ ਜਗ੍ਹਾ ’ਚ ਥੁੱਕਣ ਵਾਲੇ ਲਈ 500 ਅਤੇ ਘਰ ਵਿੱਚ ਕੋਆਰੰਟਾਈਨ ਨਿਯਮ ਨੂੰ ਭੰਗ ਕਰਨ ਵਾਲੇ ਖਿਲਾਫ 2000 ਰੁਪਏ ਦੇ ਜ਼ੁਰਮਾਨੇ ਦਾ ਫੈਸਲਾ ਸੁਣਾਇਆ ਸੀ।

ਕੋਰੋਨਾ ਕਾਲ ’ਚ ਵੀ ਸ਼ਰਾਰਤੀ ਅਨਸਰ ਨਹੀਂ ਆ ਰਹੇ ਹਰਕਤਾਂ ਤੋਂ ਬਾਜ਼

ਪੂਰੇ ਵਿਸ਼ਵ ਅੰਦਰ ਕੋਰੋਨਾ ਕਾਲ ਦਾ ਦੌਰ ਹੈ। ਹਰ ਵਾਰ ਦੀ ਤਰ੍ਹਾਂ ਇਸ ਸਮੇਂ ਵੀ ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਵਿਖਾਈ ਦੇ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ’ਚ ਸ਼ੁਰੂਆਤੀ ਦੌਰ ’ਤੇ ਤਬਲੀਗੀ ਜਮਾਤ ਨਾਲ ਸਬੰਧਿਤ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲੇ ’ਚ ਸਖਤੀ ਵਧੇਰੇ ਸੀ, ਪਰ ਜਿਵੇਂ ਹੀ ਕੋਰੋਨਾ ਦਾ ਅੰਕੜਾ ਸੌ ਤੋਂ ਪਾਰ ਹੋ ਗਿਆ ਹੈ ਤਾਂ ਸਖਤੀ ਜ਼ਿਆਦਾ ਸਖਤ ਨਹੀਂ ਰਹੀ ਹੈ। ਨਿਯਮਾਂ ਨੂੰ ਲਾਗੂ ਕਰਾਉਣ ਵਿਚ ਲੱਗੀਆਂ ਪੁਲਸ ਟੀਮਾਂ ਵੱਲੋਂ ਆਏ ਦਿਨ ਅਜਿਹੇ ਲੋਕਾਂ ਨੂੰ ਫੜ੍ਹਿਆ ਜਾ ਰਿਹਾ ਹੈ, ਜੋ ਕੋਰੋਨਾ ਨੂੰ ਚੰਗੀ ਤਰ੍ਹਾ ਜਾਣਦੇ ਹੋਣ ਦੇ ਬਾਵਜੂਦ ਵੀ ਮੂੰਹ ਢੱਕਣ ਤੋਂ ਗੁਰੇਜ਼ ਕਰਦੇ ਹਨ। ਅਜਿਹੇ ਲੋਕ ਜਾਣਬੁੱਝ ਕੇ ਸੜਕਾਂ ’ਤੇ ਨਿਕਲਦੇ ਹਨ, ਜਿੰਨ੍ਹਾਂ ਨੂੰ ਕਈ ਵਾਰ ਤਾਂ ਪੁਲਸ ਵਲੋਂ ਫੜ੍ਹ ਲਿਆ ਜਾਂਦਾ ਹੈ ਜਾਂ ਫਿਰ ਕਈ ਵਾਰ ਅਜਿਹੇ ਲੋਕ ਪੁਲਸ ਨਾਲ ਲੁਕਣਮੀਟੀ ਖੇਡਕੇ ਪੁਲਸ ਦੀਆਂ ਮੁਸੀਬਤਾਂ ’ਚ ਹੋਰ ਵਾਧਾ ਕਰ ਜਾਂਦੇ ਹਨ।


Bharat Thapa

Content Editor

Related News